06-11-2024
ਸੁੰਦਰਤਾ ਦੀ ਅਹਿਮੀਅਤ
ਅਸੀਂ ਹਰ ਤਰ੍ਹਾਂ ਦੇ ਰੰਗ ਦਾ ਆਨੰਦ ਮਾਣਦੇ ਹਾਂ, ਸਮਾਜ ਵਿਚ ਵਿਚਰਦਿਆਂ। ਸੁੰਦਰ ਚਿਹਰਾ ਸਾਨੂੰ ਜਲਦੀ ਹੀ ਆਪਣੀ ਤਰਫ਼ ਖਿੱਚ ਲੈਂਦਾ ਹੈ। ਅਸੀਂ ਅਜਿਹੇ ਵਿਅਕਤੀ ਦੇ ਮੋਹ ਜਾਲ ਵਿਚ ਬੰਨ੍ਹੇ ਜਾਂਦੇ ਹਾਂ। ਪਰ ਬਾਹਰੀ ਸੁੰਦਰਤਾ ਨਾਲੋਂ ਅੰਦਰਲੀ ਸੁੰਦਰਤਾ ਜ਼ਿਆਦਾ ਸੋਹਣੀ ਹੁੰਦੀ ਹੈ। ਨਿਮਰਤਾ, ਪ੍ਰੀਤ, ਪਿਆਰ ਤੇ ਸਤਿਕਾਰ ਇਕ ਚੰਗੇ ਇਨਸਾਨ ਦੀ ਸੁੰਦਰਤਾ ਦੀਆਂ ਨਿਸ਼ਾਨੀਆਂ ਹਨ। ਅਕਸਰ ਕਿਹਾ ਜਾਂਦਾ ਹੈ ਕਿ ਜੋ ਲੋਕ ਬਾਹਰੋਂ ਸੋਹਣੇ ਹੁੰਦੇ ਹਨ, ਉਹ ਅੰਦਰਲੋਂ ਕਾਲੇ ਦਿਲ ਵਾਲੇ ਹੁੰਦੇ ਹਨ। ਉਨ੍ਹਾਂ ਅੰਦਰ ਦੂਜਿਆਂ ਦਾ ਸਤਿਕਾਰ ਕਰਨ ਦੀ ਭਾਵਨਾ ਨਾ ਬਰਾਬਰ ਹੁੰਦੀ ਹੈ। ਉਹ ਸੁੰਦਰਤਾ ਕਾਰਨ ਹਉਮੈ ਦਾ ਸ਼ਿਕਾਰ ਹੋ ਜਾਂਦੇ ਹਨ। ਇਨਸਾਨ ਦੀ ਸੋਚ ਵਧੀਆ ਹੋਣੀ ਚਾਹੀਦੀ ਹੈ। ਇਹ ਸੁੰਦਰਤਾ ਚਿਹਰੇ 'ਤੇ ਨਿਰਭਰ ਨਹੀਂ ਕਰਦੀ। ਕਈ ਬੰਦੇ ਏਨੇ ਸੋਹਣੇ ਹੁੰਦੇ ਹਨ, ਪਰ ਉਨ੍ਹਾਂ ਦੀ ਬੋਲਬਾਣੀ ਦੂਜਿਆਂ ਦਾ ਤਨ ਮਨ ਫੂਕ ਦਿੰਦੀ ਹੈ। ਜੇ ਸਾਡੇ ਅੰਦਰ ਚੰਗੇ ਗੁਣ ਨਹੀਂ ਹਨ ਤਾਂ ਅਜਿਹੀ ਸੁੰਦਰਤਾ ਦਾ ਕੀ ਫਾਇਦਾ? ਚਿਹਰੇ ਦੀ ਸੁੰਦਰਤਾ ਸਮੇਂ ਨਾਲ ਘਟਦੀ ਜਾਂਦੀ ਹੈ ਪਰ ਹਿਰਦੇ ਦੀ ਸੁੰਦਰਤਾ ਹੈ, ਉਹ ਹਮੇਸ਼ਾ ਹੀ ਅਮਰ ਰਹਿੰਦੀ ਹੈ।
-ਸੰਜੀਵ ਸਿੰਘ ਸੈਣੀ ਮੁਹਾਲੀ।
ਪਖੰਡੀਆਂ ਦਾ ਸਾਮਰਾਜ
