ਰੂਪਨਗਰ,02 ਜੂਨ (ਯਸ਼ਵੰਤ ਬੱਸੀ)- ਸੇਵਾ ਕੇਂਦਰਾਂ ਦੇ ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ।ਮੁਲਾਜ਼ਮਾਂ ਨਾਲ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਕੀਤੇ ਜਾ ਰਹੇ ਵਾਅਦੇ ਹਕੀਕਤ ਤੋਂ ਕੋਹਾਂ ਦੂਰ ਹੈ ।ਜਥੇਬੰਦੀ ਦੇ ਰੂਪਨਗਰ ਬਲਾਕ ਦੇ ਪ੍ਰਧਾਨ ਮੋਹਰ ਸਿੰਘ ਖਾਬੜਾ ਨੇ ਦੱਸਿਆ ਕਿ ਰੋਪੜ ਜਿਲੇ ਦੇ 23 ਸੇਵਾ ਕੇਂਦਰਾਂ ਚ 100 ਤੋਂ ਵੱਧ ਮੁਲਾਜ਼ਮ ਪਿਛਲੇ ਕਰੀਬ 10 ਸਾਲਾਂ ਤੋਂ ਸੇਵਾ ਨਿਭਾ ਰਹੇ ਹਨ ਮੁਲਾਜ਼ਮਾਂ ਨੂੰ ਕਰੀਬ 10 -12 ਹਜਾਰ ਰੁਪਏ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ ।ਆਗੂਆਂ ਨੇ ਦੱਸਿਆ ਕਿ ਨਾ ਤਾਂ ਮੁਲਾਜ਼ਮਾਂ ਨੂੰ ਪੱਕੀ ਨੌਕਰੀ ਦਿੱਤੀ ਗਈ ਅਤੇ ਨਾ ਹੀ ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕੀਤਾ ਗਿਆ ਹੈ ।ਪੰਜਾਬ ਸਰਕਾਰ ਚੋਣਾਂ ਦੇ ਵਿੱਚ ਆਊਟਸੋਰਸਡ ਕਾਮਿਆਂ ਨੂੰ ਪੱਕੇ ਕਰਨ ਅਤੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਕਰਨ ਵਰਗੀਆਂ ਮੰਗਾਂ ਦਾ ਲਾਰਾ ਲਾ ਕੇ ਸੱਤਾ ਦੇ ਵਿੱਚ ਆਈ ਸੀ ,ਪ੍ਰੰਤੂ ਸਾਡੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਨਾ ਮੁਲਾਜ਼ਮ ਪੱਕੇ ਕੀਤੇ ਨਾ ਪੁਰਾਣੀ ਪੈਨਸ਼ਨ ਬਹਾਲ ਕੀਤੀ ।ਇਸੇ ਕਰਕੇ ਹਰ ਵਿਭਾਗ ਦੇ ਮੁਲਾਜ਼ਮ ਅਤੇ ਪੈਨਸ਼ਨਰ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਕਰ ਰਹੇ ਹਨ ।ਜਥੇਬੰਦੀ ਦੇ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੇਵਾ ਕੇਂਦਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਨੇ ਮੁਲਾਜ਼ਮ ਆਗੂਆਂ ਨਾਲ ਮੀਟਿੰਗ ਕਰਕੇ ਕੋਈ ਹੱਲ ਨਾ ਕੀਤਾ ਤਾਂ ਮੁਲਾਜ਼ਮ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਰਲ ਕੇ ਇਸ ਸੰਘਰਸ਼ ਨੂੰ ਅੱਗੇ ਵਧਾਉਣਗੀਆਂ ।ਅੱਜ ਦੀ ਰੈਲੀ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਰੂਪਨਗਰ ਬਲਾਕ ਪ੍ਰਧਾਨ ਮੋਹਰ ਸਿੰਘ ਖਾਬੜਾ ਜਸਵੰਤ ਸਿੰਘ ਗੇਕੀ ਸੀਨੀਅਰ ਮੀਤ ਪ੍ਰਧਾਨ ਜਿਲਾ ਰੂਪਨਗਰ,ਬਲਵਿੰਦਰ ਸਿੰਘ ਸਰਪੰਚ ਚਕਲਾ ,ਭੁਪਿੰਦਰ ਸਿੰਘ ਖਾਬੜਾ ਪਰਮਜੀਤ ਸਿੰਘ ਫੌਜੀ ,ਸੇਵਾ ਕੇਂਦਰ ਮੁਲਾਜਮ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਮਾਝਾ ,ਜਿਲਾ ਪ੍ਰਧਾਨ ਪਰਮਿੰਦਰ ਸਿੰਘ ,ਸਤੀਸ਼ ਕੁਮਾਰ ,ਜਗਦੇਵ ਕੌਸ਼ਲ ,ਨਵਦੀਪ ਕੌਰ ,ਰਜੀਆ ਬੇਗਮ ,ਰਮਨਦੀਪ ਕੌਰ ,ਦਵਿੰਦਰ ਕੌਰ ਰੁਪਿੰਦਰਜੀਤ ਕੌਰ ,ਪਰਮਿੰਦਰ ਕੌਰ ਅਤੇ ਮਨਮੋਹਣ ਸਿੰਘ ਆਦਿ ਹਾਜ਼ਰ ਸਨ।