15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਫਿਲੌਰ ’ਚ ਛੱਠ ਪੂਜਾ ਦੌਰਾਨ ਵੱਡਾ ਹਾਦਸਾ: ਪਟਾਕਿਆਂ ਦੀ ਚੰਗਿਆੜੀ ਨਾਲ ਪਰਾਲੀ ਨੂੰ ਲੱਗੀ ਭਿਆਨਕ ਅੱਗ

ਫਿਲੌਰ, 15 ਨਵੰਬਰ (ਅਮਰਜੀਤ ਸਿੰਘ ਮੋਨੂੰ)-ਫਿਲੌਰ ਵਿਖੇ ਸਤਲੁਜ ਦਰਿਆ ਦੇ ਕੰਢੇ ਛੱਠ ਪੂਜਾ ਦੇ ਤਿਉਹਾਰ ਦੌਰਾਨ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਪਟਾਕਿਆਂ ਦੀ ਇਕ ਚੰਗਿਆੜੀ ਕਾਰਨ ਗੁੱਜਰ ਭਾਈਚਾਰੇ ਦੇ ਡੇਰੇ ਵਿਚ ਪਈ ਪਰਾਲੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ਨੇ ...

ਅਜੀਤ ਡੈਸਕ 15-11-2026
ਫਾਇਰ ਫਾਈਟਰਾਂ ਨਾਲ ਕਥਿਤ ਬਦਸਲੂਕੀ ਤੇ ਹੱਥੋਪਾਈ ਦੇ ਦੋਸ਼, ਮੀਡੀਆ ਕਰਮਚਾਰੀਆਂ ਦੇ ਦਖ਼ਲ ਤੋਂ ਬਾਅਦ ਮੁੜ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਫਿਲੌਰ, 15 ਨਵੰਬਰ (ਅਮਰਜੀਤ ਸਿੰਘ ਮੋਨੂੰ)-ਫਿਲੌਰ ਵਿਖੇ ਸਤਲੁਜ ਦਰਿਆ ਦੇ ਕੰਢੇ ਛੱਠ ਪੂਜਾ ਦੇ ਤਿਉਹਾਰ ਦੌਰਾਨ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਪਟਾਕਿਆਂ ਦੀ ਇਕ ਚੰਗਿਆੜੀ ਕਾਰਨ ਗੁੱਜਰ ਭਾਈਚਾਰੇ ਦੇ ਡੇਰੇ ਵਿਚ ਪਈ ਪਰਾਲੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ਨੇ ਦੇਖਦੇ ਹੀ ਦੇਖਦੇ ਵਿਕਰਾਲ ਰੂਪ ਧਾਰਨ ਕਰ ਲਿਆ, ਜਿਸ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਫਗਵਾੜਾ ਤੋਂ ਵੀ ਬੁਲਾਉਣਾ ਪਿਆ।

ਜਾਣਕਾਰੀ ਅਨੁਸਾਰ ਛੱਠ ਪੂਜਾ ਦਾ ਤਿਉਹਾਰ ਮਨਾਉਣ ਲਈ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਸਤਲੁਜ ਦਰਿਆ ਦੇ ਕੰਢੇ ਪਹੁੰਚੇ ਹੋਏ ਸਨ। ਇਸ ਦੌਰਾਨ ਖੁਸ਼ੀ ਵਿਚ ਚਲਾਏ ਜਾ ਰਹੇ ਪਟਾਕਿਆਂ ਦੀ ਚੰਗਿਆੜੀ ਉੱਡ ਕੇ ਗੁੱਜਰ ਭਾਈਚਾਰੇ ਦੇ ਡੇਰੇ ਵਿਚ ਪਈ ਪਰਾਲੀ ’ਤੇ ਜਾ ਡਿੱਗੀ। ਇਸ ਕਾਰਨ ਪਰਾਲੀ ਨੂੰ ਅੱਗ ਲੱਗ ਗਈ ਅਤੇ ਅੱਗ ਤੇਜ਼ੀ ਨਾਲ ਫੈਲਣ ਲੱਗੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਫਿਲੌਰ ਫਾਇਰ ਸਟੇਸ਼ਨ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਗ ਦੀ ਤੀਬਰਤਾ ਨੂੰ ਦੇਖਦਿਆਂ ਫਗਵਾੜਾ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪਈਆਂ।

