ਭਵਾਨੀਗੜ੍ਹ, 21 ਜਨਵਰੀ (ਲਖਵਿੰਦਰ ਪਾਲ ਗਰਗ) - ਪਿੰਡ ਚੰਨੋਂ ਕੋਲ ਨੈਸ਼ਨਲ ਹਾਈਵੇ 'ਤੇ ਇੱਕ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਹਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਮੱਤਾਂ ਜ਼ਿਲ੍ਹਾ ਫ਼ਰੀਦਕੋਟ ਵਲੋਂ ਪੁਲਿਸ ਕੋਲ ਲਿਖਾਏ ਗਏ ਬਿਆਨਾ ਅਨੁਸਾਰ ਕਿ ਉਹ ਆਪਣੇ ਸਾਲੇ ਮਨਪ੍ਰੀਤ ਸਿੰਘ ਉਮਰ 26 ਸਾਲ ਵਾਸੀ ਪਿੰਡ ਤੂਤ ਜ਼ਿਲ੍ਹਾ ਫ਼ਿਰੋਜਪੁਰ ਨਾਲ ਆਪਣੇ-ਆਪਣੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਭਵਾਨੀਗੜ੍ਹ ਤੋਂ ਪਟਿਆਲੇ ਵਲ ਨੂੰ ਜਾ ਰਹੇ ਸੀ ਤਾਂ ਜਦੋਂ ਉਹ ਪਿੰਡ ਚੰਨੋਂ ਕੋਲ ਪਹੁੰਚੇ ਤਾਂ ਟਰੈਫ਼ਿਕ ਜ਼ਿਆਦਾ ਹੋਣ ਕਾਰਨ ਉਹ ਆਪਣੇ ਸਾਲੇ ਦੇ ਮੋਟਰਸਾਈਕਲ ਤੋਂ ਥੋੜ੍ਹਾ ਪਿੱਛੇ ਰਹਿ ਗਿਆ ਪਰ ਜਦੋਂ ਹੀ ਉਹ ਚੰਨੋਂ ਦੇ ਅੱਡੇ ਤੋਂ ਥੋੜ੍ਹਾ ਅੱਗੇ ਗਿਆ ਉਸ ਨੇ ਦੇਖਿਆ ਕਿ ਮਨਪ੍ਰੀਤ ਸਿੰਘ ਆਪਣੇ ਮੋਟਰਸਾਈਕਲ ਸਮੇਤ ਸੜਕ 'ਤੇ ਡਿਗ ਕੇ ਗੰਭੀਰ ਜ਼ਖ਼ਮੀ ਹੋਇਆ ਪਿਆ ਸੀ | ਜਿਸ ਦੇ ਮੋਟਰਸਾਈਕਲ ਨੂੰ ਕਿਸੇ ਨਾ ਮਾਲੂਮ ਵਾਹਨ ਵਲੋਂ ਟੱਕਰ ਮਾਰ ਦਿੱਤੀ ਸੀ | ਉਹ ਗੰਭੀਰ ਜ਼ਖ਼ਮੀ ਹੋਏ ਮਨਪ੍ਰੀਤ ਸਿੰਘ ਨੂੰ ਰਾਹਗੀਰਾਂ ਦੀ ਮਦਦ ਨਾਲ ਐਂਬੂਲੈਂਸ ਰਾਹੀ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲੈ ਕੇ ਗਿਆ ਤਾਂ ਉੱਥੇ ਡਾਕਟਰਾਂ ਨੇ ਮਨਪ੍ਰੀਤ ਸਿੰਘ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਇਸ ਸਬੰਧੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਸਾਲਾ ਮਨਪ੍ਰੀਤ ਸਿੰਘ ਜੋ ਕਿ ਹਾਲੇ ਕੁਆਰਾ ਸੀ ਤੇ ਜ਼ਿਲ੍ਹਾ ਪਟਿਆਲੇ ਦੇ ਪਿੰਡ ਸੰਦਾਰਸੀ ਵਿਖੇ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ | ਇਸ ਸਬੰਧੀ ਕਾਲਾਝਾੜ ਚੌਂਕੀ ਦੇ ਸਹਾਇਕ ਸਬ-ਇੰਸਪੈਕਟਰ ਮਨਦੀਪ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਨਾਮਾਲੂਮ ਵਾਹਨ ਤੇ ਉਸ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |