ਸੰਸਾਰੀਕਰਨ ਦੇ ਇਸ ਦੌਰ ਵਿਚ ਮਹਾਨਗਰਾਂ ਦਾ ਸਰੂਪ ਹੀ ਨਹੀਂ ਬਦਲਿਆ ਸਗੋਂ ਇਥੇ ਦੇ ਬਾਸ਼ਿੰਦਿਆਂ ਦੀ ਜੱਦੋਜਹਿਦ ਵੀ ਵਧ ਗਈ ਹੈ। ਕੰਮ ਦੇ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਤਰੱਕੀ ਕਰਨ, ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਅਤੇ ਸਭ ਨੂੰ ਪਛਾੜ ਕੇ ਅੱਗੇ ਨਿਕਲਣ ਦੀ ਇੱਛਾ ਦਾ ਅਸਰ ਹੁਣ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ 'ਤੇ ਵੀ ਦਿਸਣ ਲੱਗਿਆ ਹੈ।
ਭੋਜਨ ਦੀ ਥਾਲੀ ਵਿਚ ਰਿਵਾਇਤੀ ਭੋਜਨ ਨੂੰ ਪਰੇ ਸੁੱਟ ਕੇ ਪੀਜ਼ਾ, ਬਰਗਰ ਅਤੇ ਟੂ-ਮਿੰਟ ਨੂਡਲਜ਼ ਵਰਗੇ ਫਾਸਟ ਫੂਡ ਤੇਜ਼ੀ ਨਾਲ ਦਖ਼ਲਅੰਦਾਜ਼ੀ ਕਰਨ ਲੱਗੇ ਹਨ, ਜਿਨ੍ਹਾਂ ਦੇ ਨਾਲ-ਨਾਲ ਹਾਈ ਬਲੱਡ ਪ੍ਰੈੱਸ਼ਰ, ਸ਼ੂਗਰ, ਦਿਲ ਦੇ ਰੋਗ, ਅਲਸਰ, ਬਵਾਸੀਰ ਅਤੇ ਕੈਂਸਰ ਵਰਗੀਆਂ ਹਾਨੀਕਾਰਕ ਬਿਮਾਰੀਆਂ ਵੀ ਦੱਬੇ ਪੈਰ ਸਾਡੇ ਸਰੀਰ ਨੂੰ ਆਪਣਾ ਗ਼ੁਲਾਮ ਬਣਾਉਣ ਲੱਗੀਆਂ ਹਨ। ਦੁਨੀਆ ਭਰ ਵਿਚ ਇਸ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਕਾਰਨ ਹਰ ਸਾਲ ਲੱਖਾਂ ਲੋਕ ਕਾਲ ਦਾ ਸ਼ਿਕਾਰ ਬਣ ਜਾਂਦੇ ਹਨ।
ਖਾਣ-ਪੀਣ ਦੀਆਂ ਗ਼ਲਤ ਆਦਤਾਂ ਤੋਂ ਇਲਾਵਾ ਸਰੀਰਕ ਮਿਹਨਤ ਵਿਚ ਕਮੀ, ਕਸਰਤ ਤੋਂ ਜੀਅ ਚੁਰਾਉਣਾ, ਕਦੀ ਤਣਾਅ ਭਝਾਉਣ ਤੇ ਕਦੀ ਫ਼ੈਸ਼ਨ ਦੇ ਨਾਂਅ 'ਤੇ ਕੀਤੇ ਜਾਣ ਵਾਲੇ ਨਸ਼ੇ ਆਦਿ ਨੇ ਜੀਵਨ ਦੇ ਬਦਲਦੇ ਹੋਏ ਤੌਰ ਤਰੀਕਿਆਂ ਅਤੇ ਖਾਣ-ਪੀਣ ਦੀਆਂ ਇਨ੍ਹਾਂ ਆਦਤਾਂ ਨੇ ਉਹ ਮਾਨਤਾ ਝੁਠਲਾ ਦਿੱਤਾ ਹੈ ਕਿ ਬਲੱਡ ਪ੍ਰੈੱਸ਼ਰ, ਦਿਲ ਦੇ ਰੋਗ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਸਿਰਫ਼ ਅਮੀਰਾਂ ਨੂੰ ਹੁੰਦੀਆਂ ਹਨ।
