ਟਰੈਕਟਰਾਂ ਦੀਆਂ ਦੌੜਾਂ ਦੌਰਾਨ ਬੇਕਾਬੂ ਟਰੈਕਟਰ ਬੱਚਿਆਂ ’ਤੇ ਚੜ੍ਹਿਆ, ਬਿਨ੍ਹਾਂ ਮਨਜ਼ੂਰੀ ਤੋਂ ਕਰਵਾ ਰਹੇ ਸਨ ਦੌੜਾਂ
ਫਗਵਾੜਾ, 15 ਜੂਨ (ਹਰਜੋਤ ਸਿੰਘ ਚਾਨਾ) - ਪਿੰਡ ਡੁਮੇਲੀ ਵਿਖੇ ਕਰਵਾਈਆਂ ਜਾ ਰਹੀਆ ਟਰੈਕਟਰਾਂ ਦੀਆਂ ਦੌੜਾ ’ਚ ਅੱਜ ਉਸ ਸਮੇਂ ਹਫੜਾ ਦਫ਼ੜਾ ਮਚ ਗਈ, ਜਦੋਂ ਇਕ ਬੇਕਾਬੂ ਹੋਇਆ ਟਰੈਕਟਰ ਬੱਚਿਆਂ ’ਤੇ ਜਾ ਚੜ੍ਹਿਆ, ਜਿਸ ਨਾਲ ਕੁਝ ਬੱਚਿਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜ਼ਖ਼ਮੀਆਂ ’ਚੋਂ ਇਕ ਨੂੰ ਫਗਵਾੜਾ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿਥੇ ਡਾਕਟਰਾ ਨੇ ਉਸ ਦੀ ਹਾਲਤ ਨੂੰ ਦੇਖਦਿਆਂ ਜਲੰਧਰ ਦੇ ਸਿਵਲ ਹਸਪਤਾਲ ’ਚ ਰੈਫਰ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਪ੍ਰਬੰਧਕਾ ਨੇ ਇਹ ਦੌੜਾ ਪ੍ਰਸਾਸ਼ਨ ਦੀ ਮਨਜ਼ੂਰੀ ਤੋਂ ਬਿਨ੍ਹਾਂ ਕਰਵਾਈਆਂ ਹਨ। ਇਹ ਮਾਮਲਾ ਪੁਲਿਸ ਪ੍ਰਸਾਸ਼ਨ ਦੇ ਧਿਆਨ ’ਚ ਨਹੀਂ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਕੁਝ ਟਰੈਕਟਰ ਤੇ ਪ੍ਰਬੰਧਕਾਂ ਨੂੰ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।