ਜੰਗਲੀ ਸੂਰਾਂ ਨੇ ਕੀਤੀ ਕਿਸਾਨਾਂ ਦੀ ਫ਼ਸਲ ਬਰਬਾਦ
ਭੰਗਾਲਾ (ਹੁਸ਼ਿਆਰਪੁਰ), 1 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ)-ਉਪ ਮੰਡਲ ਮੁਕੇਰੀਆਂ ਦੇ ਆਸ-ਪਾਸ ਦੇ ਪਿੰਡਾਂ ਵਿਖੇ ਰਾਤ ਸਮੇਂ ਜੰਗਲੀ ਸੂਰਾਂ ਵਲੋਂ ਕਿਸਾਨਾਂ ਦੀ ਕਣਕ ਦੀ ਫ਼ਸਲ ਬਰਬਾਦ ਕਰਨ ਦੀ ਖਬਰ ਮਿਲੀ ਹੈ। ਇਸ ਮੌਕੇ ਭੰਗਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਝਾ ਸੰਘਰਸ਼ ਕਮੇਟੀ (ਰਜਿ.) ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਖਾਣ ਤੇ ਬਲਾਕ ਪ੍ਰਧਾਨ ਹਰਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਬਿਆਸ ਦਰਿਆ ਦੇ ਕੰਢੇ ਵਸੇ ਪਿੰਡ ਮਹਿਤਾਬਪੁਰ, ਜਹਾਨਪੁਰ, ਪਿੰਡ ਧਨੋਆ, ਬਗਦੋਈ, ਚਕਵਾਲ, ਤੱਗੜ ਕਲਾਂ, ਤੂਰਾ ਆਦਿ ਪਿੰਡਾਂ ਵਿਚ ਕਿਸਾਨਾਂ ਵਲੋਂ ਬੀਜੀ ਗਈ ਕਣਕ ਦੀ ਫ਼ਸਲ ਜੰਗਲੀ ਸੂਰਾਂ ਨੇ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤੀ ਹੈ।