JALANDHAR WEATHER

ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਤਕਨੀਕੀ ਉਦਯੋਗਿਕ ਧੁਨੰਤਰਾਂ ਨਾਲ ਕੀਤੀ ਮੁਲਾਕਾਤ

ਸਾਨ ਫਰਾਂਸਿਸਕੋ, 23 ਸਤੰਬਰ (ਐੱਸ.ਅਸ਼ੋਕ ਭੌਰਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨੀਂ ਦਿਨੀਂ ਅਮਰੀਕਾ ਦੇ ਸਰਕਾਰੀ ਦੌਰੇ ’ਤੇ ਹਨ। ਅੱਜ ਉਨ੍ਹਾਂ ਨਿਊਯਾਰਕ ਵਿਚ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮ.ਆਈ.ਟੀ.), ਸਕੂਲ ਆਫ਼ ਇੰਜਨੀਅਰਿੰਗ ਦੁਆਰਾ ਆਯੋਜਿਤ ਇਕ ਗੋਲਮੇਜ਼ ਵਿਚ ਅਮਰੀਕੀ ਤਕਨਾਲੋਜੀ ਉਦਯੋਗ ਦੇ ਧੁਨੰਤਰਾਂ (ਸੀ.ਈ.ਓਜ਼) ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਆਰਟੀਫ਼ੀਸੀਅਲ ਇੰਟੈਲੀਜੈਂਸ ਅਤੇ ਕੁਆਂਟਮ ’ਤੇ ਕੇਂਦ੍ਰਿਤ ਤਕਨੀਕੀ-ਗੋਲ ਟੇਬਲ, ਬਾਇਓਟੈਕਨਾਲੋਜੀ ਅਤੇ ਜੀਵਨ ਵਿਗਿਆਨ, ਕੰਪਿਊਟਿੰਗ, ਆਈ.ਟੀ. ਅਤੇ ਸੰਚਾਰ ਅਤੇ ਸੈਮੀਕੰਡਕਟਰ ਤਕਨਾਲੋਜੀਆਂ ’ਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਸੀ.ਈ.ਓਜ਼. ਨੇ ਪ੍ਰਧਾਨ ਮੰਤਰੀ ਨਾਲ ਗਲੋਬਲ ਪੱਧਰ ’ਤੇ ਵਿਕਸਿਤ ਹੋ ਰਹੀ ਟੈਕਨਾਲੋਜੀ ਲੈਂਡਸਕੇਪ ’ਤੇ ਡੂੰਘੇ ਵਿਚਾਰ ਕੀਤੇ ਅਤੇ ਦੱਸਿਆ ਕਿਵੇਂ ਇਹ ਆਧੁਨਿਕ ਤਕਨੀਕ ਭਾਰਤ ਸਮੇਤ ਦੁਨੀਆ ਭਰ ਦੇ ਲੋਕਾਂ ਦੀ ਭਲਾਈ ਵਿਚ ਯੋਗਦਾਨ ਪਾ ਰਹੀ ਹੈ। ਪ੍ਰਧਾਨ ਮੰਤਰੀ ਨੇ ਟੈਕਨੋਲੋਜੀ ਧੁਨੰਤਰਾਂ ਨੂੰ ਇਕ ਮੇਜ ’ਤੇ ਲਿਆਉਣ ਲਈ ਸਕੂਲ ਆਫ਼ ਇੰਜੀਨੀਅਰਿੰਗ ਅਤੇ ਇਸ ਦੇ ਡੀਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਇਕੱਠੇ ਇਸ ਖੇਤਰ ਵਿਚ ਅੱਗੇ ਵਧਣ ਲਈ ਤਿਆਰ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਪਣੇ ਤੀਜੇ ਕਾਰਜਕਾਲ ਵਿਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਲਈ ਉਹ ਹਰ ਸੰਭਵ ਯਤਨ ਕਰ ਰਹੇ ਹਨ। ਉਨ੍ਹਾਂ ਕੰਪਨੀਆਂ ਨੂੰ ਭਾਰਤ ਵਿਚ ਨਿਵੇਸ਼ ਕਰਨ ਲਈ ਵੀ ਸੱਦਾ ਦਿੱਤਾ ਤੇ ਕਿਹਾ ਕਿ ਉਹ ਭਾਰਤ ਦੇ ਆਰਥਿਕ ਅਤੇ ਤਕਨੀਕੀ ਵਿਕਾਸ ਦੇ ਮੌਕਿਆਂ ਦੀ ਵਰਤੋਂ ਕਰਦੇ ਹੋਏ ਵਿਸ਼ਵ ਲਈ ਭਾਰਤ ਵਿਚ ਸਹਿ-ਵਿਕਾਸ, ਸਹਿ-ਡਿਜ਼ਾਈਨ ਅਤੇ ਸਹਿ-ਉਤਪਾਦਨ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿਚ ਹੋ ਰਹੀ ਆਰਥਿਕ ਤਬਦੀਲੀ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਨੂੰ ਸੈਮੀਕੰਡਕਟਰ ਨਿਰਮਾਣ ਦਾ ਗਲੋਬਲ ਹੱਬ ਬਣਾਉਣ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਦੀ ਇਸ ਗੋਲਮੇਜ ਕਾਨਫਰੰਸ ਵਿਚ ਅਮਰੀਕਾ ਦੀਆਂ 15 ਧੁਨੰਤਰ ਤਕਨੀਕੀ ਉਦਯੋਗਿਕ ਕੰਪਨੀਆਂ ਦੇ ਮੁਖੀ ਸ਼ਾਮਿਲ ਹੋਏ, ਜਿਨ੍ਹਾਂ ਵਿਚ ਐਕਸੈਂਚਰ ਦੇ ਸ੍ਰੀਮਤੀ ਜੂਲੀ ਸਵੀਟ, ਅਡੌਬ ਦੇ ਸ੍ਰੀ ਸ਼ਾਂਤਨੂ ਨਰਾਇਣ, ਏ.ਐੱਮ.ਡੀ. ਦੇ ਸ੍ਰੀਮਤੀ ਲੀਜ਼ਾ ਸੂ, ਬਾਇਓਜੇਨ ਇੰਕ ਦੇ ਕ੍ਰਿਸ ਵਿਹਬਾਕਰ, ਬ੍ਰਿਸਟਲ ਮਾਇਰਸ ਸਕਿੱਬ ਦੇ ਕ੍ਰਿਸ ਬੋਅਰਨਰ, ਐਲੀ ਲਿਲੀ ਐਂਡ ਕੰਪਨੀ ਦੇ ਡੇਵਿਡ ਏ. ਰਿਕਸ, ਗੂਗਲ ਦੇ ਸੁੰਦਰ ਪਿਚਾਈ, ਐੱਚ.ਪੀ. ਦੇ ਐਨਰਿਕ ਲੋਰੇਸ, ਆਈ.ਬੀ.ਐੱਮ ਦੇ ਅਰਵਿੰਦ ਕ੍ਰਿਸ਼ਨ, ਐੱਲ.ਏ.ਐੱਮ. ਰਿਸਰਚ ਦੇ ਟਿਮ ਆਰਚਰ, ਮੋਡਰਨਾ ਦੇ ਨੂਬਰ ਅਫ਼ਯਾਨ, ਵੈਰਾਈਜ਼ਨ ਹੰਸ ਵੈਸਟਬਰਗ, ਗਲੋਬਲ ਫਾਊਂਡਰੀਜ਼ ਦੇ ਥਾਮਸ ਕੌਲਫੀਲਡ, ਐੱਨਵੀਡੀਆ ਦੇ ਮਿਸਟਰ ਜੇਨਸਨ ਹੁਆਂਗ, ਕਿੰਡਰਿਲ ਦੇ ਮਿਸਟਰ ਮਾਰਟਿਨ ਸਰੋਟਰ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਸੀ.ਈ.ਓਜ਼. ਨੇ ਭਾਰਤ ਵਿਚ ਨਿਵੇਸ਼ ਕਰਨ ਅਤੇ ਸਹਿਯੋਗ ਕਰਨ ਵਿਚ ਆਪਣੀ ਮਜਬੂਤ ਦਿਲਚਸਪੀ ਪ੍ਰਗਟਾਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