ਟਰੱਕ ਨੇ ਨਰੇਗਾ ਮਜ਼ਦੂਰਾਂ ਨੂੰ ਦਰੜਿਆ, ਇਕ ਔਰਤ ਸਮੇਤ 4 ਦੀ ਮੌਤ
ਸੁਨਾਮ ਊਧਮ ਸਿੰਘ ਵਾਲਾ, 16 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)- ਅੱਜ ਦੁਪਹਿਰ ਸਮੇਂ ਸਥਾਨਕ ਪਟਿਆਲਾ ਰੋਡ ’ਤੇ ਹੋਏ ਇਕ ਸੜਕ ਹਾਦਸੇ ’ਚ ਇਕ ਔਰਤ ਸਮੇਤ ਚਾਰ ਨਰੇਗਾ ਮਜ਼ਦੂਰਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬਿਸ਼ਨਪੁਰਾ (ਅਕਾਲਗੜ੍ਹ) ਦੇ ਕੁਝ ਨਰੇਗਾ ਮਜ਼ਦੂਰ ਸੁਨਾਮ ਪਟਿਆਲਾ ਸੜਕ ’ਤੇ ਸੜਕ ਕੰਢੇ ਝਾੜੀਆਂ ਦੀ ਕਟਾਈ ਕਰ ਰਹੇ ਸਨ। ਦੁਪਹਿਰ ਸਮੇਂ ਜਦੋਂ ਮਜ਼ਦੂਰ ਸੜਕ ਕਿਨਾਰੇ ਬੈਠ ਕੇ ਰੋਟੀ ਖਾ ਰਹੇ ਸਨ ਤਾਂ ਮਹਿਲਾਂ ਚੌਂਕ ਵਲੋਂ ਆ ਰਿਹਾ ਇਕ ਟਰੱਕ ਮਜ਼ਦੂਰਾਂ ’ਤੇ ਜਾ ਚੜ੍ਹਿਆ, ਜਿਸ ਕਾਰਨ ਨਰੇਗਾ ਮਜ਼ਦੂਰ ਜਰਨੈਲ ਸਿੰਘ ਉਰਫ਼ ਜੈਲਾ, ਹਰਪਾਲ ਸਿੰਘ ਪਾਲਾ, ਛੋਟਾ ਸਿੰਘ ਅਤੇ ਗੁਰਦੇਵ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੋਸ ਵਜੋਂ ਨਰੇਗਾ ਮਜ਼ਦੂਰਾਂ ਵਲੋਂ ਸੜਕ ’ਤੇ ਜਾਮ ਲਗਾ ਦਿੱਤਾ ਗਿਆ। ਪਤਾ ਲੱਗਦਿਆਂ ਹੀ ਸੁਨਾਮ ਪੁਲਿਸ ਮੌਕੇ ’ਤੇ ਪਹੁੰਚ ਗਈ।