22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਇਲਾਕੇ 'ਚ ਹੋਈ ਭਾਰੀ ਗੜੇਮਾਰੀ ਤੇ ਝੱਖੜ ਨੇ ਫ਼ਸਲਾਂ ਦਾ ਕੀਤਾ ਵੱਡਾ ਨੁਕਸਾਨ

ਅਜੀਤ ਡੈਸਕ 01-04-2026
ਮੰਡੀ ਲੱਖੇਵਾਲੀ, 31 ਮਾਰਚ (ਮਿਲਖ ਰਾਜ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ 'ਚ ਅੱਜ ਸ਼ਾਮ ਹੋਈ ਭਾਰੀ ਗੜੇਮਾਰੀ, ਝੱਖੜ ਤੇ ਮੀਂਹ ਨੇ ਕਣਕ ਦੀ ਫ਼ਸਲ ਸਮੇਤ ਲਗਭਗ ਸਾਰੀਆਂ ਫ਼ਸਲਾਂ ਬਰਬਾਦ ਕਰਕੇ ਰੱਖ ਦਿੱਤੀਆਂ ਹਨ | ਪਹਿਲਾਂ ਜ਼ਬਰਦਸਤ ਝੱਖੜ ਤੋਂ ਬਾਅਦ ਅਸਮਾਨ ਤੋਂ ਇੱਕਦਮ ਮੋਟੇ ਮੋਟੇ ਗੜਿਆਂ ਨੇ ਫ਼ਸਲਾਂ 'ਤੇ ਐਸੀ ਬੁਛਾੜ ਕੀਤੀ ਕਿ ਲਹਿਰਾ ਰਹੀਆਂ ਫ਼ਸਲਾਂ ਨੂੰ ਸਿਰਫ 10 ਤੋਂ 15 ਮਿੰਟਾਂ ਵਿਚ ਹੀ ਚੂਰ ਚੂਰ ਕਰਕੇ ਧਰਤੀ 'ਤੇ ਵਿਛਾਕੇ ਰੱਖ ਦਿੱਤਾ | ਕਰੀਬ ਇਕ ਘੰਟਾ ਚੱਲੇ ਮੀਂਹ ਦੌਰਾਨ ਦੋ ਵਾਰ ਗੜੇ ਪਏ | ਇਨ੍ਹਾਂ ਫ਼ਸਲਾਂ ਵਿਚ ਸਭ ਤੋਂ ਵੱਧ ਪੱਕਣ ਲਈ ਤਿਆਰ ਖੜੀ ਕਣਕ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ | ਕਣਕ ਤੋਂ ਇਲਾਵਾ ਸਰੋਂ, ਪਸ਼ੂਆਂ ਦੇ ਚਾਰੇ ਵਾਲੀਆਂ ਫ਼ਸਲਾਂ, ਬਾਗਬਾਨੀ, ਸਬਜੀਆਂ ਤੇ ਦਰੱਖਤਾਂ ਦਾ ਵੱਡੇ ਪੱਧਰ 'ਤੇ ਵੱਖ-ਵੱਖ ਪਿੰਡਾਂ ਦਾ ਕ੍ਰਮਵਾਰ 60 ਤੋਂ 100 ਫ਼ੀਸਦੀ ਨੁਕਸਾਨ ਹੋਇਆ ਹੈ | ਇਲਾਕੇ ਦੇ ਪਿੰਡ ਨੰਦਗੜ, ਲੱਖੇਵਾਲੀ, ਗੰਧੜ, ਭਾਗਸਰ, ਮਹਾਂਬੱਧਰ, ਚਿੱਬੜਾਂ ਵਾਲੀ, ਸ਼ੇਰੇਵਾਲਾ, ਮਦਰੱਸਾ, ਚੱਕ ਮਦਰੱਸਾ, ਝੀਂਡ ਵਾਲਾ, ਸਮੇਤ ਬਾਕੀ ਹੋਰ ਪਿੰਡਾਂ 'ਚੋਂ ਵੀ ਭਾਰੀ ਨੁਕਸਾਨ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ | ਪਿੰਡ ਗੰਧੜ ਦੇ ਸਰਪੰਚ ਅੰਗਰੇਜ, ਕਿਸਾਨ ਜਗਤਰਨ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਵਿਚ 80 ਤੋਂ 100 ਫੀਸਦੀ ਨੁਕਸਾਨ ਹੋ ਗਿਆ ਹੈ | ਗੜਿਆਂ ਦਾ ਕਹਿਰ ਇੰਨ੍ਹਾਂ ਜ਼ੋਰਦਾਰ ਸੀ ਕਿ ਘਰਾਂ ਵਿਚ ਸ਼ੈੱਡਾਂ ਦੀਆਂ ਛੱਤਾਂ ਤੱਕ ਵਿਚ ਮੋਰੇ ਹੋ ਗਏ | ਪਿੰਡ ਨੰਦਗੜ ਦੇ ਕਿਸਾਨ ਗੁਰਜੀਤ ਸਿੰਘ ਸਿਵੀਆ ਸਾਬਕਾ ਸਰਪੰਚ, ਪ੍ਰਕਾਸ਼ ਸਿੰਘ ਸਿਵੀਆ ਤੇ ਗੁਰਜੀਤ ਸਿਵੀਆ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਸਾਡੇ ਪਿੰਡ ਵਿਚ 60 ਤੋਂ 80 ਪ੍ਰਤੀਸ਼ਤ ਫ਼ਸਲ ਬਰਬਾਦ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕ ਪਹਿਲਾਂ ਤੋਂ ਹੀ ਝੋਨੇ ਦੇ ਬੇਹੱਦ ਘੱਟ ਝਾੜ ਕਾਰਨ ਆਰਥਿਕ ਮੰਦੀ ਦੇ ਸ਼ਿਕਾਰ ਚੱਲੇ ਆ ਰਹੇ ਸਨ ਅੱਜ ਪਏ ਗੜਿਆਂ ਨੇ ਕਿਸਾਨਾਂ ਨੂੰ ਹੋਰ ਬੇਹਾਲ ਕਰਕੇ ਰੱਖ ਦਿੱਤਾ ਹੈ | ਇਹੀ ਹਾਲ ਪਿੰਡ ਸ਼ੇਰੇਵਾਲਾ ਦੇ ਜਗਤਪਾਲ ਸਿੰਘ ਮਲੋਟ ਕਾਂਗਰਸ ਦਿਹਾਤੀ ਪ੍ਰਧਾਨ ਤੇ ਇਲਾਕੇ ਦੇ ਕਸਬਨੁਮਾ ਪਿੰਡ ਭਾਗਸਰ ਦੇ ਜਗਦੀਪ ਸਿੰਘ ਬਰਾੜ ਨੰਬਰਦਾਰ ਨੇ ਫੋਨ 'ਤੇ ਸੁਣਾਇਆ | ਉਨ੍ਹਾਂ ਦੱਸਿਆ ਕਿ ਝੋਨੇ ਦੇ ਘਾਟੇ ਤੋਂ ਬਾਅਦ ਇਸ ਫ਼ਸਲ ਤੋਂ ਕਿਸਾਨਾਂ ਨੂੰ ਵੱਡੀਆਂ ਉਮੀਦਾਂ ਸਨ ਤੇ ਉਨ੍ਹਾਂ ਨੇ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਸਨ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਜਿਨ੍ਹਾਂ ਜਿੰਨ੍ਹਾਂ ਪਿੰਡ 'ਚ ਫ਼ਸਲ ਦਾ ਨੁਕਸਾਨ ਹੋਇਆ ਹੈ, ਉੱਥੇ ਤੁਰੰਤ ਗਿਰਦਾਵਰੀ ਕਰਵਾਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਤੁਰੰਤ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਥੋੜ੍ਹਾ ਬਹੁਤ ਗੁਜਾਰਾ ਚੱਲ ਸਕੇ |
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਭਰਵੀਂ ਬਾਰਿਸ਼-ਕਈ ਪਿੰਡਾਂ 'ਚ ਭਾਰੀ ਗੜੇਮਾਰੀ ਅਗਲੀ ਖ਼ਬਰ ਬਾਰਿਸ਼, ਤੇਜ਼ ਹਵਾਵਾਂ ਤੇ ਗੜੇਮਾਰੀ ਨੇ ਕਿਸਾਨਾਂ ਨੂੰ ਚਿੰਤਾ 'ਚ ਪਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।