ਗਿੱਦੜਬਾਹਾ, 31 ਮਾਰਚ (ਸ਼ਿਵਰਾਜ ਸਿੰਘ ਬਰਾੜ, ਪਰਮਜੀਤ ਸਿੰਘ ਥੇੜੀ)-ਅੱਜ ਹਲਕੇ ਭਰ 'ਚ ਪਈ ਬਾਰਿਸ਼, ਗੜੇਮਾਰੀ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ | ਕਣਕ ਤੇ ਸਰ੍ਹੋਂ ਦੀ ਪੱਕੀ ਫ਼ਸਲ ਦੇ ਝਾੜ 'ਤੇ ਮਾੜਾ ਅਸਰ ਪੈਣ ਦੇ ਆਸਾਰ ਬਣ ਗਏ ਹਨ | ਜ਼ਿਕਰਯੋਗ ਹੈ ਕਿ ਇਸ ਵਾਰ ਕਣਕ ਦੇ ਪੱਕਣ ਮੌਕੇ ਮੌਸਮ ਵਿਚ ਲੰਮਾ ਸਮਾਂ ਵੱਧ ਤਾਪਮਾਨ ਰਿਹਾ ਤੇ ਇਸ ਨਾਲ ਕਿਸਾਨਾਂ ਵਿਚ ਡਰ ਸੀ ਕਿ ਕਣਕ ਅਤੇ ਸਰ੍ਹੋਂ ਦਾ ਝਾੜ ਜ਼ਰੂਰ ਪ੍ਰਭਾਵਿਤ ਹੋਵੇਗਾ | ਬੀਤੇ ਮਹੀਨੇ ਤੋਂ ਅਚਾਨਕ ਮੌਸਮ ਵਿਚ ਇਕਦਮ ਅਜਿਹੀ ਤਬਦੀਲੀ ਆਈ ਕਿ ਰੁਕ-ਰੁਕ ਕਿ ਬਾਰਿਸ਼ ਪੈਣ ਲੱਗ ਪਈ | ਜਿਸ ਨਾਲ ਤਾਪਮਾਨ 'ਚ ਗਿਰਾਵਟ ਆਉਣ ਨਾਲ ਕਿਸਾਨਾਂ ਨੂੰ ਆਸ ਬੱਝ ਗਈ ਕਿ ਕਣਕ ਤੇ ਸਰ੍ਹੋਂ ਦੇ ਦਾਣੇ ਦਾ ਆਕਰ ਸਹੀ ਹੋ ਸਕਦਾ ਹੈ ਤੇ ਝਾੜ ਵਿਚ ਕੋਈ ਬਹੁਤਾ ਅਸਰ ਸ਼ਾਇਦ ਨਾ ਪਵੇ ਕਿਉਂਕਿ ਕਣਕ ਦੇ ਪੱਕਣ ਸਮੇਂ ਪਹਿਲਾਂ ਤਾਪਮਾਨ ਜ਼ਿਆਦਾ ਰਿਹਾ ਸੀ | ਕੁੱਝ ਦਿਨਾਂ ਤੋਂ ਫਿਰ ਹਲਕੇ ਵਿਚ ਆਸਮਾਨ 'ਤੇ ਛਾਈ ਬੱਦਲਵਾਈ ਅਤੇ ਮੌਸਮ ਵਿਭਾਗ ਵਲੋਂ ਕੀਤੀ ਜਾ ਰਹੀ ਭਵਿੱਖਬਾਣੀ ਤੋਂ ਕਿਸਾਨਾਂ ਵਿਚ ਫ਼ਿਕਰ ਪਾਇਆ ਜਾ ਰਿਹਾ ਸੀ | ਅੱਜ ਬਾਅਦ ਦੁਪਹਿਰ ਕਿਣਮਿਣ ਹੋਣ ਤੋਂ ਉਪਰੰਤ ਸਵਾ ਕੁ ਛੇ ਵਜੇ ਅਚਾਨਕ ਸੁੱਕੇ ਗੜੇ ਪੈਣੇ ਸ਼ੁਰੂ ਹੋ ਗਏ ਤੇ ਗੜਿਆਂ ਦਾ ਆਕਰ ਵੀ ਕੁਝ ਵੱਡਾ ਸੀ | ਫਿਰ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਚੱਲੀਆਂ | ਥਰਾਜਵਾਲਾ ਦੇ ਕਿਸਾਨ ਗੁਰਜੀਤ ਸਿੰਘ ਸਮਾਜੀ, ਗੁਰਸ਼ਰਨ ਸਿੰਘ ਤੇ ਕਿਸਾਨ ਆਗੂ ਕੁਲਦੀਪ ਸਿੰਘ ਨੇਤਾ ਅਤੇ ਕੁਲਵੀਰ ਸਿੰਘ ਸੰਧੂ ਨੇ ਕਿਹਾ ਕਿ ਕਣਕ ਦੀ ਪੱਕੀ ਫ਼ਸਲ 'ਤੇ ਬੇ-ਮੌਸਮੀ ਪਏ ਗੜਿਆਂ ਨਾਲ ਕਣਕ ਦਾ ਝਾੜ ਜ਼ਰੂਰ ਪ੍ਰਭਾਵਿਤ ਹੋਵੇਗਾ ਕਿਉਂਕਿ ਕੁੱਝ ਦਿਨਾਂ ਤੋਂ ਪਈ ਬਾਰਿਸ਼ ਨਾਲ ਕਣਕਾਂ ਨੇ ਰੰਗ ਬਦਲ ਗਏ ਸਨ ਅਤੇ ਕਣਕ ਦਾ ਦਾਣਾ ਅਜੇ ਕੱਚਾ ਹੀ ਸੀ | ਜਿਸ ਕਰਕੇ ਤਾਜ਼ਾ ਪਈ ਗੜੇਮਾਰੀ ਨਾਲ ਕਣਕ ਦੇ ਝਾੜ 'ਤੇ ਮਾੜਾ ਅਸਰ ਪਵੇਗਾ | ਕਿਸਾਨ ਆਗੂਆਂ ਕਿਹਾ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਾਰ ਕਣਕ ਦੇ ਕੁਦਰਤੀ ਮਾੜੇ ਪ੍ਰਭਾਵ ਕਾਰਨ ਝਾੜ ਵਿਚ ਆਉਣ ਵਾਲੀ ਕਮੀ ਨੂੰ ਪੂਰਾ ਕਰਨ ਲਈ ਕਣਕ ਦੇ ਭਾਅ 'ਤੇ ਬੋਨਸ ਦਿੱਤਾ ਜਾਵੇ |