ਸੰਗਰੂਰ, 21 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਵਪਾਰ ਮੰਡੀ ਸੰਗਰੂਰ ਦੇ ਪ੍ਰਧਾਨ ਅਮਰਜੀਤ ਸਿੰਘ ਟੀਟੂ ਦੇ ਅੱਜ ਇੱਕ ਸੜਕ ਹਾਦਸੇ ਦੌਰਾਨ ਫੱਟੜ ਹੋਣ ਦਾ ਸਮਾਚਾਰ ਹੈ | ਸੰਗਰੂਰ-ਪਟਿਆਲਾ ਸੜਕ ਉੱਤੇ ਸੰਗਰੂਰ ਸ਼ਹਿਰ ਤੋਂ ਕੁੱਝ ਦੂਰੀ ਉੱਤੇ ਸਥਿਤ ਗੋਲਡਨ ਅਰਥ ਸਕੂਲ ਨਜ਼ਦੀਕ ਵਾਪਰੇ ਇਸ ਸੜਕ ਹਾਦਸੇ ਵਿਚ ਫੱਟੜ ਹੋਏ ਅਮਰਜੀਤ ਸਿੰਘ ਟੀਟੂ ਜੋ ਸਿਵਲ ਹਸਪਤਾਲ ਸੰਗਰੂਰ ਦੀ ਐਮਰਜੈਂਸੀ ਵਿਚ ਜ਼ੇਰੇ ਇਲਾਜ ਹਨ, ਨੇ ਸੜਕ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਡਰਾਇਵਰ ਜਾਂ ਨਿੱਜੀ ਸਹਾਇਕ ਗੁਰਪ੍ਰੀਤ ਸਿੰਘ ਅਤੇ ਮਿੱਤਰ ਰੌਬਿਨ ਸ਼ਰਮਾ ਨਾਲ ਚੰਡੀਗੜ੍ਹ ਜਾ ਰਹੇ ਸਨ ਅਮਰਜੀਤ ਸਿੰਘ ਟੀਟੂ ਉਪਰੋਕਤ ਸਕੂਲ ਨਜ਼ਦੀਕ ਪੁੱਜੇ ਤਾਂ ਸਾਹਮਣਿਓ ਗ਼ਲਤ ਸਾਈਡ ਤੋਂ ਆ ਰਹੇ ਮੋਟਰਸਾਇਕਲ ਸਵਾਰ ਨੰੂ ਬਚਾਉਂਦਿਆਂ ਕਾਰ ਬੇਕਾਬੂ ਹੋ ਕੇ ਇੱਕ ਦਰਖ਼ਤ ਨਾਲ ਟਕਰਾ ਗਈ | ਅਮਰਜੀਤ ਸਿੰਘ ਟੀਟੂ ਨਾਲ ਮੌਜੂਦ ਰੌਬਿਨ ਸ਼ਰਮਾ ਦੀ ਹਾਲਤ ਨੰੂ ਦੇਖਦਿਆਂ ਉਸ ਨੰੂ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਜਦ ਕਿ ਗੁਰਪ੍ਰੀਤ ਸਿੰਘ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ | ਡਾਕਟਰ ਹਰਬੰਸ ਸਿੰਘ ਅਤੇ ਡਾਕਟਰ ਕੇ.ਡੀ. ਕਾਹਲ ਨੇ ਦੱਸਿਆ ਕਿ ਪ੍ਰਧਾਨ ਟੀਟੂ ਦੀ ਹਾਲਤ ਠੀਕ ਹੈ ਪਰ ਕੁੱਝ ਗੁੱਝੀਆਂ ਸੱਟਾਂ ਜ਼ਰੂਰ ਹਨ | ਅਮਰਜੀਤ ਸਿੰਘ ਟੀਟੂ ਸੰਗਰੂਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਹੇ ਹਨ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਨਰਿੰਦਰ ਕੌਰ ਉੱਪਲ ਮੌਜੂਦਾ ਕੌਂਸਲਰ ਹਨ | ਹਸਪਤਾਲ ਵਿਚ ਵੱਖ-ਵੱਖ ਰਾਜਨੀਤਿਕ, ਧਾਰਮਿਕ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ, ਸਾਬਕਾ ਪ੍ਰਧਾਨ ਰਿਪੂ ਢਿੱਲੋਂ, ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ, ਏ.ਪੀ. ਸਿੰਘ ਬਾਬਾ, ਮੁਲਾਜ਼ਮ ਆਗੂ ਪੁਸ਼ਪਿੰਦਰ ਸਿੰਘ ਸੈਣੀ, ਕੌਂਸਲਰ ਸਤਿੰਦਰ ਸੈਣੀ, ਸੰਦੀਪ ਦਾਨੀਆ, ਕੌਂਸਲਰ ਜੋਤੀ ਗਾਬਾ, ਕੌਂਸਲਰ ਨੱਥੂ ਲਾਲ ਢੀਂਗਰਾ, ਵਿਜੈ ਸਾਹਨੀ ਆਦਿ ਨੇ ਅਮਰਜੀਤ ਸਿੰਘ ਟੀਟੂ ਦਾ ਹਾਲ-ਚਾਲ ਜਾਣਿਆ |