ਭੋਜਨ ਵਿਚ ਫਾਈਬਰ ਭਾਵ ਰੇਸ਼ੇ ਵਾਲੇ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਅਤੇ ਰੋਜ਼ਮਰ੍ਹਾ ਦੇ ਜੀਵਨ ਵਿਚ ਲਗਾਤਾਰ ਕਸਰਤ ਨੂੰ ਥਾਂ ਦੇ ਕੇ ਅਤੇ ਚਰਬੀ ਵਾਲੇ ਅਤੇ ਜ਼ਿਆਦਾ ਨਮਕ ਅਤੇ ਸ਼ੱਕਰ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰਕੇ ਅਸੀਂ ਇਨ੍ਹਾਂ ਬਿਮਾਰੀਆਂ ਤੋਂ ਕਾਫ਼ੀ ਹੱਦ ਤੱਕ ਬਚਾਅ ਕਰ ਸਕਦੇ ਹਾਂ।
ਭੋਜਨ ਵਿਚ ਫਾਈਬਰ ਵਾਲੇ ਫਲਾਂ ਅਤੇ ਸਬਜ਼ੀਆਂ ਦੀ ਭਰਪੂਰ ਮਾਤਰਾ ਨਾ ਹੋਣ ਨਾਲ ਕਬਜ਼ ਦੀ ਸ਼ਿਕਾਇਤ ਤਾਂ ਆਮ ਦਸ ਵਿਚੋਂ ਸੱਤ ਵਿਅਕਤੀਆਂ ਨੂੰ ਰਹਿੰਦੀ ਹੀ ਹੈ ਜਿਸ ਨੂੰ ਮਾਮੂਲੀ ਸਮਝ ਕੇ ਜਾਂ ਫਿਰ ਸ਼ਰਮ ਕਾਰਨ ਲੋਕ ਡਾਕਟਰ ਕੋਲ ਨਹੀਂ ਜਾਂਦੇ ਪਰ ਕਈ ਵਾਰ ਇਹੀ ਮਾਮੂਲੀ ਬਿਮਾਰੀ ਬਵਾਸੀਰ, ਫਿਸਰ, ਅਲਸਰ ਅਤੇ ਕੈਂਸਰ ਵਰਗੇ ਗੰਭੀਰ ਰੋਗਾਂ ਦੀ ਵਜ੍ਹਾ ਬਣ ਜਾਂਦੀ ਹੈ ਜਦ ਕਿ ਫਲ ਅਤੇ ਸਬਜ਼ੀਆਂ ਦੀ ਸਹੀ ਮਾਤਰਾ ਵਿਚ ਵਰਤੋਂ ਕਾਫ਼ੀ ਹੱਦ ਤੱਕ ਇਨ੍ਹਾਂ ਤੋਂ ਨਿਜਾਤ ਦਿਵਾ ਸਕਦੀ ਹੈ।
ਫਲ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ ਜੋ ਸਰੀਰ ਦੇ ਵੱਖ-ਵੱਖ ਅੰਗਾਂ ਦੇ ਕਿਰਿਆਕਲਾਪਾਂ ਲਈ ਜ਼ਰੂਰੀ ਹੁੰਦੇ ਹਨ। ਫਲ ਜੇਕਰ ਵਧੇਰੇ ਫਾਈਬਰ ਵਾਲੇ ਹੋਣ ਤਾਂ ਹੋਰ ਵੀ ਜ਼ਿਆਦਾ ਫ਼ਾਇਦੇਮੰਦ ਸਾਬਤ ਹੁੰਦੇ ਹਨ। ਇਨ੍ਹਾਂ ਨਾਲ ਨਾ ਸਿਰਫ਼ ਦਿਲ ਦੇ ਰੋਗ ਅਤੇ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦੀ ਸੰਭਾਵਨਾ ਘਟ ਹੁੰਦੀ ਹੈ, ਸਗੋਂ ਸਰੀਰ ਵਿਚ ਮੌਜੂਦ ਜ਼ਹਿਰੀਲੇ ਤੱਤ ਵੀ ਨਸ਼ਟ ਹੋ ਜਾਂਦੇ ਹਨ। ਇਸ ਤੋਂ ਇਲਾਵਾ ਫਲਾਂ ਵਿਚ ਮੌਜੂਦ ਐਂਟੀ ਆਕਸੀਡੈਂਟ ਵੀ ਬਹੁਤ ਲਾਭਕਾਰੀ ਹੁੰਦੇ ਹਨ।
ਹਰ ਵਿਅਕਤੀ ਨੂੰ ਰੋਜ਼ਾਨਾ ਘੱਟ ਤੋਂ ਘੱਟ 200 ਗ੍ਰਾਮ ਫਲ ਖਾਣੇ ਚਾਹੀਦੇ ਹਨ, ਪਰ ਜਿਥੋਂ ਤੱਕ ਸਾਡੇ ਦੇਸ਼ ਦਾ ਸਵਾਲ ਹੈ, ਇਥੇ ਇਸ ਤਰ੍ਹਾਂ ਦੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਜੋ ਲਗਾਤਾਰ ਫ਼ਲ ਖਾਂਦੇ ਹਨ। ਹਾਲਾਂਕਿ ਇਸ ਦਾ ਇਕ ਕਾਰਨ ਫਲਾਂ ਦਾ ਮਹਿੰਗਾ ਹੋਣਾ ਵੀ ਹੈ ਕਿਉਂਕਿ ਜਦੋਂ ਦੇਸ਼ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਿਹਾ ਹੋਵੇ ਤਾਂ ਮਜਬੂਰੀ ਵਿਚ ਇਸ ਤਰ੍ਹਾਂ ਦੇ ਫਲ ਖ਼ਰੀਦ ਕੇ ਖਾ ਸਕਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ।
