ਮਲੇਰਕੋਟਲਾ, 21 ਜਨਵਰੀ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪਿਛਲੇ ਲੰਬੇ ਸਮੇਂ ਤੋਂ ਮਲੇਰਕੋਟਲਾ ਸ਼ਹਿਰ ਦੇ ਅੰਦਰ ਭਿਖਾਰੀਆਂ ਵਲੋਂ ਟੋਲੇ ਬਣਾ ਕੇ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਪਰ ਹੁਣ ਸੰਬੰਧਿਤ ਵਿਭਾਗ ਵਲੋਂ ਇਸ ਅਹਿਮ ਮਾਮਲੇ ਸਬੰਧੀ ਹਰਕਤ ਵਿਚ ਆਉਂਦਿਆਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ | ਪ੍ਰਾਪਤ ਹੋਈ ਸ਼ਿਕਾਇਤ ਦੇ ਆਧਾਰ 'ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪ੍ਰਦੀਪ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰੋਜੈਕਟ ਜੀਵਨਜੋਤ ਤਹਿਤ ਬਾਬਾ ਆਤਮਾ ਰਾਮ ਦੀ ਸਮਾਧ ਦੇ ਆਲੇ-ਦੁਆਲੇ ਬਾਲ ਭਿੱਖਿਆ ਸਬੰਧੀ ਵਿਸ਼ੇਸ਼ ਜਾਂਚ ਕੀਤੀ ਗਈ | ਇਸ ਦਾ ਮੁੱਖ ਉਦੇਸ਼ ਜਨਤਕ ਧਾਰਮਿਕ ਸਥਾਨਾਂ 'ਤੇ ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਉਣਾ ਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ | ਜਾਂਚ ਦੌਰਾਨ ਟੀਮ ਵਲੋਂ ਸਮਾਧ ਦੇ ਮੁੱਖ ਦਰਵਾਜ਼ਿਆਂ, ਪਰਿਕਰਮਾ ਖੇਤਰ, ਨੇੜਲੇ ਰਸਤੇ ਤੇ ਆਸ-ਪਾਸ ਦੇ ਇਲਾਕਿਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ | ਬਾਲ ਸੁਰੱਖਿਆ ਵਿਭਾਗ ਦੀ ਟੀਮ ਦੇ ਨੁਮਾਇੰਦੇ ਨੇ ਕਿਹਾ ਕਿ ਇਸ ਦੌਰਾਨ ਕਿਸੇ ਵੀ ਬੱਚੇ ਨੂੰ ਭੀਖ ਮੰਗਦੇ ਹੋਏ ਨਹੀਂ ਪਾਇਆ ਗਿਆ ਤੇ ਇਹ ਨਤੀਜਾ ਦਰਸਾਉਂਦਾ ਹੈ ਕਿ ਪ੍ਰਸ਼ਾਸਨ ਵਲੋਂ ਬਾਲ ਭਿੱਖਿਆ ਵਿਰੁੱਧ ਚੱਲ ਰਹੀਆਂ ਲਗਾਤਾਰ ਕੋਸ਼ਿਸ਼ਾਂ ਸਹੀ ਦਿਸ਼ਾ ਵਿਚ ਅੱਗੇ ਵਧ ਰਹੀਆਂ ਹਨ | ਚੈਕਿੰਗ ਦੇ ਨਾਲ-ਨਾਲ ਟੀਮ ਵਲੋਂ ਮੌਕੇ 'ਤੇ ਮੌਜੂਦ ਸੇਵਾਦਾਰਾਂ, ਦੁਕਾਨਦਾਰਾਂ ਅਤੇ ਸ਼ਰਧਾਲੂਆਂ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਬਾਲ ਅਧਿਕਾਰਾਂ, ਬਾਲ ਭਿੱਖਿਆ ਸਬੰਧੀ ਕਾਨੂੰਨੀ ਪ੍ਰਬੰਧਾਂ ਤੇ ਬੱਚਿਆਂ ਦੀ ਸਿੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬੱਚਿਆਂ ਨੂੰ ਭੀਖ ਮੰਗਣ ਲਈ ਉਤਸ਼ਾਹਿਤ ਨਾ ਕੀਤਾ ਜਾਵੇ ਅਤੇ ਜੇ ਕਿਤੇ ਵੀ ਅਜਿਹਾ ਮਾਮਲਾ ਨਜ਼ਰ ਆਵੇ ਤਾਂ ਤੁਰੰਤ ਚਾਈਲਡ ਲਾਈਨ ਨੰਬਰ ਸੂਚਨਾ ਦਿੱਤੀ ਜਾਵੇ | ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਪ੍ਰੋਜੈਕਟ ਜੀਵਨਜੋਤ 2.0 ਤਹਿਤ ਅਜਿਹੀਆਂ ਚੈਕਿੰਗਾਂ ਤੇ ਜਾਗਰੂਕਤਾ ਮੁਹਿੰਮਾਂ ਭਵਿੱਖ ਵਿਚ ਵੀ ਨਿਰੰਤਰ ਜਾਰੀ ਰਹਿਣਗੀਆਂ, ਤਾਂ ਜੋ ਹਰ ਬੱਚੇ ਨੂੰ ਭਿਖਿਆ, ਸ਼ੋਸ਼ਣ ਤੇ ਅਸੁਰੱਖਿਅਤ ਜੀਵਨ ਤੋਂ ਬਚਾ ਕੇ ਇੱਕ ਸੁਰੱਖਿਅਤ, ਸਿੱਖਿਆ ਯੋਗ ਅਤੇ ਸੁਨਹਿਰਾ ਭਵਿੱਖ ਦਿੱਤਾ ਜਾ ਸਕੇ | ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਮੁਬੀਨ ਕੁਰੇਸ਼ੀ, ਸਬ-ਇੰਸਪੈਕਟਰ ਕਰਨਜੀਤ ਸਿੰਘ, ਕੌਂਸਲਰ ਰਵਿੰਦਰ ਕੌਰ, ਸਿੱਖਿਆ ਵਿਭਾਗ ਤੋਂ ਕੁਲਵੀਰ ਸਿੰਘ ਰਟੌਲ, ਮੀਡੀਆ ਸਹਾਇਕ ਪ੍ਰਗਟ ਸਿੰਘ ਹਾਜ਼ਰ ਸਨ |