ਅੱਜ ਦਾ ਯੁਗ ਜਿਥੇ ਵਿਗਿਆਨਕ ਤੌਰ 'ਤੇ ਤਰੱਕੀ ਕਰਦਾ ਜਾ ਰਿਹਾ ਹੈ, ਪਰ ਦੂਜੇ ਪਾਸੇ ਪਖੰਡੀਆਂ ਦਾ ਸਾਮਰਾਜ ਵੀ ਵਧਦਾ-ਫੁਲਦਾ ਜਾ ਰਿਹਾ ਹੈ। ਦੁੱਖ ਦੀ ਗੱਲ ਇਙ ਹੈ ਕਿ ਇਸ ਸਾਮਰਾਜ ਦਾ ਸ਼ਿਕਾਰ ਅਨਪੜ੍ਹ ਹੀ ਨਹੀਂ ਸਗੋਂ ਪੜ੍ਹਿਆ-ਲਿਖਿਆ ਤਬਕਾ ਵੀ ਹੋ ਰਿਹਾ ਹੈ।
ਇਨ੍ਹਾਂ ਲੋਕਾਂ ਦੇ ਹੌਸਲੇ ਇਸ ਕਦਰ ਵਧ ਗਏ ਹਨ ਕਿ ਇਹ ਭੂਤਾਂ-ਪ੍ਰੇਤਾਂ ਦੇ ਨਾਂਅ 'ਤੇ ਲੋਕਾਂ ਦੀ ਭੀੜ ਨੇ ਵੀ ਕਤਲ ਕਰਨ ਤੋਂ ਝਿਜਕ ਨਹੀਂ ਦਿਖਾ ਰਹੇ। ਇਨ੍ਹਾਂ ਦੇ ਅਜਿਹੇ ਕਾਰਨਾਮਿਆਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹਨ। ਤਾਜ਼ੀ ਘਟਨਾ ਬਟਾਲਾ ਦੇ ਪਿੰਡ ਸਿੰਘਪੁਰਾ ਦੀ ਹੈ ਜਿਥੇ ਭੂਤਾਂ ਦੇ ਨਾਂਅ 'ਤੇ ਲੋਕਾਂ ਦੀ ਭੀੜ ਵਿਚ ਇਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਤੋਂ ਪਹਿਲਾਂ ਇਕ ਦਾਦਾ-ਦਾਦੀ ਨੇ ਅਜਿਹੇ ਲੋਕਾਂ ਦੇ ਝਾਂਸੇ 'ਚ ਆ ਕੇ ਬਲੀ ਦੇ ਨਾਂਅ 'ਤੇ ਨੰਨ੍ਹੇ-ਮੁੰਨੇ ਪੋਤਾ-ਪੋਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦ ਬੱਚਿਆਂ ਦੀ ਮਾਂ ਬੱਚਿਆਂ ਨੂੰ ਬਚਾਉਣ ਲਈ ਆਈ ਤਾਂ ਉਸ ਨੂੰ ਵੀ ਅਧ-ਮੋਇਆ ਕਰ ਦਿੱਤਾ। ਇਸੇ ਤਰ੍ਹਾਂ ਮੋਗੇ ਦੇ ਇਕ ਪਿੰਡ 'ਚ ਔਰਤ ਤਾਂਤਰਿਕ ਨੇ ਇਕ 8-10 ਸਾਲ ਦੀ ਬੱਚੀ ਨੂੰ ਪੂਰੇ ਪਿੰਡ ਦੀ ਹਾਜ਼ਰੀ 'ਚ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਲੋਕ ਆਪਣੇ ਬੱਚਿਆਂ ਨੂੰ ਇਨ੍ਹਾਂ ਹੱਥੋਂ ਮਰਵਾਉਂਦੇ ਰਹਿਣਗੇ। ਪ੍ਰਸ਼ਾਸਨ ਤੇ ਇਨਸਾਫ਼ ਪਸੰਦ ਲੋਕ ਕਦ ਤੱਕ ਇਸ ਜ਼ੁਲਮ ਨੂੰ ਅੱਖੀਂ ਵੇਖਦੇ ਰਹਿਣਗੇ।
-ਬੰਤ ਸਿੰਘ ਘੁਡਾਣੀ
ਲੁਧਿਆਣਾ।
