ਫਲ ਜ਼ਿਆਦਾ ਲਾਭਕਾਰੀ ਹਨ ਜਾਂ ਫਲਾਂ ਦਾ ਜੂਸ, ਇਹ ਸਵਾਲ ਅਕਸਰ ਲੋਕਾਂ ਨੂੰ ਝੰਜੋੜਦਾ ਰਹਿੰਦਾ ਹੈ | ਡਾਕਟਰ ਵੀ ਕਦੀ ਫਲ ਖਾਣ ਨੂੰ ਕਹਿੰਦੇ ਹਨ ਅਤੇ ਕਦੀ ਫਲਾਂ ਦਾ ਜੂਸ ਪੀਣ ਨੂੰ | ਆਮ ਇਨਸਾਨ ਸਸ਼ੋਪੰਜ ਵਿਚ ਰਹਿੰਦਾ ਹੈ ਕਿ ਸਿਹਤ ਲਈ ਕੀ ਜ਼ਿਆਦਾ ਫ਼ਾਇਦੇਮੰਦ ਹੈ | ਫਰੂਟ ਜੂਸ ਵਿਚ ਤਾਂ ਇਹ ਵੀ ਸ਼ੱਕ ਬਣਿਆ ਰਹਿੰਦਾ ਹੈ ਕਿ ਤਾਜ਼ਾ ਫਲਾਂ ਦਾ ਰਸ ਜ਼ਿਆਦਾ ਚੰਗਾ ਹੈ ਜਾਂ ਡੱਬਾ ਬੰਦ ਫਲਾਂ ਦਾ ਜੂਸ |
ਉਂਝ ਤਾਂ ਜੂਸ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ, ਕਿਉਂਕਿ ਇਹ ਸਿੱਧਾ ਖੂਨ ਵਿਚ ਮਿਲ ਕੇ ਸਰੀਰ ਨੂੰ ਲਾਭ ਦਿੰਦਾ ਹੈ | ਫਲ ਖਾਣ ਦਾ ਲਾਭ ਕੁਝ ਸਮੇਂ ਬਾਅਦ ਮਿਲਦਾ ਹੈ ਪਰ ਫਲਾਂ ਦੀ ਵਰਤੋਂ ਨਾਲ ਜੋ ਰੇਸ਼ਾ ਸਾਡੇ ਸਰੀਰ ਨੂੰ ਮਿਲਦਾ ਹੈ, ਉਹ ਫਲਾਂ ਦੇ ਰਸ ਤੋਂ ਨਹੀਂ ਮਿਲਦਾ | ਰੇਸ਼ਾ ਸਾਡੇ ਸਰੀਰ ਵਿਚ ਝਾੜੂ ਦਾ ਕੰਮ ਕਰਦਾ ਹੈ | ਇਸ ਤੋਂ ਇਲਾਵਾ ਜੂਸ ਨਾਲ ਸਰੀਰ ਵਿਚ ਸ਼ੱਕਰ ਦਾ ਪੱਧਰ ਤੇਜ਼ੀ ਨਾਲ ਵਧ ਜਾਂਦਾ ਹੈ ਜੋ ਸਰੀਰ ਲਈ ਹਾਨੀਕਾਰਕ ਹੁੰਦਾ ਹੈ | ਪੋਸ਼ਣ ਮਾਹਿਰਾਂ ਅਨੁਸਾਰ ਫਲਾਂ ਦੇ ਜੂਸ ਵਿਚ ਵੀ ਓਨੀ ਪੌਸ਼ਟਿਕਤਾ ਮਿਲਦੀ ਹੈ, ਜਿੰਨੀ ਫਲਾਂ ਦੀ ਵਰਤੋਂ ਨਾਲ ਮਿਲਦੀ ਹੈ | ਫਲਾਂ ਦੇ ਜੂਸ ਵਿਚ ਫਾਈਟੋਨਿਊਟ੍ਰੀਐਂਟਸ ਹੁੰਦੇ ਹਨ, ਜੋ ਸਿਹਤ ਲਈ ਚੰਗੇ ਹਨ ਅਤੇ ਸਰੀਰ ਨੂੰ ਤੁਰੰਤ ਊਰਜਾ ਦਿੰਦੇ ਹਨ | ਫਲਾਂ ਦਾ ਫਾਈਬਰ ਭਾਵ ਰੇਸ਼ਾ ਪੇਟ ਲਈ ਲਾਭਕਾਰੀ ਹੁੰਦਾ ਹੈ | ਫਲਾਂ ਦਾ ਜੂਸ ਪੀਣ ਨਾਲ ਉਸ ਵਿਚ ਪਾਈ ਜਾਣ ਵਾਲੀ ਕੁਦਰਤੀ ਚੀਨੀ ਦਿਲ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਸਰੀਰ ਤੋਂ ਯੂਰਿਕ ਐਸਿਡ ਅਤੇ ਹੋਰ ਨੁਕਸਾਨਕਾਰੀ ਕੈਮੀਕਲਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੀ ਹੈ, ਜਿਸ ਨਾਲ ਸਰੀਰ ਐਨਰਜੈਟਿਕ ਅਤੇ ਤਾਜ਼ਾ ਰਹਿੰਦਾ ਹੈ | ਘਰ ਵਿਚ ਬਣਿਆ ਤਾਜ਼ੇ ਫਲਾਂ ਦਾ ਜੂਸ ਸਾਫ਼ ਹੁੰਦਾ ਹੈ ਅਤੇ ਜ਼ਿਆਦਾ ਪੌਸ਼ਟਿਕ ਵੀ | ਬਾਹਰ ਦੇ ਜੂਸ ਵਿਚ ਸਫ਼ਾਈ ਨੂੰ ਲੈ ਕੇ ਮਨ ਵਿਚ ਸ਼ੱਕ ਰਹਿੰਦਾ ਹੈ | ਡੱਬਾਬੰਦ ਜੂਸ ਵਿਚ ਹੋ ਸਕਦਾ ਹੈ ਕਿ ਸਫ਼ਾਈ 'ਤੇ ਧਿਆਨ ਦਿੱਤਾ ਜਾਂਦਾ ਹੋਵੇ ਪਰ ਚੰਗੇ ਸਵਾਦ ਲਈ ਉਸ ਵਿਚ ਰੰਗ ਅਤੇ ਬਨਾਉਟੀ ਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ |
ਡੱਬਾਬੰਦ ਜੂਸ ਵਿਚ ਜ਼ਿਆਦਾ ਕੈਲੋਰੀਜ਼ ਹੁੰਦੀ ਹੈ, ਜੋ ਵਜ਼ਨ ਵਧਾਉਣ ਵਿਚ ਸਹਾਇਕ ਹਨ ਅਤੇ ਇਸ ਨਾਲ ਐਨਰਜੀ ਪੱਧਰ ਵੀ ਵਧ ਜਾਂਦਾ ਹੈ | ਵਜ਼ਨ ਘੱਟ ਕਰਨ ਵਾਲਿਆਂ ਨੂੰ ਡੱਬਾਬੰਦ ਜੂਸ ਨਹੀਂ ਲੈਣਾ ਚਾਹੀਦਾ | ਕਦੀ-ਕਦੀ ਤਾਜ਼ੇ ਫਲਾਂ ਦਾ ਜੂਸ ਲਿਆ ਜਾ ਸਕਦਾ ਹੈ | ਇਨ੍ਹਾਂ ਲਈ ਫਲ ਹੀ ਸਹੀ ਮੰਨੇ ਜਾਂਦੇ ਹਨ | ਸਬਜ਼ੀਆਂ ਦਾ ਤਾਜ਼ਾ ਜੂਸ ਵੀ ਪੀ ਸਕਦੇ ਹਨ | ਸ਼ੂਗਰ ਵਾਲੇ ਰੋਗੀਆਂ ਨੂੰ ਜੂਸ ਜ਼ਿਆਦਾ ਮਿੱਠਾ ਹੋਣ ਕਾਰਨ ਨੁਕਸਾਨ ਪਹੁੰਚਾ ਸਕਦਾ ਹੈ | ਪੈਕੇਟ ਜਾਂ ਤਾਜ਼ੇ ਫਲਾਂ ਦੇ ਜੂਸ ਛਿਲਕੇ ਹਟਾ ਕੇ ਤਿਆਰ ਕੀਤੇ ਜਾਂਦੇ ਹਨ, ਜਿਸ ਨਾਲ ਬਹੁਤ ਸਾਰੇ ਪੌਸ਼ਟਿਕ ਤੱਤ ਖ਼ਤਮ ਹੋ ਜਾਂਦੇ ਹਨ ਅਤੇ ਰੇਸ਼ਾ ਤਾਂ ਬਿਲਕੁਲ ਨਹੀਂ ਮਿਲਦਾ | ਕਈ ਫਲਾਂ ਦੇ ਛਿਲਕਿਆਂ ਵਿਚ ਕਾਫ਼ੀ ਪੌਸ਼ਟਿਕ ਤੱਤ ਹੁੰਦੇ ਹਨ ਅਤੇ ਉਨ੍ਹਾਂ ਵਿਚ ਕੈਂਸਰ ਰੋਕਣ ਵਾਲੇ ਤੱਤ ਵੀ ਹੁੰਦੇ ਹਨ |
