ਲੰਡਨ, 19 ਜੁਲਾਈ (ਏਜੰਸੀ)-ਭਾਰਤ ਤੇ ਇੰਗਲੈਂਡ ਵਿਚਕਾਰ 3 ਮੈਚਾਂ ਦੀ ਇਕ ਰੋਜ਼ਾ ਲੜੀ ਦੇ ਆਖਰੀ ਮੈਚ ’ਚ ਇੰਗਲੈਂਡ ਨੇ ਭਾਰਤੀ ਟੀਮ ਨੂੰ 27 ਦੌੜਾਂ ਨਾਲ ਹਰਾਉਂਦੇ ਹੋਏ ਲੜੀ 2-1 ਨਾਲ ਆਪਣੇ ਨਾਂਅ ਕੀਤੀ। 388 ਦੌੜਾਂ ਦਾ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ 7 ਵਿਕਟਾਂ ’ਤੇ ਸਿਰਫ਼ 360 ਦੌੜਾਂ ਹੀ ਬਣਾ ਸਕੀ। ਰੋਹਿਤ ਸ਼ਰਮਾ ਨੇ ਭਾਰਤ ਲਈ ਸ਼ਾਨਦਾਰ 138 ਦੌੜਾਂ ਬਣਾਈਆਂ, ਪਰ ਉਨ੍ਹਾਂ ਦੀ ਪਾਰੀ ਜਿੱਤ ਯਕੀਨੀ ਬਣਾਉਣ ’ਚ ਅਸਫਲ ਰਹੀ। ਅੱਜ ਦੇ ਮੈਚ ’ਚ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਪਹਿਲੀ ਵਿਕਟ ਲਈ 147 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੁਭਮਨ ਗਿੱਲ ਨੇ 84 ਗੇਂਦਾਂ ’ਤੇ 77 ਦੌੜਾਂ ਬਣਾਈਆਂ। ਰੋਹਿਤ ਨੇ 84 ਗੇਂਦਾਂ ’ਤੇ ਸੈਂਕੜਾ ਲਗਾਇਆ ਤੇ 110 ਗੇਂਦਾਂ ’ਤੇ 138 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰੋਹਿਤ ਤੇ ਵਿਰਾਟ ਕੋਹਲੀ ਨੇ ਦੂਜੀ ਵਿਕਟ ਲਈ 113 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ, ਇੰਗਲੈਂਡ ਨੇ 50 ਓਵਰਾਂ ’ਚ ਸਿਰਫ਼ ਤਿੰਨ ਵਿਕਟਾਂ ਦੇ ਨੁਕਸਾਨ ’ਤੇ 387 ਦੌੜਾਂ ਬਣਾਈਆਂ। ਇਹ ਲਾਰਡਜ਼ ਵਿਖੇ ਵਨਡੇ ਕ੍ਰਿਕਟ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਸੀ। ਇੰਗਲੈਂਡ ਨੇ ਮੈਚ ’ਚ ਮਜ਼ਬੂਤ ਸ਼ੁਰੂਆਤ ਕੀਤੀ। ਬੈਨ ਡਕੇਟ ਤੇ ਜੈਕਬ ਬੈਥਲ ਨੇ ਪਹਿਲੀ ਵਿਕਟ ਲਈ 192 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।ਇਸ ਜੋੜੀ ਨੇ ਭਾਰਤ ਵਿਰੁੱਧ ਵਨਡੇ ’ਚ ਇੰਗਲੈਂਡ ਦੀ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ ਦਾ ਨਵਾਂ ਰਿਕਾਰਡ ਵੀ ਬਣਾਇਆ।
ਰੋਹਿਤ ਦੇ ਸੈਂਕੜੇ ਦੇ ਬਾਵਜੂਦ 27 ਦੌੜਾਂ ਨਾਲ ਹਾਰਿਆ ਭਾਰਤ ਇੰਗਲੈਂਡ ਨੇ ਲੜੀ 2-1 ਨਾਲ ਜਿੱਤੀ
ਅਜੀਤ ਡੈਸਕ
20-07-2026