11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਅਮਰੀਕਾ-ਭਾਰਤ ਮੁਕਤ ਵਪਾਰ ਸਮਝੌਤਾ ਕਿਸਾਨਾਂ ਲਈ ਘਾਤਕ - ਕਿਰਤੀ ਕਿਸਾਨ ਯੂਨੀਅਨ

ਅਜੀਤ ਡੈਸਕ 18-07-2026
ਤਰਨ ਤਾਰਨ, 17 ਜੁਲਾਈ (ਪਰਮਜੀਤ ਜੋਸ਼ੀ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੀ ਅਹਿਮ ਮੀਟਿੰਗ ਪਿੰਡ ਸਖੀਰਾ ਦੇ ਗੁਰਦੁਆਰਾ ਸਾਹਿਬ ਮਾਈ ਦਾਸ ਵਿਖੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਪੰਨੂੰ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ’ਚ ਅਹੁਦੇਦਾਰਾਂ, ਪਿੰਡ ਇਕਾਈਆਂ ਦੇ ਨੁੰਮਾਇੰਦਿਆਂ ਅਤੇ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਦੇਸ਼ ਅਤੇ ਪੰਜਾਬ ਦੇ ਕਿਸਾਨਾਂ ਸਾਹਮਣੇ ਖੜ੍ਹੀਆਂ ਗੰਭੀਰ ਚੁਣੌਤੀਆਂ, ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਆਉਣ ਵਾਲੇ ਸੰਘਰਸ਼ਾਂ ਦੀ ਰੂਪ-ਰੇਖਾ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ 22 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਦੇ ਹੋਏ ਬੀ.ਜੇ.ਪੀ. ਦੇ ਸਥਾਨਕ ਆਗੂ ਹਰਜੀਤ ਸਿੰਘ ਦੇ ਤਰਨ ਤਾਰਨ ਰਿਹਾਇਸ਼ ਅੱਗੇ ਦਿੱਤੇ ਜਾ ਰਹੇ ਧਰਨੇ ’ਚ ਕਿਰਤੀ ਕਿਸਾਨ ਯੂਨੀਅਨ ਵਲੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਜਾਵੇਗੀ। । ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਸਿੰਘ, ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਪੰਨੂੰ, ਜ਼ਿਲ੍ਹਾ ਸਕੱਤਰ ਸਤਪਾਲ ਸਿੰਘ ਨੱਥੋਕੇ ਨੇ ਕਿਹਾ ਕਿ ਅਮਰੀਕਾ-ਭਾਰਤ ਮੁਕਤ ਵਪਾਰ ਸਮਝੌਤਾ ਭਾਰਤੀ ਖੇਤੀਬਾੜੀ, ਸਰਕਾਰੀ ਮੰਡੀ ਪ੍ਰਣਾਲੀ ਅਤੇ ਦੇਸ਼ ਦੀ ਖੁਰਾਕੀ ਸੁਰੱਖਿਆ ਲਈ ਗੰਭੀਰ ਖਤਰਾ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦਾ ਅਸਲ ਮਕਸਦ ਸਰਮਾਏਦਾਰ ਅਤੇ ਵਿਕਸਿਤ ਦੇਸ਼ਾਂ ਦੇ ਵਾਧੂ ਖੇਤੀ ਉਤਪਾਦ ਨੂੰ ਭਾਰਤ ਦੀ ਮੰਡੀ ’ਚ ਖਪਾਉਣਾ ਹੈ, ਜਿਸ ਨਾਲ ਦੇਸ਼ ਦੇ ਕਰੋੜਾਂ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ।
ਉਨ੍ਹਾਂ ਕਿਹਾ ਕਿ ਜੇ ਇਹ ਸਮਝੌਤਾ ਲਾਗੂ ਹੋਇਆ ਤਾਂ ਸਰਕਾਰੀ ਖਰੀਦ ਪ੍ਰਣਾਲੀ, ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਅਤੇ ਮੰਡੀ ਸਿਸਟਮ ਨੂੰ ਵੱਡਾ ਝਟਕਾ ਲੱਗੇਗਾ, ਜਿਸ ਦੇ ਨਤੀਜੇ ਵਜੋਂ ਕਿਸਾਨ ਹੋਰ ਵੱਡੇ ਆਰਥਿਕ ਸੰਕਟ ’ਚ ਧੱਕੇ ਜਾਣਗੇ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੀ ਜ਼ਮੀਨ ’ਤੇ ਕਾਰਪੋਰੇਟ ਕੰਪਨੀਆਂ ਦਾ ਕਬਜ਼ਾ ਕਰਵਾਉਣ ਵੱਲ ਇਕ ਖਤਰਨਾਕ ਕਦਮ ਹੈ। ਇਸ ਨੀਤੀ ਨੂੰ ਕਿਸੇ ਵੀ ਕੀਮਤ ’ਤੇ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਸ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਭਾਖੜਾ-ਬਿਆਸ ਮੈਨੇਜਮੈਂਟ ਬੋਰਡ ’ਚੋਂ ਪੰਜਾਬ ਦੀ ਨੁੰਮਾਇੰਦਗੀ ਖਤਮ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਆਗੂਆਂ ਨੇ ਕਿਹਾ ਕਿ ਇਹ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਸੂਬੇ ਦੇ ਸੰਵਿਧਾਨਕ ਅਧਿਕਾਰਾਂ ’ਤੇ ਸਿੱਧਾ ਹਮਲਾ ਹੈ। ਇਕ ਵੱਖਰੇ ਮਤੇ ਰਾਹੀਂ ਕਿਸਾਨਾਂ ਵਲੋਂ ਸਹਿਕਾਰੀ ਖੰਡ ਮਿੱਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਚੱਲ ਰਹੇ ਪੱਕੇ ਮੋਰਚੇ ਵਿਚ ਆਉਣ ਵਾਲੇ ਸਮੇਂ ਵਿਚ ਹੋਰ ਵੱਧ ਚੜ੍ਹ ਕੇ ਸ਼ਾਮਿਲ ਹੋਣ ਦਾ ਭਰੋਸਾ ਦਿੱਤਾ ਗਿਆ। ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਸੰਘਰਸ਼ੀਲ ਕਿਸਾਨਾਂ ਨਾਲ ਤੁਰੰਤ ਗੱਲਬਾਤ ਕਰਕੇ ਸਹਿਕਾਰੀ ਖੰਡ ਮਿੱਲ ਸੇਰੋਂ ਨੂੰ ਮੁੜ ਤੋਂ ਚਾਲੂ ਕਰਵਾਇਆ ਜਾਵੇ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਚੈਨ ਸਿੰਘ, ਬਲਵੰਤ ਸਿੰਘ ਖਾਰਾ, ਮੇਹਰ ਸਿੰਘ ਸਖੀਰਾ, ਵਰਿਆਮ ਸਿੰਘ, ਸਰਦਾਰਾ ਸਿੰਘ ਸਖੀਰਾ, ਜਗਵੰਤ ਸਿੰਘ, ਭੁਪਿੰਦਰ ਸਿੰਘ ਸਖੀਰਾ, ਸੂਬੇਦਾਰ ਸੁਲੱਖਣ ਸਿੰਘ ਸਖੀਰਾ, ਸੂਬੇਦਾਰ ਸਤਵੰਤ ਸਿੰਘ, ਕੱਥਾ ਸਿੰਘ, ਬੂਟਾ ਸਿੰਘ, ਗੁਰਚਰਨ ਸਿੰਘ, ਜਰਨੈਲ ਸਿੰਘ ਜੋਰਾ ਸਿੰਘ, ਅੰਗਰੇਜ਼ ਸਿੰਘ ਪ੍ਰਧਾਨ ਸਰਹਾਲੀ ਖੁਰਦ, ਮਿੱਡਾ ਵਲੀਪੁਰ ਪ੍ਰਧਾਨ ਵਲੀਪੁਰ, ਅੰਗਰੇਜ਼ ਸਿੰਘ, ਅਰਮਾਨ ਸਿੰਘ ਗੋਰਖਾ, ਜਸਬੀਰ ਸਿੰਘ ਮਾਣੋਚਾਲ੍ਹ, ਸਵਰਨ ਸਿੰਘ ਸੂਰਵਿੰਡ, ਤਰਸੇਮ ਸਿੰਘ ਲੱਖਣਾ, ਬਲਜੀਤ ਸਿੰਘ ਲੌਹਕਾ, ਗੁਰਜਿੰਦਰ ਸਿੰਘ ਮੁਗਲਚੱਕ, ਸੁਖਦੇਵ ਸਿੰਘ ਮੈਂਬਰ, ਗੁਰਨਾਮ ਸਿੰਘ ਤੱਖਤੂਚੱਕ, ਬਲਕਾਰ ਸਿੰਘ ਜੰਡੋਕੇ, ਸਰਬਜੀਤ ਸਿੰਘ ਢੋਟਾ, ਵਿਰਸਾ ਸਿੰਘ ਸਰਹਾਲੀ, ਅਮਰ ਸਿੰਘ ਸਖੀਰਾ, ਦਿਲਬਾਗ ਸਿੰਘ, ਜਸਪਾਲ ਸਿੰਘ ਸਰਵ ਸਾਂਝੀ ਸਾਬਕਾ ਸੈਨਿਕ ਸੰਘਰਸ਼ ਕਮੇਟੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਝੰਡੇਰ ਮਹਾਂਪੁਰਖਾਂ ਦੀ ਪੰਚਾਇਤ ਵਲੋਂ ਬੀ.ਐੱਲ.ਓ. ਉਂਕਾਰ ਸਿੰਘ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਜਾਅਲੀ ਅਸਲ੍ਹਾ ਲਾਇਸੰਸ ਬਣਾਉਣ ’ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।