ਬਾਘਾ ਪੁਰਾਣਾ, 30 ਮਾਰਚ (ਟਿੰਕੂ ਕਾਠਪਾਲ)-ਬਲਾਕ ਸੰਮਤੀ ਬਾਘਾ ਪੁਰਾਣਾ ਦੇ ਨਵ ਨਿਯੁਕਤ ਚੇਅਰਮੈਨ ਬੀਬੀ ਸਰਬਜੀਤ ਕੌਰ ਨੂੰ ਡਾ. ਜਗਦੇਵ ਸਿੰਘ ਕਾਲੇਕੇ ਆਪ ਪਾਰਟੀ ਬਲਾਕ ਪ੍ਰਧਾਨ ਨੇ ਵਧਾਈ ਦਿੰਦਿਆਂ ਕਿਹਾ ਕਿ ਸਰਬਜੀਤ ਕੌਰ ਦੇ ਚੇਅਰਮੈਨ ਬਣਨ ਨਾਲ ਹਲਕੇ ਦੇ ਪਿੰਡਾਂ ਵਿਚ ਵਿਕਾਸ ਦੀ ਲਹਿਰ ਪਹਿਲਾਂ ਨਾਲੋਂ ਵੀ ਤੇਜ਼ ਹੋਵੇਗੀ ਅਤੇ ਲੋਕਾਂ ਨੂੰ ਵੱਡੇ ਪੱਧਰ 'ਤੇ ਫ਼ਾਇਦਾ ਪਹੁੰਚੇਗਾ | ਡਾ. ਕਾਲੇਕੇ ਨੇ ਕਿਹਾ ਕਿ ਸਰਬਜੀਤ ਕੌਰ ਇਕ ਮਿਹਨਤੀ, ਇਮਾਨਦਾਰ ਅਤੇ ਲੋਕਾਂ ਨਾਲ ਜੁੜੀ ਹੋਈ ਆਗੂ ਹਨ, ਜਿਨ੍ਹਾਂ ਨੇ ਹਮੇਸ਼ਾ ਹੀ ਜਨ ਸੇਵਾ ਨੂੰ ਪਹਿਲ ਦਿੱਤੀ ਹੈ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਉਹ ਆਪਣੇ ਨਵੇਂ ਅਹੁਦੇ 'ਤੇ ਰਹਿੰਦੇ ਹੋਏ ਹਲਕੇ ਦੇ ਪਿੰਡਾਂ ਵਿਚ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਯਕੀਨੀ ਬਣਾਉਣਗੇ | ਇਸ ਦੌਰਾਨ ਡਾ. ਜਗਦੇਵ ਸਿੰਘ ਕਾਲੇਕੇ ਨੇ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਨੂੰ ਵੀ ਵਧਾਈ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਵਿਧਾਇਕ ਦੀ ਦੂਰ ਅੰਦੇਸ਼ੀ ਸੋਚ ਅਤੇ ਸਿਆਸੀ ਸਮਝ ਬੂਝ ਦੇ ਕਾਰਨ ਇਕ ਯੋਗ ਅਤੇ ਮਿਹਨਤੀ ਆਗੂ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ | ਅੰਤ ਵਿਚ ਆਪ ਪਾਰਟੀ ਬਲਾਕ ਪ੍ਰਧਾਨ ਡਾ. ਕਾਲੇਕੇ ਨੇ ਇਕ ਵਾਰ ਫਿਰ ਸਰਬਜੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਬਾਘਾ ਪੁਰਾਣਾ ਹਲਕੇ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ 'ਤੇ ਲੈ ਕੇ ਜਾਣਗੇ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉੱਤਰਨਗੇ |