ਆਮ ਲੋਕਾਂ ਦੀ ਸੋਚ, ਸਮਝ ਅਤੇ ਭਾਸ਼ਾ ਅਨੁਸਾਰ ਜ਼ਿਆਦਾਤਰ ਲੋਕ ਕਿਸੇ ਬਿਮਾਰੀ ਦੇ ਬਾਹਰੀ ਲੱਛਣਾਂ ਨੂੰ ਹੀ ਅਸਲ ਬਿਮਾਰੀ ਸਮਝਣ ਲੱਗ ਜਾਂਦੇ ਹਨ, ਜਦਕਿ ਅਸਲ ਬਿਮਾਰੀ ਦੇ ਅੰਦਰੂਨੀ ਕਾਰਨ ਕੁਝ ਹੋਰ ਹੀ ਹੁੰਦੇ ਹਨ। ਲੋੜ ਹੁੰਦੀ ਹੈ ਅੰਦਰੂਨੀ ਬਿਮਾਰੀ ਦੇ ਅਸਲ ਕਾਰਨ ਜਾਣ ਕੇ ਉਨ੍ਹਾਂ ਦਾ ਇਲਾਜ ਕਰਨ ਦੀ। ਸਾਡੇ ਸਰੀਰ ਦੀਆਂ ਜ਼ਿਆਦਾਤਰ ਬਿਮਾਰੀਆਂ ਦੇ ਬਾਹਰੀ ਲੱਛਣ ਸਾਨੂੰ ਸਰੀਰ ਅੰਦਰ ਹੋ ਰਹੀਆਂ ਗੁੰਝਲਦਾਰ ਜੈਵਿਕ ਅਤੇ ਰਸਾਇਣਕ ਕਿਰਿਆਵਾਂ ਬਾਰੇ ਸੰਕੇਤ ਦਿੰਦੇ ਹਨ। ਸਾਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਕਿ ਜੋ ਬਾਹਰ ਲੱਛਣ ਨਜ਼ਰ ਆ ਰਹੇ ਹਨ, ਉਹ ਹੀ ਅਸਲ ਬਿਮਾਰੀ ਹੈ, ਪਰ ਦਰਅਸਲ ਇਹ ਤਾਂ ਸਿਰਫ਼ ਲੱਛਣ ਹਨ, ਪਰੰਤੂ ਅਸਲ ਬਿਮਾਰੀ ਜਾਂ ਕੋਈ ਗਤੀਵਿਧੀ ਤਾਂ ਸਰੀਰ ਦੇ ਅੰਦਰ ਹੀ ਹੋ ਰਹੀ ਹੁੰਦੀ ਹੈ। ਇਕ ਸਧਾਰਨ ਆਦਮੀ ਸਰੀਰਕ ਲੱਛਣਾਂ ਨੂੰ ਹੀ ਬਿਮਾਰੀ ਸਮਝ ਕੇ ਉਸ ਦਾ ਇਲਾਜ ਲੱਭਣ ਲੱਗ ਜਾਂਦਾ ਹੈ, ਪਰ ਲੋੜ ਹੁੰਦੀ ਹੈ ਲੱਛਣਾਂ ਪਿੱਛੇ ਲੁਕੇ ਹੋਏ ਰੋਗ ਨੂੰ ਲੱਭਣ ਦੀ। ਕੁਝ ਉਦਾਹਰਨਾਂ ਦੀ ਮਦਦ ਨਾਲ ਅਸੀਂ ਇਨ੍ਹਾਂ ਬਾਰੇ ਸਮਝਦੇ ਹਾਂ। ਜਿਵੇਂ ਕਿ ਸਾਨੂੰ ਜਦੋਂ ਖਾਂਸੀ ਹੁੰਦੀ ਹੋਵੇ ਤਾਂ ਅਸੀਂ ਖਾਂਸੀ ਨੂੰ ਹੀ ਬਿਮਾਰੀ ਸਮਝ ਕੇ ਇਸ ਦਾ ਇਲਾਜ ਕਰਨ ਲੱਗ ਜਾਂਦੇ ਹਾਂ। ਜਦ ਕਿ ਖਾਂਸੀ ਆਪਣੇ-ਆਪ ਵਿਚ ਕੋਈ ਬਿਮਾਰੀ ਨਹੀਂ ਸਗੋਂ ਇਹ ਤਾਂ ਸਾਡੇ ਸਰੀਰ ਦੀ ਸਾਹ ਪ੍ਰਣਾਲੀ ਅਤੇ ਸਾਹ ਦੇ ਰਸਤੇ ਵਿਚ ਆਉਣ ਵਾਲੇ ਬਲਗਮ, ਰੇਸ਼ਾ ਜਾਂ ਕਿਸੇ ਕਿਸਮ ਦੀ ਰੁਕਾਵਟ ਨੂੰ ਬਾਹਰ ਸੁੱਟਣ ਦਾ ਹੀ ਇਕ ਜ਼ਰੀਆ ਹੁੰਦੀ ਹੈ। ਇਸੇ ਤਰ੍ਹਾਂ ਸਰੀਰ ਦੇ ਕਿਸੇ ਹਿੱਸੇ ਉੱਪਰ ਸੋਜ ਦਾ ਮਤਲਬ ਹੁੰਦਾ ਹੈ ਕਿ ਸਰੀਰ ਦੇ ਉਸ ਹਿੱਸੇ ਵਿਚ ਕੋਈ ਜ਼ਖ਼ਮ ਹੋਇਆ ਹੈ ਜਾਂ ਮਾਸ ਪੇਸ਼ੀਆਂ ਦੀ ਟੁੱਟ ਭੱਜ ਹੋਈ ਹੈ। ਇਸ ਲਈ ਸਾਨੂੰ ਸੋਜ ਦਾ ਇਲਾਜ ਕਰਨ ਦੀ ਬਜਾਏ ਸੋਜ ਦੇ ਕਾਰਨ ਲੱਭ ਕੇ ਉਸ ਦਾ ਇਲਾਜ ਕਰਨਾ ਚਾਹੀਦਾ ਹੈ। ਇਕ ਹੋਰ ਉਦਾਹਰਨ ਹੈ ਸਰੀਰ ਨੁੂੰ ਬੁਖ਼ਾਰ ਚੜ੍ਹਨਾ। ਬੁਖ਼ਾਰ ਚੜ੍ਹਨ ਦੇ ਕਈ ਕਾਰਨ ਹੋ ਸਕਦੇ ਹਨ। ਆਮ ਲੋਕ ਬੁਖ਼ਾਰ ਨੂੰ ਹੀ ਬਿਮਾਰੀ ਸਮਝ ਕੇ ਇਸ ਦੀ ਦਵਾਈ ਲੈਣ ਲੱਗ ਜਾਂਦੇ ਹਨ। ਲੋੜ ਹੁੰਦੀ ਹੈ ਬੁਖ਼ਾਰ ਦਾ ਕਾਰਨ ਲੱਭ ਕੇ ਉਸ ਦੇ ਮੁਢਲੇ ਕਾਰਨਾਂ ਦਾ ਇਲਾਜ ਕਰਨ ਦੀ। ਇਵੇਂ ਹੀ ਆਦਮੀ ਨੂੰ ਉਲਟੀ ਆਉਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਢਿੱਡ ਵਿਚ ਗੈਸ ਬਣਨਾ, ਪੇਟ ਵਿਚ ਤੇਜ਼ਾਬੀ ਮਾਦਾ ਵਧ ਜਾਣਾ, ਮਾਨਸਿਕ ਚਿੰਤਾ, ਦੂਸ਼ਿਤ ਭੋਜਨ ਖਾਧਾ ਜਾਣਾ ਜਾਂ ਫਿਰ ਪੇਟ ਵਿਚ ਇਨਫੈਕਸ਼ਨ ਭਾਵ ਲਾਗ ਦੇ ਰੋਗ ਦਾ ਹੋਣਾ ਆਦਿ। ਇਸ ਲਈ ਉਲਟੀ ਠੀਕ ਕਰਨ ਲਈ ਉਸ ਦੇ ਅਸਲ ਕਾਰਨ ਦਾ ਪਤਾ ਲਗਾਉਣ ਦੀ ਜ਼ਰੂਰਤ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਕੋਈ ਵਿਅਕਤੀ ਜ਼ਿਆਦਾ ਸਰੀਰਕ ਅਤੇ ਦਿਮਾਗੀ ਕੰਮ ਕਰ ਕੇ ਥੱਕ ਜਾਂਦਾ ਹੈ ਤਾਂ ਉਸ ਦੀਆਂ ਅੱਖਾਂ ਨੂੰ ਧੁੰਦਲਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ਹਾਲਾਤ ਵਿਚ ਸਰੀਰ ਅਤੇ ਦਿਮਾਗ ਆਰਾਮ ਮੰਗਦੇ ਹਨ। ਇਸੇ ਤਰ੍ਹਾਂ ਜ਼ਿਆਦਾ ਸਰੀਰਕ ਮਿਹਨਤ ਵਾਲਾ ਕੰਮ ਕਰਨ 'ਤੇ ਸਰੀਰ ਥਕਾਵਟ ਮਹਿਸੂਸ ਕਰਦਾ ਹੈ, ਇਸ ਅਵਸਥਾ ਵਿਚ ਥਕਾਵਟ ਦੀ ਦਵਾਈ ਲੈਣ ਦੀ ਬਜਾਏ ਸਰੀਰ ਨੂੰ ਆਰਾਮ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਦੀ ਇਕ ਹੋਰ ਉਦਾਹਰਨ ਹੈ ਕਿ ਸਰੀਰ ਜਦੋਂ ਬਹੁਤ ਜ਼ਿਆਦਾ ਯੂਰਿਕ ਐਸਿਡ ਪੈਦਾ ਕਰਦਾ ਜਾਂ ਵਾਧੂ ਯੂਰਿਕ ਐਸਿਡ ਨੂੰ ਸਰੀਰ 'ਚੋਂ ਬਾਹਰ ਨਹੀਂ ਕੱਢ ਪਾਉਂਦਾ ਤਾਂ ਗਠੀਆ ਰੋਗ ਜਾਂ ਜੋੜਾਂ ਵਿਚ ਸੋਜਾਂ ਅਤੇ ਦਰਦਾਂ ਹੋਣ ਲੱਗਦੀਆਂ ਹਨ। ਇਸ ਲਈ ਦਰਦਾਂ ਦੀ ਦਵਾਈ ਦੇ ਨਾਲ ਨਾਲ ਅਸਲ ਬਿਮਾਰੀ ਦਾ ਇਲਾਜ ਕਰਨਾ ਚਾਹੀਦਾ ਹੈ। ਐਲਰਜੀ ਵੀ ਰੋਜ਼ਾਨਾ ਜੀਵਨ ਵਿਚ ਵੇਖੀ ਜਾਣ ਵਾਲੀ ਆਮ ਬਿਮਾਰੀ ਹੈ। ਐਲਰਜੀ ਧੂੜ-ਮਿੱਟੀ, ਫੁੱਲਾਂ ਦੇ ਪਰਾਗ ਕਣਾਂ, ਘਰੇਲੂ ਪਾਲਤੂ ਜਾਨਵਰਾਂ, ਕਿਸੇ ਦਵਾਈ, ਕਿਸੇ ਭੋਜਨ ਪਦਾਰਥ, ਬਦਲਦੇ ਮੌਸਮ, ਕੀੜੇ-ਮਕੌੜਿਆਂ, ਰਸਾਇਣਕ ਪਦਾਰਥਾਂ ਜਾਂ ਸਾਬਣ ਆਦਿ ਭਾਵ ਕਿਸੇ ਵੀ ਵਸਤੂ ਤੋਂ ਹੋ ਸਕਦੀ ਹੈ। ਇਸ ਨਾਲ ਆਦਮੀ ਨੂੰ ਛਿੱਕਾਂ ਆਉਣਾ, ਅੱਖਾਂ ਲਾਲ ਹੋਣਾ, ਸਰੀਰ 'ਤੇ ਧੱਫੜ ਪੈਣਾ, ਸਾਹ ਫੁਲਣਾ, ਉਲਟੀ ਆਉਣਾ, ਨੱਕ ਵਗਣਾ, ਖਾਰਿਸ਼ ਹੋਣਾ, ਸੋਜਾਂ ਪੈ ਜਾਣੀਆਂ ਅਤੇ ਚੱਕਰ ਆਉਣਾ ਆਦਿ ਜਿਹੇ ਲੱਛਣ ਵੇਖਣ ਨੂੰ ਮਿਲ ਸਕਦੇ ਹਨ। ਭਾਵੇਂ ਕਿ ਇਸ ਨੂੰ ਠੀਕ ਕਰਨ ਲਈ ਐਂਟੀ ਐਲਰਜੀ ਦਵਾਈ ਲਈ ਜਾ ਸਕਦੀ ਹੈ, ਪਰ ਅਸਲ ਤਰੀਕਾ ਇਹ ਹੈ ਕਿ ਐਲਰਜੀ ਕਰਨ ਵਾਲੀਆਂ ਵਸਤੂਆਂ ਜਾਂ ਕਾਰਨਾਂ ਤੋਂ ਪ੍ਰਹੇਜ਼ ਕੀਤਾ ਜਾਏ।
ਆਓ ਜਾਣੀਏ ਅਦਿੱਖ ਬਿਮਾਰੀਆਂ ਦੇ ਦ੍ਰਿਸ਼ਟਮਾਨ ਲੱਛਣ
ਅਜੀਤ ਡੈਸਕ
27-03-2026