11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਭਾਰਤ ਵਲੋਂ ਪ੍ਰਿੰਗੜੀ ਵਿਖੇ ਕਿਸਾਨ ਕਨਵੈਨਸ਼ਨ

ਅਜੀਤ ਡੈਸਕ 18-07-2026
ਹਰੀਕੇ ਪੱਤਣ, 17 ਜੁਲਾਈ (ਸੰਜੀਵ ਕੁੰਦਰਾ)–ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਭਾਰਤ ਵਲੋਂ ਕਸਬਾ ਹਰੀਕੇ ਪੱਤਣ ਨਜ਼ਦੀਕ ਪਿੰਡ ਪ੍ਰਿੰਗੜੀ ਦ ਗੁਰਦੁਆਰਾ ਬਾਬਾ ਹਰਨਾਮ ਸਿੰਘ ਵਿਖੇ ਵਿਸ਼ਾਲ ਕਿਸਾਨ ਕਨਵੈਨਸ਼ਨ ਕਰਵਾਈ ਗਈ। ਇਸ ਕਨਵੈਨਸ਼ਨ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਨਾਲ ਸੰਬੰਧਤ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਦੇ ਸੂਬਾਈ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਨੇ ਭਾਰਤ ਸਰਕਾਰ ਵਲੋਂ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਕੀਤੇ ਜਾ ਰਹੇ ਕਰ-ਮੁਕਤ ਵਪਾਰ ਸਮਝੌਤਿਆਂ ਦੇ ਕਿਸਾਨੀ, ਖੇਤੀਬਾੜੀ ਅਤੇ ਦੇਸ਼ ਦੀ ਆਰਥਿਕਤਾ ‘ਤੇ ਪੈਣ ਵਾਲੇ ਸੰਭਾਵਿਤ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕਿਸਾਨ ਆਗੂ ਗੁਰਸੇਵਕ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਨੀਤੀ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਖੋਹਣ ਦਾ ਸਾਧਨ ਬਣ ਰਹੀ ਹੈ। ਉਨ੍ਹਾਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਵੱਖ-ਵੱਖ ਧੱਕਿਆਂ ਦਾ ਵੀ ਜ਼ਿਕਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਖਾਲੜਾ ਸਾਹਿਬ ਦੀ ਜੀਵਨੀ ‘ਤੇ ਆਧਾਰਿਤ ਫ਼ਿਲਮ ਸਮੇਤ ਹੋਰ ਅਹਿਮ ਸਮਾਜਿਕ ਅਤੇ ਕੌਮੀ ਮੁੱਦਿਆਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਲਖਵਿੰਦਰ ਸਿੰਘ ਔਲਖ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਫ਼ਸਲਾਂ ਦੇ ਲਾਭਕਾਰੀ ਭਾਅ, ਐਮ ਐਸ ਪੀ ‘ਤੇ ਖਰੀਦ ਦੀ ਕਾਨੂੰਨੀ ਗਾਰੰਟੀ, ਬੀਜ, ਖਾਦ ਅਤੇ ਕੀੜੇਮਾਰ ਦਵਾਈਆਂ ਦੇ ਨਾਂ ‘ਤੇ ਕਿਸਾਨਾਂ ਨਾਲ ਹੋ ਰਹੀ ਲੁੱਟ ਅਤੇ ਯੂਰੀਆ ਘੁਟਾਲੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਗੁਰਿੰਦਰ ਸਿੰਘ ਭੰਗੂ ਨੇ ਪੰਜਾਬ ਸਰਕਾਰ ਵਲੋਂ ਲਿਆਂਦੀ ਗਈ ਕਿਸਾਨ ਮਾਰੂ ਲੈਂਡ ਪੁਲਿੰਗ ਪਾਲਿਸੀ ਤੇ ਕਿਸਾਨਾਂ ਉੱਤੇ ਲਗਾਤਾਰ ਵੱਧ ਰਹੇ ਕਰਜ਼ੇ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ਬਚਿੱਤਰ ਸਿੰਘ ਕੋਟਲਾ ਨੇ ਡੇਅਰੀ ਧੰਦੇ ਵਿਚ ਕਿਸਾਨਾਂ ਨੂੰ ਹੋ ਰਹੇ ਵੱਧਦੇ ਆਰਥਿਕ ਘਾਟੇ, ਨਕਲੀ ਦੁੱਧ ਅਤੇ ਉਸ ਤੋਂ ਬਣ ਰਹੀਆਂ ਮਿਲਾਵਟੀ ਖਾਣ-ਪੀਣ ਦੀਆਂ ਵਸਤੂਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਅੰਕੜਿਆਂ ਸਮੇਤ ਆਪਣੀ ਗੱਲ ਰੱਖੀ। ਕਨਵੈਨਸ਼ਨ ਦੇ ਸਮੁੱਚੇ ਪ੍ਰਬੰਧ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟਬੁੱਢਾ) ਦੇ ਆਗੂ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਕੀਤੇ ਗਏ । ਅੰਤ ਵਿਚ ਇੰਦਰਜੀਤ ਸਿੰਘ ਕੋਟਬੁੱਢਾ ਨੇ ਪੰਜਾਬ ਅਤੇ ਹਰਿਆਣਾ ਤੋਂ ਪਹੁੰਚੇ ਸੂਬਾਈ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਾਲ 2025 ਦੌਰਾਨ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਬਕਾਇਆ ਮੁਆਵਜ਼ਾ ਜਲਦ ਜਾਰੀ ਕਰਨ ਦੀ ਮੰਗ ਵੀ ਉਠਾਈ। ਇਸ ਮੌਕੇ ਸਰਬਸੰਮਤੀ ਨਾਲ ਐਲਾਨ ਕੀਤਾ ਗਿਆ ਕਿ 5 ਅਗਸਤ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ (ਗੈਰ ਸਿਆਸੀ) ਭਾਰਤ ਦੀ ਅਗਵਾਈ ਹੇਠ ਲੈਂਡ ਪੁਲਿੰਗ ਨੀਤੀ, ਕਰ-ਮੁਕਤ ਵਪਾਰ ਸਮਝੌਤਿਆਂ ਦੇ ਵਿਰੋਧ ਅਤੇ ਕਿਸਾਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਸਬੰਧੀ ਜ਼ਿਲ੍ਹਾ ਡੀ.ਸੀ. ਦਫਤਰਾਂ ਰਾਹੀਂ ਭਾਰਤ ਸਰਕਾਰ ਨੂੰ ਮੰਗ-ਪੱਤਰ ਸੌਂਪੇ ਜਾਣਗੇ। ਕਿਸਾਨ ਆਗੂ ਮੰਗਲ ਸਿੰਘ ਸੰਧੂ ਬੀਬੀ ਪਰਮਜੀਤ ਕੌਰ ਸੂਬਾ ਪ੍ਰਧਾਨ ਬੀ ਕੇ ਯੂ ਮਾਨਸਾ ਨੇ ਵੀ ਆਪਣੇ ਵਿਚਾਰ ਰੱਖੇ। ਇਸ ਕਨਵੈਨਸ਼ਨ ਵਿਚ ਐੱਸ.ਕੇ.ਐੱਮ. ਗੈਰ ਸਿਆਸੀ ਦੇ ਸਾਰੇ ਆਗੂਆਂ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ, ਮੋਰਚਿਆਂ ਅਤੇ ਫੋਰਮਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਤੇ ਸੰਘਰਸ਼ ਕਰਨ ਦੀ ਲੋੜ ਹੈ। ਏਕਤਾ ਨਾਲ ਹੀ ਦਿੱਲੀ ਦੀ ਤਰਜ ਤੇ ਅਸੀਂ ਕਿਸਾਨਾਂ ਦੀਆਂ ਸਮੂਹ ਮੰਗਾਂ ਨੂੰ ਦੇਸ਼ ਦੀ ਹਕੂਮਤ ਤੋਂ ਪੂਰਾ ਕਰਵਾ ਸਕਾਂਗੇ!
ਪਿਛਲੀ ਖ਼ਬਰ ਮਗਨਰੇਗਾ ਕਰਮਚਾਰੀਆਂ ਤੇ ਵਰਕਰਾਂ ਉਪਰ ਲਾਠੀਚਾਰਜ ਕਰਨਾ ਨਿੰਦਾਯੋਗ–ਪੰਡੋਰੀ, ਕੈਰੋਵਾਲ, ਰਟੌਲ ਅਗਲੀ ਖ਼ਬਰ ਕਾਂਗਰਸ ਪਾਰਟੀ ਨਾਲ ਜੁੜੇ ਪਰਿਵਾਰ ਨੂੰ ਜਥੇਦਾਰ ਕਸ਼ਮੀਰ ਸਿੰਘ ਗਗੜੇਵਾਲ ਨੇ ਕੀਤਾ ਆਪਣੀ ਪਾਰਟੀ ਵਿੱਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।