ਕੋਟ ਈਸੇ ਖਾਂ, 21 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ ਸਿੰਘ ਉਬਰਾਏ ਮੋਗਾ ਇਕਾਈ ਦੀ ਟੀਮ ਰਾਹੀਂ ਜ਼ਿਲੇ੍ਹ ਦੀਆਂ 180 ਦੇ ਕਰੀਬ ਵਿਧਵਾ ਔਰਤਾਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਹਰ ਮਹੀਨੇ ਪੈਨਸ਼ਨ ਦੇ ਕੇ ਉਨ੍ਹਾਂ ਦਾ ਸਹਾਰਾ ਬਣ ਰਹੇ ਹਨ | ਜ਼ਿਲੇ੍ਹ ਦੇ ਕੋਟ ਈਸੇ ਖਾਂ ਇਲਾਕੇ ਦੀਆਂ ਤਕਰੀਬਨ 23 ਪੈਨਸ਼ਨਾਂ ਟਰੱਸਟ ਦੀ ਸਥਾਨਕ ਸੰਨੀ ਓਬਰਾਏ ਕਲੀਨੀਕਲ ਲੈਬ 'ਤੇ ਵੰਡੀਆਂ ਗਈਆਂ | ਇਹ ਚੈੱਕ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਟਰੱਸਟੀ ਅਤੇ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਜ਼ਿਲ੍ਹਾ ਪੈੱ੍ਰਸ ਸਕੱਤਰ ਭਵਨਦੀਪ ਸਿੰਘ ਪੁਰਬਾ, ਟਰੱਸਟੀ ਰਾਮ ਸਿੰਘ ਜਾਨੀਆ ਤੇ ਹੋਰ ਮੌਜੂਦ ਰਹੇ | ਟਰੱਸਟੀਆਂ ਦੱਸਿਆ ਕਿ ਮੋਗਾ ਅਤੇ ਕੋਟ ਈਸੇ ਖਾਂ ਏਰੀਏ ਦੇ ਲੋਕਾਂ ਨੂੰ ਲੈਬ ਦੀ ਵੀ ਬਹੁਤ ਵੱਡੀ ਸਹੂਲਤ ਹੈ | ਗਰੀਬ ਲੋਕਾਂ ਲਈ ਇਹ ਲੈਬ ਵਰਦਾਨ ਹੈ ਕਿਉਂਕਿ ਇੱਥੇ ਖੂਨ ਨਾਲ ਸਬੰਧਿਤ ਸਾਰੇ ਟੈੱਸਟ 70 ਫ਼ੀਸਦੀ ਛੋਟ ਨਾਲ ਕੀਤੇ ਜਾਂਦੇ ਹਨ | ਸੰਸਥਾ ਦੇ ਬਾਨੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਨਾਲ-ਨਾਲ ਲੋਕ ਭਲਾਈ ਦੇ ਕਈ ਹੋਰ ਕਾਰਜ, ਜਿਨ੍ਹਾਂ ਵਿਚ ਅੱਖਾਂ ਦੇ ਫ਼ਰੀ ਕੈਂਪ, ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਦੀਆਂ ਫ਼ੀਸਾਂ, ਮੈਡੀਕਲ ਸਹਾਇਤਾ, ਕਈ ਤਰਾਂ ਦੇ ਹੱਥੀਂ ਹੁਨਰ ਵਾਲੇ ਸਿਖਲਾਈ ਕੋਰਸ, ਸਕੂਲਾਂ ਅਤੇ ਜਨਤਕ ਸਥਾਨਾਂ ਤੇ ਸਾਫ਼ ਪਾਣੀ ਵਾਲੇ ਆਰ.ਓ. ਲਗਾਏ ਜਾਂਦੇ ਹਨ | ਇਸ ਮੌਕੇ ਲੋੜਵੰਦਾਂ ਨੇ ਟਰੱਸਟੀਆਂ ਦਾ ਧੰਨਵਾਦ ਕੀਤਾ |