ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪਰਚਿਆਂ ਦੀ ਪੜਤਾਲ ਦੌਰਾਨ ਸਰਪੰਚੀ ਦੇ 45 ਤੇ ਪੰਚੀ ਦੇ 190 ਉਮੀਦਵਾਰਾਂ ਦੇ ਕਾਗਜ਼ ਰੱਦ
ਕਪੂਰਥਲਾ, 6 ਅਕਤੂਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੇ ਪੰਜ ਬਲਾਕਾਂ ਵਿਚ ਪੰਚਾਇਤੀ ਚੋਣਾਂ ਲਈ ਹੋਈਆਂ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਸਰਪੰਚੀ ਦੇ 45 ਤੇ ਪੰਚੀ ਦੇ 190 ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਇਸ ਸਮੇਂ ਸਰਪੰਚੀ ਲਈ 1776 ਤੇ ਪੰਚੀ ਲਈ 5773 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੰਚਾਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਢਿਲਵਾਂ ਬਲਾਕ ਵਿਚ ਸਰਪੰਚੀ ਲਈ 17, ਪੰਚੀ ਲਈ 86, ਕਪੂਰਥਲਾ ਬਲਾਕ ਵਿਚ ਸਰਪੰਚੀ ਲਈ 17, ਪੰਚੀ ਦੇ 75, ਨਡਾਲਾ ਬਲਾਕ ਵਿਚ ਸਰਪੰਚੀ ਲਈ 3 ਤੇ ਪੰਚੀ ਲਈ 10, ਫਗਵਾੜਾ ਬਲਾਕ ਵਿਚ ਪੰਚੀ ਲਈ 6 ਤੇ ਸੁਲਤਾਨਪੁਰ ਲੋਧੀ ਬਲਾਕ ਵਿਚ ਸਰਪੰਚੀ ਲਈ 8 ਤੇ ਪੰਚੀ ਲਈ 13 ਨਾਮਜ਼ਦਗੀ ਰੱਦ ਹੋਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 7 ਅਕਤੂਬਰ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਵਾਪਸ ਲੈ ਸਕਣਗੇ।