ਲੁਧਿਆਣਾ, 26 ਮਾਰਚ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਨਗਰ ਨਿਗਮ ਵਲੋਂ ਸਥਾਨਕ ਸਰਕਾਰ ਮੰਤਰੀ ਸੰਜੀਵ ਅਰੋੜਾ ਦੇ ਨਿਰਦੇਸ਼ਾਂ ਅਧੀਨ ਚਲਾਈ ਗਈ ਸਫਾਈ ਮੁਹਿੰਮ ਉਮੀਦਾਂ 'ਤੇ ਖਰੀ ਨਹੀਂ ਉਤਰ ਰਹੀ | ਮੈਦਾਨੀ ਹਾਲਾਤਾਂ ਮੁਤਾਬਕ ਕਈ ਇਲਾਕਿਆਂ ਵਿਚ ਗੰਦਗੀ ਅਤੇ ਕੂੜੇ ਦੇ ਢੇਰ ਅਜੇ ਵੀ ਮੌਜੂਦ ਹਨ, ਜਿਸ ਨਾਲ ਉਕਤ ਮੁਹਿੰਮ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਵਲੋਂ ਡੋਗ ਸੰਚੁਰੀ ਅਤੇ ਤਾਜਪੁਰ ਡੰਪਿਗ ਸਾਈਟਾਂ ਦਾ ਦੌਰਾ ਤਾਂ ਜਰੂਰ ਕੀਤਾ ਗਿਆ | ਪਰ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਸਫਾਈ ਪ੍ਰਬੰਧਾਂ ਦੀ ਵਿਆਪਕ ਜਾਂਚ ਅਜੇ ਤਕ ਨਹੀ ਹੋ ਸਕੀ | ਇਸ ਕਾਰਨ ਮੁਹਿੰਮ ਦਾ ਪ੍ਰਭਾਵ ਸੀਮਿਤ ਰਹਿ ਗਿਆ ਹੈ | ਜੋਨਲ ਕਮਿਸ਼ਨਰਾਂ ਵਲੋਂ ਵੀ ਕੁੱਝ ਚੁਨਿੰਦੇ ਇਲਾਕਿਆਂ ਦਾ ਹੀ ਨਿਰੀਖਣ ਕੀਤਾ ਗਿਆ | ਜਦਕਿ ਕਈ ਹੋਰ ਇਲਾਕਿਆਂ ਵਿਚ ਸਫਾਈ ਪ੍ਰਬੰਧਾਂ ਦੀ ਸਮੀਖਿਆ ਨਹੀ ਹੋਈ | ਇਸ ਨੂੰ ਲੈਕੇ ਸਥਾਨਕ ਵਸਨੀਕਾਂ ਵਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਮੁਹਿੰਮ ਜਿਆਦਾਤਰ ਖਾਨਾਪੂਰਤੀ ਤਕ ਹੀ ਸੀਮਿਤ ਰਹੀ | ਸ਼ਹਿਰ ਦੇ ਕੁੱਝ ਪ੍ਰਮੁੱਖ ਸਥਾਨਾਂ ਦੀ ਸਥਿਤੀ ਵੀ ਚਿੰਤਾਜਨਕ ਹੈ | ਡੀ.ਸੀ ਦਫਤਰ ਦੇ ਸਾਹਮਣੇ ਖਾਲੀ ਪਲਾਟ ਵਿਚ ਲੰਮੇਂ ਸਮੇਂ ਤੋ ਕੂੜਾ ਇਕੱਠਾ ਪਿਆ ਹੋਇਆ ਹੈ, ਜਿਸ ਨੰੂ ਹਟਾਉਣ ਲਈ ਅਜੇ ਤਕ ਕੋਈ ਵੱਡੀ ਕਾਰਵਾਈ ਨਹੀ ਹੋਈ | ਇਸੇ ਤਰ੍ਹਾਂ ਫਾਊੰਾਟੇਨ ਚੌਂਕ ਨੇੜੇ ਫਲਾਈੳਵਰ ਹੇਠਾਂ ਵੀ ਕੂੜੇ ਦੇ ਢੇਰ ਮੌਜੂਦ ਹਨ | ਇਸ ਦੌਰਾਨ ਬੁੱਢਾ ਦਰਿਆ ਨਵੀਨੀਕਰਨ ਪ੍ਰੋਜੈਕਟ ਸੰਬੰਧੀ ਉਚ ਪੱਧਰੀ ਮੀਟਿੰਗ ਕੀਤੀ ਗਈ | ਪਰ ਸ਼ਹਿਰ ਦੀ ਰੋਜਾਨਾ ਸਫਾਈ ਨਾਲ ਜੁੜੇ ਮੁੱਦਿਆਂ ਤੇ ਹੋਰ ਧਿਆਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ | ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਜੇ ਨਗਰ ਨਿਗਮ ਵਲੋ ਸਫਾਈ ਮੁਹਿੰਮ ਦੀ ਨਿਗਰਾਨੀ ਮਜ਼ਬੂਤ ਕੀਤੀ ਜਾਵੇ ਅਤੇ ਸਾਰੇ ਇਲਾਕਿਆਂ ਵਿਚ ਇਕ ਸਾਰ ਕਾਰਵਾਈ ਕੀਤੀ ਜਾਵੇ ਤਾਂ ਸਥਿਤੀ ਵਿਚ ਸੁਧਾਰ ਸੰਭਵ ਹੈ | ਫਿਲਹਾਲ ਲੋਕ ਨਿਗਮ ਪ੍ਰਸ਼ਾਸਨ ਵਲੋਂ ਢੁੱਕਵੇਂ ਅਤੇ ਪ੍ਰਭਾਵਸ਼ਾਲੀ ਕਦਮਾਂ ਦੀ ਉਮੀਦ ਕਰ ਰਹੇ ਹਨ |