ਵਾਸ਼ਿੰਗਟਨ ਡੀ.ਸੀ., 27 ਨਵੰਬਰ (ਇੰਟ.)-ਅਮਰੀਕੀ ਹਵਾਈ ਸੈਨਾ ਦੇ ਕਲਾਊਡ ਕੰਪਿਊਟਿੰਗ ਸਿਸਟਮ ‘ਕਲਾਊਡ ਵਨ’ ਨੂੰ ਹੈਕਰਾਂ ਨੇ ਨਿਸ਼ਾਨਾ ਬਣਾਇਆ ਹੈ। ਇਸ ਸਿਸਟਮ ’ਚ ਹਵਾਈ ਰੱਖਿਆ ਰਡਾਰ, ਫੌਜੀ ਜਹਾਜ਼ਾਂ, ਮਿਜ਼ਾਈਲਾਂ, ਜਵਾਨਾਂ ਦੇ ਰਿਕਾਰਡ ਤੇ ਫੌਜੀ ਸਾਜ਼ੋ-ਸਾਮਾਨ ਨਾਲ ਜੁੜੀ ਅਹਿਮ ਜਾਣਕਾਰੀ ਮੌਜੂਦ ਹੈ। ਜਾਣਕਾਰੀ ਮੁਤਾਬਕ, ਕਰੀਬ ਇਕ ਮਹੀਨਾ ਪਹਿਲਾਂ ਇਸ ਹੈਕਿੰਗ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਸਿਸਟਮ ਦੇ ਕਈ ਕੰਮ ਪ੍ਰਭਾਵਿਤ ਹੋਏ ਹਨ। ਅਮਰੀਕੀ ਫੌਜ ਦੀ ਸਾਈਬਰ ਕਮਾਂਡ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹੈਕਰਾਂ ਨੇ ਕਿਹੜੀ ਜਾਣਕਾਰੀ ਤੱਕ ਪਹੁੰਚ ਬਣਾਈ। ਹਾਲਾਂਕਿ, ਅਜੇ ਤੱਕ ਹੈਕਰਾਂ ਦੀ ਪਛਾਣ ਅਤੇ ਡਾਟਾ ਚੋਰੀ ਹੋਣ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ।