ਚੰਡੀਗੜ੍ਹ, 2 ਜੂਨ (ਮਾਰਕੰਡਾ)- ਸਿਹਤ ਵਿਭਾਗ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਨੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਸਰਵਾਇਕਲ ਕੈਂਸਰ ਤੋਂ ਬਚਾਉਣ ਲਈ ਕਿਸ਼ੋਰ ਲੜਕੀਆਂ ਦੀ ਟੀਕਾਕਰਨ ਮੁਹਿੰਮ ਨੂੰ ਤਿੰਨ ਮਹੀਨੇ (90 ਦਿਨ) ਤੱਕ ਵਧਾਉਣ ਦਾ ਐਲਾਨ ਕਰ ਦਿੱਤਾ ਹੈ | ਇਸੇ ਮੁਹਿੰਮ ਤਹਿਤ 14 ਵਰਿ੍ਹਆਂ ਦੀ ਉਮਰ ਪੂਰੀ ਕਰ ਚੁੱਕੀਆਂ ਤੇ 15 ਵਰਿ੍ਹਆਂ ਦੀ ਉਮਰ ਪ੍ਰਾਪਤ ਨਾ ਕਰਨ ਵਾਲੀਆਂ ਸਾਰੀਆਂ ਕਿਸ਼ੋਰ ਲੜਕੀਆਂ ਨੂੰ ਮੁਫ਼ਤ ਐੱਚ.ਪੀ.ਵੀ ਟੀਕਾਕਰਨ ਉਪਲਬਧ ਕਰਵਾਇਆ ਜਾਵੇਗਾ | ਇਸ ਵਿਸਤਾਰ ਦਾ ਉਦੇਸ਼ ਉਨ੍ਹਾਂ ਲਾਭਾਰਥੀਆਂ ਨੂੰ ਅਵਸਰ ਪ੍ਰਦਾਨ ਕਰਨਾ ਹੈ, ਜੋ ਮੁਹਿੰਮ ਦੇ ਸ਼ੁਰੂਆਤੀ ਪੜਾਅ ਵਿਚ ਟੀਕਾਕਰਨ ਤੋਂ ਵੰਚਿਤ ਰਹਿ ਚੁੱਕਿਆਂ ਹਨ | ਐੱਚ.ਪੀ.ਵੀ ਟੀਕਾ (ਗਾਰਡਾਸਿਲ-4) ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਹਫ਼ਤੇ ਦੇ ਸਾਰੇ ਛੇ ਕੰਮਕਾਜੀ ਦਿਨਾਂ 'ਚ ਉਪਲਬਧ ਹੋਵੇਗਾ | ਇਹ ਟੀਕਾ ਸਰਵਾਇਕਲ ਕੈਂਸਰ ਤੇ ਹੋਰ ਐੱਚ.ਪੀ.ਵੀ ਨਾਲ ਸਬੰਧਿਤ ਹੋਰ ਬਿਮਾਰੀਆਂ ਤੋਂ ਬਚਾਅ ਦਾ ਸੁਰੱਖਿਅਤ ਤੇ ਪ੍ਰਭਾਵੀ ਮਾਧਿਅਮ ਹੈ | ਸਿਹਤ ਮਾਹਿਰਾਂ ਅਨੁਸਾਰ ਸਿਫ਼ਾਰਿਸ਼ ਕੀਤੀ ਉਮਰ ਵਿਚ ਟੀਕਾਕਰਨ ਵਾਇਰਸ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ ਅਧਿਕਤਮ ਸੁਰੱਖਿਆ ਪ੍ਰਦਾਨ ਕਰਦਾ ਹੈ | ਸਿਹਤ ਵਿਭਾਗ ਨੇ ਮਾਪਿਆਂ, ਸਰਪ੍ਰਸਤਾਂ, ਵਿੱਦਿਅਕ ਸੰਸਥਾਵਾਂ, ਸਮੁਦਾਇਕ ਨੇਤਾਵਾਂ ਤੇ ਆਮ ਜਨਤਾ ਨੂੰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਤੇ ਸਾਰੀਆਂ ਪਾਤਰ ਕਿਸ਼ੋਰ ਲੜਕੀਆਂ ਦਾ ਟੀਕਾਕਰਨ ਸੁਨਿਸ਼ਚਿਤ ਕਰਨ ਦੀ ਅਪੀਲ ਕੀਤੀ ਹੈ |