ਪੰਜਾਬ ਪੰਚਾਇਤੀ ਚੋਣਾਂ: ਹਾਈਕੋਰਟ ਨੇ ਸਾਰੀਆਂ ਪਟੀਸ਼ਨਾਂ ਕੀਤੀਆਂ ਰੱਦ
ਚੰਡੀਗੜ੍ਹ, 14 ਅਕਤੂਬਰ- ਭਲਕੇ ਹੋਣ ਵਾਲੀਆਂ ਪੰਚਾਇਤੀ ਚੋਣਾਂ ਦਾ ਰਾਹ ਅੱਜ ਪੱਧਰਾ ਹੋ ਗਿਆ ਹੈ। ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਇਸ ਸੰਬੰਧੀ ਸੁਣਵਾਈ ਹੋਈ। ਅਦਾਲਤ ਨੇ ਪਾਈਆਂ ਹੋਈਆਂ ਸਾਰੀਆਂ 700 ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਹਿਲਾਂ ਪਾਈਆਂ ਗਈਆਂ 250 ਦੇ ਕਰੀਬ ਪਟੀਸ਼ਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਚੋਣ ਪ੍ਰਕਿਰਿਆ ’ਤੇ 16 ਅਕਤੂਬਰ ਤੱਕ ਰੋਕ ਲਗਾਈ ਗਈ ਸੀ ਪਰ ਉਸ ਸੰਬੰਧੀ ਪੰਜਾਬ ਸਰਕਾਰ ਵਲੋਂ ਅਰਜ਼ੀ ਦਾਇਰ ਕੀਤੀ ਗਈ ਸੀ ਕਿ ਇਨ੍ਹਾਂ ਬਾਰੇ ਵੀ ਫ਼ੈਸਲਾ ਵੀ ਅੱਜ ਹੀ ਲਿਆ ਜਾਵੇ।। ਇਸ ਨਾਲ ਹੁਣ ਭਲਕੇ ਨਿਰਧਾਰਤ ਸਮੇਂ ’ਤੇ ਪੰਚਾਇਤੀ ਚੋਣਾਂ ਲਈ ਵੋਟਾਂ ਪੈਣਗੀਆਂ।