ਕਪੂਰਥਲਾ, 19 ਜੁਲਾਈ (ਅਮਰਜੀਤ ਕੋਮਲ)- ਜ਼ਿਲ੍ਹੇ ਵਿਚ 4 ਸਰਪੰਚਾਂ ਤੇ 63 ਪੰਚਾਂ ਦੀ 27 ਜੁਲਾਈ ਨੂੰ ਹੋਣ ਵਾਲੀ ਚੋਣ ਸੰਬੰਧੀ ਉਮੀਦਵਾਰਾਂ ਵਲੋਂ ਜਾਰੀ ਕੀਤੇ ਨਾਮਜ਼ਦਗੀ ਪਰਚਿਆਂ ਦੀ ਵਾਪਸੀ ਤੋਂ ਬਾਅਦ 2 ਸਰਪੰਚ ਤੇ 42 ਪੰਚ ਬਿਨ੍ਹਾਂ ਮੁਕਾਬਲਾ ਜੇਤੂ ਰਹੇ | ਵਰਿੰਦਰਪਾਲ ਸਿੰਘ ਬਾਜਵਾ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਕਪੂਰਥਲਾ ਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਕਪੂਰਥਲਾ ਦੇ ਪਿੰਡ ਚੱਕ ਦੋਨਾ ਤੋਂ ਪ੍ਰੇਮਪਾਲ ਤੇ ਪਿੰਡ ਠੀਕਰੀਵਾਲ ਤੋਂ ਦਲਜੀਤ ਸਿੰਘ ਬਿਨ੍ਹਾਂ ਮੁਕਾਬਲਾ ਸਰਪੰਚ ਬਣੇ | ਉਨ੍ਹਾਂ ਕਿਹਾ ਕਿ 27 ਜੁਲਾਈ ਨੂੰ ਕਪੂਰਥਲਾ ਬਲਾਕ ਦੇ ਪਿੰਡ ਕਾਹਲਵਾਂ ਦੇ ਵਾਰਡ ਨੰਬਰ 1 ਤੇ ਪਿੰਡ ਤੋਗਾਂਵਾਲਾ ਦੇ ਵਾਰਡ ਨੰਬਰ 3 ਤੋਂ ਪੰਚ ਦੀ ਚੋਣ ਹੋਵੇਗੀ | ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਪੂਰਥਲਾ ਬਲਾਕ ਦੇ ਪਿੰਡ ਮੁਰਾਦਪੁਰ ਵਿਚ ਸਰਪੰਚ ਦੀ ਚੋਣ ਲਈ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਪਰਚੇ ਦਾਖਲ ਨਹੀਂ ਕੀਤੇ | ਇਸੇ ਤਰ੍ਹਾਂ ਢਿਲਵਾਂ ਬਲਾਕ ਦੇ ਪਿੰਡ ਬੂਟਾਂ ਤੋਂ ਸਰਪੰਚ ਦੀ ਚੋਣ ਲਈ ਜਿਹੜੇ ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਦਾਖਲ ਕਰਵਾਏ ਸਨ, ਉਹ ਰੱਦ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹੇ ਵਿਚ ਦੋ ਪਿੰਡਾਂ ਦੇ ਸਰਪੰਚਾਂ ਤੇ 19 ਪੰਚ ਦੀਆਂ ਖਾਲੀ ਸੀਟਾਂ 'ਤੇ ਮੁੜ ਚੋਣ ਹੋਵੇਗੀ | ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਢਿਲਵਾਂ ਬਲਾਕ ਤੋਂ ਸਰਪੰਚ ਲਈ ਇਕ ਤੇ ਪੰਚ ਲਈ 12, ਕਪੂਰਥਲਾ ਬਲਾਕ ਤੋਂ ਸਰਪੰਚ ਲਈ 2 ਤੇ ਪੰਚ ਲਈ 21, ਨਡਾਲਾ ਬਲਾਕ ਤੋਂ ਪੰਚ ਲਈ 6, ਫਗਵਾੜਾ ਬਲਾਕ ਤੋਂ ਪੰਚ ਲਈ 4 ਤੇ ਸੁਲਤਾਨਪੁਰ ਲੋਧੀ ਬਲਾਕ ਤੋਂ ਪੰਚ ਲਈ 12 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਭਰੇ ਸਨ |