JALANDHAR WEATHER

ਸ਼੍ਰੋਮਣੀ ਅਕਾਲੀ ਦਲ ਨੇ ਸੁੱਚਾ ਸਿੰਘ ਲੰਗਾਹ ਨੂੰ ਮੁੜ ਪਾਰਟੀ 'ਚ ਕੀਤਾ ਸ਼ਾਮਿਲ

ਚੰਡੀਗੜ੍ਹ, 3 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੇ ਸੁੱਚਾ ਸਿੰਘ ਲੰਗਾਹ ਦੀ ਬੇਨਤੀ ’ਤੇ ਮੁੜ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਿਲ ਕਰਦਿਆਂ ਲੰਗਾਹ ਨੂੰ ਇਕ ਸਾਧਾਰਨ ਵਰਕਰ ਵਜੋਂ ਸੇਵਾ ਕਰਨ ਦਾ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਪੁਸ਼ਟੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਸਾਂਝੀ ਕਰਦਿਆਂ ਕੀਤੀ। ਇਸ ਪੋਸਟ ’ਚ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਲਿਖਿਆ ਕਿ ਸੁੱਚਾ ਸਿੰਘ ਲੰਗਾਹ ਵਲੋਂ ਬੇਨਤੀ ਦੇ ਰੂਪ ’ਚ ਉਨ੍ਹਾਂ ਨੂੰ ਇਕ ਪੱਤਰ ਮਿਲਿਆ ਹੈ, ਜਿਸ ਵਿਚ ਉਨ੍ਹਾਂ ਇਹ ਗੱਲ ਪਾਰਟੀ ਅੱਗੇ ਰੱਖੀ ਹੈ ਕਿ ਉਨ੍ਹਾਂ ਉੱਤੇ ਲਗਾਏ ਗਏ ਸਾਰੇ ਇਲਜ਼ਾਮਾਂ ਤੋਂ ਅਦਾਲਤ ਨੇ ਉਨ੍ਹਾਂ ਨੂੰ ਦੋਸ਼ ਮੁਕਤ (ਬਰੀ) ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਉਨ੍ਹਾਂ ਦੇ ਵਿਰੋਧੀਆਂ ਵਲੋਂ ਇਹ ਮਾਮਲਾ ਖ਼ਾਲਸਾ ਪੰਥ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵੀ ਲਿਜਾਇਆ ਗਿਆ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਾਰੀ ਕਾਰਵਾਈ ਉਪਰੰਤ ਹੁਣ ਉਨ੍ਹਾਂ ਨੂੰ ਮੁੜ ਖ਼ਾਲਸਾ ਪੰਥ ਵਿਚ ਸ਼ਾਮਿਲ ਕੀਤਾ ਜਾ ਚੁੱਕਾ ਹੈ।

ਬਲਵਿੰਦਰ ਸਿੰਘ ਭੂੰਦੜ ਨੇ ਅੱਗੇ ਲਿਖਿਆ ਕਿ ਜਦੋਂ ਲੰਗਾਹ ’ਤੇ ਦੋਸ਼ ਲੱਗੇ ਸਨ ਤਾਂ ਉਹ ਪਾਰਟੀ ਦੇ ਸਮੂਹ ਅਹੁਦਿਆਂ ਤੋਂ ਤੁਰੰਤ ਮੁਸਤਫ਼ੀ ਹੋ ਗਏ ਸਨ ਅਤੇ ਹੁਣ ਲੰਗਾਹ ਨੇ ਆਪਣੇ ਲਿਖਤੀ ਪੱਤਰ ’ਚ ਇਹ ਗੱਲ ਕਹੀ ਹੈ ਕਿ ਉਹ ਜੰਮੇ ਵੀ ਅਕਾਲੀ ਸਨ ਅਤੇ ਆਪਣੇ ਆਖਰੀ ਸਾਹ ਤੱਕ ਰਹਿਣਗੇ ਵੀ ਅਕਾਲੀ। ਬਲਵਿੰਦਰ ਸਿੰਘ ਭੂੰਦੜ ਨੇ ਅੱਗੇ ਦੱਸਿਆ ਕਿ ਲੰਗਾਹ ਵਲੋਂ ਪਾਰਟੀ ਦੀ ਸੇਵਾ ਦਾ ਮੌਕਾ ਮੁੜ ਲੈਣ ਲਈ ਸਨਿਮਰ ਬੇਨਤੀ ਵੀ ਕੀਤੀ ਗਈ ਹੈ ਅਤੇ ਸੁੱਚਾ ਸਿੰਘ ਲੰਗਾਹ ਵਲੋਂ ਦਿੱਤੀ ਗਈ ਬੇਨਤੀ ਨੂੰ ਉਨ੍ਹਾਂ ਵਲੋਂ ਪੇਸ਼ ਕੀਤੇ ਗਏ ਤੱਥਾਂ ਦੀ ਰੌਸ਼ਨੀ ’ਚ ਵਿਚਾਰਨ ਉਪਰੰਤ ਲੰਗਾਹ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਧਾਰਨ ਵਰਕਰ ਵਜੋਂ ਮੁੜ ਸੇਵਾ ਕਰਨ ਦਾ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿਆਸੀ ਅਖਾੜਿਆਂ ’ਚ ਚਰਚਾ ਹੈ ਕਿ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਨੂੰ ਮੁੱਖ ਰੱਖਦਿਆਂ ਪਾਰਟੀ ਵਲੋਂ ਹਲਕੇ ਅੰਦਰ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ। ਚਰਚਾ ਇਹ ਵੀ ਹੈ ਕਿ ਅਕਾਲੀ ਦਲ ਇਸ ਜ਼ਿਮਨੀ ਚੋਣ ’ਚ ਸੁੱਚਾ ਸਿੰਘ ਲੰਗਾਹ ਨੂੰ ਡੇਰਾ ਬਾਬਾ ਨਾਨਕ ਤੋਂ ਪਾਰਟੀ ਦਾ ਉਮੀਦਵਾਰ ਵੀ ਐਲਾਨ ਸਕਦਾ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