ਇਸੇ ਤਰ੍ਹਾਂ ਸਬਜ਼ੀਆਂ ਦੇ ਮਾਮਲੇ ਵਿਚ ਵੀ ਇਹ ਦੇਖਣਾ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਪਕਾਇਆ ਗਿਆ ਹੈ। ਬਹੁਤ ਸਾਰੇ ਲੋਕ ਸਬਜ਼ੀਆਂ ਨੂੰ ਜ਼ਿਆਦਾਤਰ ਬਣਾਉਣ ਦੇ ਚੱਕਰ ਵਿਚ ਉਨ੍ਹਾਂ ਨੂੰ ਕਾਫ਼ੀ ਦੇਰ ਤੱਕ ਤੇਲ ਜਾਂ ਘਿਓ ਵਿਚ ਪਕਾਉਂਦੇ ਹਨ ਪਰ ਦੇਰ ਤੱਕ ਪਕਾਏ ਜਾਣ ਨਾਲ ਉਨ੍ਹਾਂ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਪਕਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੇ ਪੋਸ਼ਕ ਤੱਤ ਬਰਕਰਾਰ ਰਹਿਣ।
ਇਸ ਤੋਂ ਇਲਾਵਾ ਭੋਜਨ ਵਿਚ ਸਾਡੇ ਸਮਾਜਿਕ ਮਾਨਤਾਵਾਂ ਵੀ ਅਸਰ ਪਾਉਂਦੀਆਂ ਹਨ। ਸ਼ਾਕਾਹਾਰੀ ਲੋਕ ਇਹ ਸੋਚ ਕੇ ਆਪਣੇ ਭੋਜਨ ਵਿਚ ਜ਼ਿਆਦਾ ਤੋਂ ਜ਼ਿਆਦਾ ਦੁੱਧ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ ਕਿ ਉਨ੍ਹਾਂ ਦੇ ਸਰੀਰ ਨੂੰ ਤਾਕਤ ਮਿਲੇਗੀ ਪਰ ਉਨ੍ਹਾਂ ਨਾਲ ਸਰੀਰ ਵਿਚ ਚਰਬੀ ਅਤੇ ਕਾਰਬੋਹਾਈਡ੍ਰੇਟ ਦੀ ਮਾਤਰਾ ਵਧਦੀ ਜਾਂਦੀ ਹੈ, ਜਿਸ ਦਾ ਨਤੀਜਾ ਅੱਗੇ ਚਲ ਕੇ ਮੋਟਾਪੇ ਵਿਚ ਹੁੰਦਾ ਹੈ ਜੋ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਸਾਡੇ ਦੇਸ਼ ਵਿਚ ਇਸ ਤਰ੍ਹਾਂ ਦੇ ਲੋਕਾਂ ਦੀ ਗਿਣਤੀ ਘੱਟ ਨਹੀਂ ਹੈ ਜੋ ਸਿਰਫ਼ ਸਵਾਦ ਖਾਤਰ ਹੀ ਫਾਸਟ ਫੂਡ ਨੂੰ ਆਪਣੇ ਭੋਜਨ ਵਿਚ ਤਰਜੀਹ ਦੇਣ ਲੱਗੇ ਹਨ ਪਰ ਉਨ੍ਹਾਂ ਵਲੋਂ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ ਕਿ ਭੋਜਨ ਵਿਚ ਫ਼ਲ ਸਬਜ਼ੀਆਂ ਦੀ ਵਰਤੋਂ ਅਤੇ ਲਗਾਤਾਰ ਕਸਰਤ ਅਤੇ ਸਰੀਰਕ ਮਿਹਨਤ ਨੂੰ ਵੀ ਆਪਣੀਆਂ ਆਦਤਾਂ ਵਿਚ ਸ਼ਾਮਿਲ ਕੀਤਾ ਜਾਵੇ।
ਆਧੁਨਿਕ ਜੀਵਨ ਸ਼ੈਲੀ : ਰੋਗਾਂ ਨੂੰ ਸੱਦਾ
ਅਜੀਤ ਡੈਸਕ
27-03-2026