ਸੈਕਰਾਮੈਂਟੋ, 25 ਮਾਰਚ (ਹੁਸਨ ਲੜੋਆ ਬੰਗਾ)-ਅਮਰੀਕੀ ਸਰਕਾਰ ਨੇ ਨੀਤੀ ਮਾਹਿਰ ਐਸ਼ਲੇ ਜੇ ਟੈਲਿਸ ਵਿਰੁੱਧ ਲੱਗੇ ਗੰਭੀਰ ਦੋਸ਼ ਰੱਦ ਕਰਨ ਤੋਂ ਨਾਂਹ ਕਰ ਦਿੱਤੀ ਹੈ | ਸਰਕਾਰ ਨੇ ਕਿਹਾ ਕਿ ਟੈਲਿਸ ਨੇ ਗਲਤ ਢੰਗ ਤਰੀਕੇ ਨਾਲ ਕਈ ਸਾਲਾਂ ਤੱਕ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਉੱਚ ਸੰਵੇਦਨਸ਼ੀਲ ਦਸਤਾਵੇਜ਼ ਆਪਣੇ ਘਰ ਰੱਖੇ | ਟੈਲਿਸ ਨੂੰ ਭਾਰਤ ਤੇ ਦੱਖਣ ਏਸ਼ੀਆ ਮਾਮਲਿਆਂ ਬਾਰੇ ਵਿਸ਼ੇਸ਼ ਮਾਹਿਰ ਵਜੋਂ ਜਾਣਿਆ ਜਾਂਦਾ ਹੈ ਤੇ ਉਸ ਨੇ ਸਰਕਾਰੀ ਤੇ ਰਣਨੀਤਿਕ ਵਿਭਾਗਾਂ 'ਚ ਲੰਬਾ ਸਮਾਂ ਕੰਮ ਕੀਤਾ ਹੈ | ਉਹ ਅਮਰੀਕੀ ਵਿਦੇਸ਼ ਵਿਭਾਗ ਤੇ ਰੱਖਿਆ ਸੰਸਥਾਵਾਂ ਵਿਚ ਤਾਇਨਾਤ ਰਹੇ ਹਨ | ਟੈਲਿਸ ਉੱਪਰ ਦੋਸ਼ ਹੈ ਕਿ ਉਸ ਨੇ ਸੁਰੱਖਿਅਤ ਦਫ਼ਤਰਾਂ 'ਚੋਂ ਗੁਪਤ ਸਮਗਰੀ ਲਿਜਾ ਕੇ ਆਪਣੇ ਘਰ ਰਖੀ | ਸਰਕਾਰ ਨੇ ਉਸ ਵਿਰੁੱਧ ਲੱਗੇ ਗੰਭੀਰ ਦੋਸ਼ ਰੱਦ ਕਰਨ ਤੋਂ ਨਾਂਹ ਕਰ ਦਿੱਤੀ ਹੈ | ਵਕੀਲਾਂ ਅਨੁਸਾਰ ਕੇਸ ਬਿਲਕੁਲ ਸਪਸ਼ਟ ਹੈ | ਉਨ੍ਹਾਂ ਦੋਸ਼ ਲਾਇਆ ਕਿ ਟੈਲਿਸ ਨੇ ਬਿਨਾਂ ਅਧਿਕਾਰ ਦੇ ਚੋਟੀ ਦੇ ਗੁਪਤ ਪੇਪਰਾਂ ਸਮੇਤ ਸਰਕਾਰੀ ਕਾਗ਼ਜ਼ ਆਪਣੇ ਘਰ ਵਿਚ ਵੱਖ ਵੱਖ ਥਾਵਾਂ 'ਤੇ ਰਖੇ | ਵਕੀਲਾਂ ਅਨੁਸਾਰ ਜੇਕਰ ਕਿਸੇ ਨੂੰ ਵਰਗੀਕ੍ਰਿਤ ਸਮਗਰੀ ਦਫ਼ਤਰ ਵਿਚ ਵੇਖਣ ਦੀ ਇਜਾਜ਼ਤ ਵੀ ਹੈ ਤਾਂ ਵੀ ਇਸ ਦਾ ਇਹ ਅਰਥ ਨਹੀਂ ਹੈ ਕਿ ਉਹ ਇਹ ਸਮਗਰੀ ਆਪਣੇ ਘਰ ਲੈ ਜਾਵੇ ਜਾਂ ਸੁਰੱਖਿਅਤ ਜਗਾ ਵਿਚੋਂ ਹੋਰ ਕਿਤੇ ਲੈ ਜਾਵੇ |