ਲੁਧਿਆਣਾ, 26 ਮਾਰਚ (ਜਤਿੰਦਰ ਭੰਬੀ)-ਅਮਰੀਕਾ-ਇਜਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਯੁੱਧ ਕਾਰਨ ਦੇਸ਼ ਵਿਚ ਆਈ ਗੈਸ ਦੀ ਕਿੱਲਤ ਨੂੰ ਦੇਖਦੇ ਹੋਏ ਕੋਵਿਡ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕ ਸਭਾ ਵਿਚ ਕੀਤੇ ਸੰਬੋਧਨ ਤੋਂ ਬਾਅਦ ਹਰ ਇਕ ਵਿਅਕਤੀ ਵਲੋਂ ਆਪੋਂ ਆਪਣੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ ਕਿ ਕਿਤੇ ਦੇਸ਼ ਭਰ ਵਿਚ ਮੁੜ ਅਜਿਹੇ ਹਾਲਾਤ ਨਾ ਬਣ ਜਾਣ, ਜਦਕਿ ਦੇਸ ਦੇ ਪ੍ਰਧਾਨ ਮੰਤਰੀ ਮੋਦੀ ਵਲੋਂ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪੂਰੇ ਦੇਸ਼ ਵਾਸੀਆਂ ਨੂੰ ਸੰਦੇਸ਼ ਦੇ ਕੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮੌਜੂਦਾ ਹਾਲਾਤਾਂ ਨਾਲ ਨਜਿੱਠਣ ਲਈ ਅਸੀਂ ਕੋਰੋਨਾ ਕਾਲ ਵਾਂਗ ਤਿਆਰ-ਬਰ-ਤਿਆਰ ਹਾਂ ਤੇਲ ਦੀ ਕੋਈ ਕਿੱਲਤ ਨਾ ਆਏ ਇਸ ਕਰਕੇ ਅਸੀਂ ਕਈ ਦੇਸ਼ਾਂ ਨਾਲ ਕੱਚਾ ਤੇਲ ਲੈਣ ਲਈ ਸੰਪਰਕ ਵਿਚ ਹਾਂ, ਪਰ ਬਹੁਤੇ ਲੋਕਾਂ ਵਲੋਂ ਇਸ ਨੂੰ ਨਾਂਹ ਪੱਖੀ ਸੋਚ ਨਾਲ ਲਿਆ ਜਾ ਰਿਹਾ ਹੈ ਕਿਉਂ ਕਿ ਸਨਅਤੀ ਸ਼ਹਿਰ ਲੁਧਿਆਣਾ ਅੰਦਰ ਜਿਵੇਂ ਹੀ ਦੋ ਪੈਟਰੋਲ ਪੰਪ ਬੰਦ ਦੇਖੇ ਗਏ ਤਾਂ ਲੋਕਾਂ ਵਿਚ ਹਫੜਾ-ਦਫੜੀ ਮੱਚ ਗਈ ਅਤੇ ਇਕ-ਦੂਜੇ ਨਾਲ ਫ਼ੋਨ 'ਤੇ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਦੇਖਦੇ ਹੋਏ ਜਿੱਥੇ ਲੋਕਾਂ ਵਿਚ ਘਬਰਾਹਟ ਦਾ ਮਾਹੌਲ ਦੇਖਣ ਨੂੰ ਮਿਲਿਆ ਉਥੇ ਹੀ ਇਕ-ਦੂਜੇ ਤੋਂ ਪੈਟਰੋਲ ਪੰਪ ਬੰਦ ਹੋਣ ਦੇ ਕਾਰਨ ਜਾਣਨ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਕਿਤੇ ਇਹ ਆਉਣ ਵਾਲ ਦਿਨਾਂ ਵਿਚ ਪੈਟਰੋਲ ਦੀ ਦਿੱਕਤ ਆਉਣ ਦੇ ਸੰਕੇਤ ਤਾਂ ਨਹੀਂ ਕਿਉਂ ਕਿ ਦੁੱਗਰੀ ਅਤੇ ਚੰਡੀਗੜ੍ਹ ਰੋਡ 'ਤੇ ਸਥਿਤ ਪੈਟਰੋਲ ਪੰਪਾਂ ਦੇ ਬੰਦ ਹੋਣ ਦੀ ਖ਼ਬਰ ਸ਼ਹਿਰ ਅੰਦਰ ਜੰਗਲ ਦੀ ਅੱਗ ਵਾਂਗ ਫੈਲ ਗਈ | ਜਦ ਇਸ ਸਬੰਧੀ ਪੈਟਰੋਲ ਪੰਪ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਨੂੰ ਆਪਣਾ ਨਿੱਜੀ ਕਾਰਨ ਦੱਸਦੇ ਹੋਏ ਕਿਹਾ ਕਿ ਇਕ ਦੋ ਦਿਨਾਂ ਵਿਚ ਪੈਟਰੋਲ ਪੰਪ 'ਤੇ ਕੰਮ ਆਮ ਦਿਨਾਂ ਵਾਂਗ ਸ਼ੁਰੂ ਹੋ ਜਾਵੇਗਾ |
ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ-ਜ਼ਿਲ੍ਹਾ ਕੰਟਰੋਲਰ ਲਖਵੀਰ ਸਿੰਘ
ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਈਸਟ ਦੇ ਜ਼ਿਲ੍ਹਾ ਕੰਟਰੋਲਰ ਲਖਵੀਰ ਸਿੰਘ ਨੇ ਦੱਸਿਆ ਕਿ ਗੈਸ ਅਤੇ ਤੇਲ ਦੀ ਕੋਈ ਕਿੱਲਤ ਨਹੀਂ ਲੋਕ ਬੇਵਜ੍ਹਾ ਘਬਰਾਅ ਰਹੇ ਹਨ, ਜਦ ਕਿ ਘਬਰਾਉਣ ਵਾਲੀ ਅਜਿਹੀ ਕੋਈ ਗੱਲ ਨਹੀਂ ਉਨ੍ਹਾਂ ਪੈਟਰੋਲ ਅਤੇ ਡੀਜ਼ਲ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪੈਟਰੋਲ ਪੰਪਾਂ 'ਤੇ ਆਮ ਦਿਨਾਂ ਵਾਂਗ ਹੀ ਲੋਕ ਤੇਲ ਪਵਾ ਰਹੇ ਹਨ, ਜਦ ਉਨ੍ਹਾਂ ਨੂੰ ਦੋ ਪੈਟਰੋਲ ਪੰਪ ਬੰਦ ਹੋਣ ਬਾਰੇ ਪੁੱਛਿਆਂ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਵਲੋਂ ਕਿਸੇ ਨਿੱਜੀ ਕਾਰਨਾਂ ਕਰਕੇ ਬੰਦ ਕੀਤੇ ਹੋਣ ਤਾਂ ਕੁੱਝ ਕਿਹਾ ਨਹੀਂ ਜਾ ਸਕਦਾ, ਪਰ ਤੇਲ ਦੀ ਕੋਈ ਕਮੀ ਨਹੀਂ ਸ਼ਹਿਰ ਦੇ ਸਾਰੇ ਪੈਟਰੋਲ ਪੰਪਾਂ 'ਤੇ ਸੁਚਾਰੂ ਢੰਗ ਨਾਲ ਤੇਲ ਦੀ ਸਪਲਾਈ ਜਾਰੀ ਹੈ ਲੋਕਾਂ ਨੂੰ ਕਿਸੇ ਕਿਸਮ ਦੀ ਘਬਰਾਉਣ ਦੀ ਲੋੜ ਨਹੀਂ ਹੈ |
ਸਨਅਤੀ ਸ਼ਹਿਰ ਦੇ ਦੋ ਪੈਟਰੋਲ ਪੰਪ ਬੰਦ ਹੋਣ ਤੋਂ ਬਾਅਦ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ <br/>
ਅਜੀਤ ਡੈਸਕ
27-03-2026