ਇਸ ਸਬੰਧੀ ਮੁਹੰਮਦ ਸਦੀਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਟਾਕਿਆਂ ਦੀ ਚੰਗਿਆੜੀ ਕਾਰਨ ਉਨ੍ਹਾਂ ਦੀ ਪਰਾਲੀ ਨੂੰ ਅੱਗ ਲੱਗੀ ਹੈ, ਜਿਸ ਨਾਲ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।

ਘਟਨਾ ਦੀ ਜਾਣਕਾਰੀ ਮਿਲਣ ’ਤੇ ਫਿਲੌਰ ਦੇ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੈਡਮ ਹਰਜੋਤ ਕੌਰ ਲੋਹਟੀਆ ਨੇ ਵੀ ਘਟਨਾ ਸਥਾਨ ’ਤੇ ਪਹੁੰਚ ਕੇ ਹਾਲਾਤ ਬਾਰੇ ਜਾਣਕਾਰੀ ਹਾਸਲ ਕੀਤੀ।

ਫਾਇਰ ਫਾਈਟਰਾਂ ਨਾਲ ਬਦਸਲੂਕੀ ਅਤੇ ਹੱਥੋਪਾਈ ਦੇ ਦੋਸ਼

ਅੱਗ ਬੁਝਾਉਣ ਦੌਰਾਨ ਇਕ ਹੋਰ ਵਿਵਾਦ ਉਸ ਸਮੇਂ ਪੈਦਾ ਹੋ ਗਿਆ, ਜਦੋਂ ਫਾਇਰ ਫਾਈਟਰਾਂ ਨੇ ਦੋਸ਼ ਲਗਾਇਆ ਕਿ ਮੌਕੇ ’ਤੇ ਕੁਝ ਲੋਕਾਂ ਵਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਹੱਥੋਪਾਈ ਵੀ ਕੀਤੀ ਗਈ। ਇਸ ਤੋਂ ਨਾਰਾਜ਼ ਹੋ ਕੇ ਫਾਇਰ ਫਾਈਟਰ ਆਪਣੀਆਂ ਗੱਡੀਆਂ ਲੈ ਕੇ ਵਾਪਸ ਜਾਣ ਲੱਗੇ।

ਹਾਲਾਂਕਿ ਮੌਕੇ ’ਤੇ ਮੌਜੂਦ ਮੀਡੀਆ ਕਰਮਚਾਰੀਆਂ ਵਲੋਂ ਬੇਨਤੀ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੁੜ ਘਟਨਾ ਸਥਾਨ ’ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦੀ ਕਾਰਵਾਈ ਜਾਰੀ ਰੱਖੀ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

ਫਾਇਰ ਫਾਈਟਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡਿਊਟੀ ਦੌਰਾਨ ਉਨ੍ਹਾਂ ਨਾਲ ਕਥਿਤ ਬਦਸਲੂਕੀ ਅਤੇ ਹੱਥੋਪਾਈ ਕਰਨ ਵਾਲੇ ਵਿਅਕਤੀਆਂ ਦੀ ਜਾਂਚ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਘਟਨਾ ਨੇ ਧਾਰਮਿਕ ਸਮਾਗਮਾਂ ਦੌਰਾਨ ਪਟਾਕੇ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਅਤੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਨੂੰ ਇੱਕ ਵਾਰ ਫਿਰ ਉਜਾਗਰ ਕੀਤਾ ਹੈ।

 

 
ਪਿਛਲੀ ਖ਼ਬਰ ਗੁਰੂਹਰਸਹਾਏ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ ਅਗਲੀ ਖ਼ਬਰ ਇੰਗਲੈਂਡ ਦੇ ਲੈਸਟਰ ’ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