ਸਮੇਂ ਦੀ ਬੱਚਤ
ਅਕਸਰ ਅਸੀਂ ਦੇਖਦੇ ਹਾਂ ਕਿ ਫਾਟਕ ਬੰਦ ਹੋਣ 'ਤੇ ਕਿਵੇਂ ਟਰੈਫਿਕ ਜਾਮ ਹੁੰਦਾ ਹੈ। ਸਾਨੂੰ ਫਾਟਕ ਬੰਦ ਹੋਣ 'ਤੇ ਜ਼ਰੂਰ ਰੁਕਣਾ ਪੈਂਦਾ ਹੈ। ਅਸੀਂ ਖੜ੍ਹੇ-ਖੜ੍ਹੇ ਦੇਖਦੇ ਹਾਂ ਕਿ ਕਿਵੇਂ ਲੋਕ ਇਕ ਦੂਸਰੇ ਤੋਂ ਅੱਗੇ ਵਧ ਕੇ ਆਪੋ-ਆਪਣਾ ਵਹੀਕਲ ਅੱਗੇ ਲੈ ਜਾਂਦੇ ਹਨ ਤੇ ਪੂਰੀ ਸੜਕ ਰੋਕ ਦਿੰਦੇ ਹਨ। ਆਪਣੀ ਲਾਈਨ ਵਿਚ ਬਹੁਤ ਘੱਟ ਲੋਕ ਖੜ੍ਹਦੇ ਹਨ। ਜੋ ਜ਼ਿਆਦਾਤਰ ਅੱਗੇ ਵਧ ਕੇ ਪੂਰਾ ਰਸਤਾ ਹੀ ਰੋਕ ਦਿੰਦੇ ਹਨ। ਇਹ ਮਾਹੌਲ ਦੋਨੋਂ ਪਾਸੇ ਹੀ ਹੁੰਦਾ ਹੈ, ਜਦੋਂ ਟ੍ਰੇਨ ਗੁਜ਼ਰਦੀ ਹੈ ਤਾਂ ਫਾਟਕ ਖੁਲ੍ਹਦੇ ਹੀ ਹਰ ਕੋਈ ਬਹੁਤ ਕਾਹਲੀ ਵਿਚ ਅੱਗੇ ਵੱਧਦਾ ਹੈ। ਦੋਹਾਂ ਪਾਸਿਆਂ ਤੋਂ ਬਰਾਬਰ ਆਉਣ-ਜਾਣ ਵਾਲੇ ਇਕ ਦੂਸਰੇ ਦਾ ਰਸਤਾ ਰੋਕ ਕੇ ਆਪਣਾ ਤੇ ਦੂਜਿਆਂ ਦਾ ਕਿੰਨਾ ਟਾਈਮ ਖ਼ਰਾਬ ਕਰਦੇ ਹਨ। ਜੇਕਰ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਹਮਣੇ ਆਉਣ ਜਾਣ ਵਾਲਾ ਰਸਤਾ ਖਾਲੀ ਛੱਡ ਕੇ ਲਾਈਨ ਵਿਚ ਆਪੋ-ਆਪਣਾ ਵਹੀਕਲ ਖੜ੍ਹਾਵੇ ਤਾਂ ਹਰ ਕੋਈ ਆਸਾਨੀ ਨਾਲ ਲੰਘ ਕੇ ਆਪਣੇ ਟਾਈਮ ਦੀ ਬੱਚਤ ਕਰ ਸਕਦਾ ਹੈ।
-ਬਰਿੰਦਰ ਮਸੌਣ ਧੂਰੀ।
ਨਸ਼ੇ ਦੀ ਹਕੀਕਤ
ਪੰਜਾਬ ਵਿਚ ਹਰ ਪੰਜ ਸਾਲ ਬਾਅਦ ਰਾਜ ਦੀ ਸੱਤਾ ਦਾ ਪਰਿਵਰਤਨ ਹੁੰਦਾ ਹੈ, ਲੋਕ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ ਅਤੇ ਲੀਡਰ ਵੋਟਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਦਿਆਂ ਪੰਜਾਬ ਨੂੰ ਸਵਰਗ ਬਣਾਉਣ ਤੇ ਨਸ਼ਾ ਮੁਕਤ ਬਣਾਉਣ ਦੇ ਲਾਰੇ ਲਗਾਉਂਦੇ ਹਨ, ਜੋ ਸਿਰਫ਼ ਲਾਰੇ ਹੀ ਰਹਿ ਜਾਂਦੇ ਹਨ। ਪੰਜਾਬ ਲੰਮੇ ਸਮੇਂ ਤੋਂ ਮੈਡੀਕਲ ਅਤੇ ਕੈਮੀਕਲ ਨਸ਼ਿਆਂ ਦੀ ਮਾਰ ਝੱਲ ਰਿਹਾ ਹੈ, ਪਰ ਹਾਲੇ ਤੱਕ ਸਥਿਤੀ ਜਿਉਂ ਦੀ ਤਿਉਂ ਹੈ। ਵਿਰੋਧੀ ਧਿਰ ਵਿਚ ਹੁੰਦਿਆਂ ਜੋ ਲੀਡਰ ਦੂਸਰੇ ਸਿਆਸੀ ਆਗੂਆਂ 'ਤੇ ਨਸ਼ਾ ਵੇਚਣ ਤੇ ਵਿਕਾਉਣ ਦੇ ਦੋਸ਼ ਲਗਾਉਂਦੇ ਹਨ ਤੇ ਖ਼ੁਦ ਸੱਤਾ ਵਿਚ ਆਉਣ ਤੋਂ ਬਾਅਦ ਗੋਗਲੂਆਂ ਤੋਂ ਮਿੱਟੀ ਝਾੜਦੇ ਹੋਏ ਨਸ਼ਾ ਬੰਦ ਹੋਣ ਦੇ ਸਿਆਸੀ ਦਾਅਵੇ ਕਰਦੇ ਹਨ। ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਲੋਕ ਸਭਾ ਮੈਂਬਰ ਹੁੰਦਿਆਂ ਪੰਜਾਬ ਸਰਕਾਰ ਦੇ ਉਸ ਸਮੇਂ ਦੇ ਮੰਤਰੀਆਂ ਨੂੰ ਦੋਸ਼ੀ ਕਰਾਰ ਦਿੰਦੇ ਰਹੇ ਸਨ ਅਤੇ ਨਸ਼ਾ 24 ਘੰਟਿਆਂ ਵਿਚ ਬੰਦ ਕਰਨ ਦੇ ਵੱਡੇ-ਵੱਡੇ ਵਾਅਦੇ ਕਰਦੇ ਸਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਨਸ਼ਾ ਬੰਦ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਹਾਲੇ ਤੱਕ ਉਨ੍ਹਾਂ 'ਤੇ ਅਮਲ ਨਹੀਂ ਹੋਇਆ ਤੇ ਹਾਲੇ ਵੀ ਨੌਜਵਾਨ ਟੀਕੇ ਲਗਾ ਕੇ ਮਰ ਰਹੇ ਹਨ। ਲੋਕਾਂ ਵਲੋਂ ਬਦਲਾਅ ਦੇ ਨਾਂਅ 'ਤੇ ਦਿੱਤਾ ਗਿਆ ਵੋਟ ਉਨ੍ਹਾਂ ਦੀਆਂ ਉਮੀਦਾਂ 'ਤੇ ਖ਼ਰਾ ਨਹੀਂ ਉਤਰਿਆ। ਹੁਣ ਸਮਾਂ ਹੈ ਕਿ 'ਆਪ' ਸਰਕਾਰ ਨਸ਼ੇ ਬਾਰੇ ਸਖ਼ਤੀ ਨਾਲ ਕੰਮ ਕਰੇ ਅਤੇ ਇਸ ਨੂੰ ਠੱਲ੍ਹ ਪਾਵੇ।
-ਰਾਮ ਸਿੰਘ ਕਲਿਆਣ
ਪਿੰਡ ਕਲਿਆਣ ਸੁੱਖਾ (ਬਠਿੰਡਾ)