ਮਿਸ਼ਰਤ ਫਲਾਂ ਦਾ ਜੂਸ ਚਾਹੇ ਤਾਜ਼ੇ ਫਲਾਂ ਦਾ ਹੋਵੇ ਜਾਂ ਡੱਬਾਬੰਦ, ਦਿਲ ਵਾਲੇ ਰੋਗੀਆਂ ਲਈ ਠੀਕ ਨਹੀਂ | ਇਕ ਖੋਜ ਅਨੁਸਾਰ ਫਲਾਂ ਦੇ ਜੂਸ ਦੀ ਵਰਤੋਂ ਕੁਝ ਖ਼ਾਸ ਦਵਾਈਆਂ ਦੇ ਨਾਲ ਲੈਣ ਨਾਲ ਦਵਾਈਆਂ ਦਾ ਪ੍ਰਭਾਵ ਅੱਧਾ ਹੋ ਜਾਂਦਾ ਹੈ | 400 ਮਿ.ਲੀ. ਤੋਂ ਜ਼ਿਆਦਾ ਜੂਸ ਦੀ ਵਰਤੋਂ ਇਕ ਦਿਨ ਵਿਚ ਨਾ ਕਰੋ |
ਦਿਨ ਵਿਚ ਜੇਕਰ ਦੋ ਤੋਂ ਤਿੰਨ ਵਾਰ ਰੋਗੀ ਜਾਂ ਕਮਜ਼ੋਰ ਬੱਚੇ ਨੂੰ ਫਲਾਂ ਦਾ ਜੂਸ ਲੈਣ ਲਈ ਡਾਕਟਰ ਨੇ ਕਿਹਾ ਹੈ ਤਾਂ ਇਕ ਵਾਰ ਵਿਚ ਇਕ ਫਲ ਦਾ ਜੂਸ ਲਓ, ਦੂਜੀ ਵਾਰ ਦੂਜੇ ਫਲ ਦਾ ਜੂਸ ਲਓ, ਤਾਂ ਕਿ ਸਰੀਰ ਨੂੰ ਵੱਖ-ਵੱਖ ਪੌਸ਼ਟਿਕ ਤੱਤ ਹਾਸਿਲ ਹੋ ਸਕਣ | ਇਕ ਹੀ ਤਰ੍ਹਾਂ ਦੇ ਫਲਾਂ ਦਾ ਜੂਸ ਤੁਹਾਡੇ ਸਰੀਰ ਵਿਚ ਇਕ ਹੀ ਤਰ੍ਹਾਂ ਦੇ ਪੌਸ਼ਟਿਕ ਤੱਤ ਵਧਾ ਸਕਦਾ ਹੈ, ਜੋ ਨੁਕਸਾਨਕਾਰੀ ਹੈ | ਫਲਾਂ ਦੇ ਜੂਸ ਵਿਚ ਪ੍ਰੋਟੀਨ, ਫੈਟਸ, ਖਣਿਜ ਅਤੇ ਵਿਟਾਮਿਨਜ਼ ਦੀ ਮਾਤਰਾ ਜ਼ਿਆਦਾ ਨਹੀਂ ਹੁੰਦੀ ਪਰ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ | ਜ਼ਿਆਦਾ ਜੂਸ ਪੀਣ ਨਾਲ ਸਰੀਰ ਵਿਚ ਹਾਈ ਕੈਲੋਰੀਜ਼ ਚਲੀ ਜਾਂਦੀ ਹੈ, ਜੋ ਮੋਟਾਪਾ ਵਧਾਉਣ ਵਿਚ ਮਦਦ ਕਰਦੀ ਹੈ |
ਸਿਰਫ਼ ਜੂਸ ਪੀਣ ਨਾਲ ਤੁਸੀਂ ਸਿਹਤਮੰਦ ਨਹੀਂ ਰਹਿ ਸਕਦੇ | ਸਿਹਤਮੰਦ ਰਹਿਣ ਲਈ ਤੁਹਾਨੂੰ ਪੌਸ਼ਟਿਕ ਭੋਜਨ ਵੀ ਲਗਾਤਾਰ ਖਾਣਾ ਪਵੇਗਾ |