ਕਪੂਰਥਲਾ, 19 ਜੁਲਾਈ (ਸਡਾਨਾ)- ਮਾਡਰਨ ਜੇਲ੍ਹ ਵਿਚੋਂ ਨਸ਼ੀਲਾ ਪਦਾਰਥ ਤੇ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ | ਪਹਿਲੇ ਮਾਮਲੇ ਤਹਿਤ ਸਹਾਇਕ ਸੁਪਰਡੈਂਟ ਰਾਹੁਲ ਚੌਧਰੀ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਜੇਲ੍ਹ ਅੰਦਰ ਬੈਰਕਾਂ ਦੀ ਤਲਾਸ਼ੀ ਦੌਰਾਨ ਹਵਾਲਾਤੀ ਜਗਜੀਤ ਸਿੰਘ ਵਾਸੀ ਸੁਲਤਾਨਪੁਰ ਲੋਧੀ ਦੇ ਕਬਜ਼ੇ ਵਿਚੋਂ 8 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਤੇ ਉਸ ਵਿਰੁੱਧ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਸਹਾਇਕ ਸੁਪਰਡੈਂਟ ਸਤਪਾਲ ਨੇ ਦੱਸਿਆ ਕਿ ਜੇਲ੍ਹ ਦੀ ਤਲਾਸ਼ੀ ਦੌਰਾਨ ਲਾਵਾਰਸ ਹਾਲਤ ਵਿਚ ਇਕ ਮੋਬਾਈਲ ਫ਼ੋਨ ਮਿਲਿਆ | ਉਕਤ ਮਾਮਲੇ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ |