ਪਟਿਆਲਾ, 19 ਜੁਲਾਈ (ਅ. ਸ. ਆਹਲੂਵਾਲੀਆ)-ਪ੍ਰਸਿੱਧ ਸਿੱਖ ਵਿਦਵਾਨ ਅਤੇ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਸਿੱਖ ਇਤਿਹਾਸ ਨੂੰ ਆਪਣੀ ਕਲਮ ਰਾਹੀਂ ਕਈ ਪੁਸਤਕਾਂ 'ਚ ਪਰੋਇਆ ਹੈ | ਉਨ੍ਹਾਂ ਦੀਆਂ ਪੁਸਤਕਾਂ ਸਿੱਖੀ ਸਿਧਾਂਤਾਂ, ਇਤਿਹਾਸ, ਸਮਾਜਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਉਂਦੀਆਂ ਹਨ | ਅਜਿਹੇ ਵਿੱਚ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵਲੋਂ ਆਪਣੀ 9ਵੀਂ ਪੁਸਤਕ ਜੰਗੇ ਅਜ਼ਾਦੀ 'ਚ ਸਿੱਖਾਂ ਦੇ ਯੋਗਦਾਨ ਨਾਲ ਪ੍ਰਧਾਨ ਸ਼੍ਰੋਮਣੀ ਗੁ. ਪ੍ਰ. ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਨਮਾਨਿਤ ਕੀਤਾ ਗਿਆ | ਖਾਲਸਾ ਕਾਲਜ ਪਟਿਆਲਾ ਦੇ 65ਵੇਂ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹੁੰਚੇ ਸਨ | ਇਸ ਮੌਕੇ ਸਿੱਖ ਵਿਦਵਾਨ ਅਤੇ ਸੰਸਥਾ ਦੇ ਸਾਬਕਾ ਪ੍ਰਧਾਨ ਪ੍ਰੋ: ਬਡੂੰਗਰ ਵਲੋਂ ਉਨ੍ਹਾਂ ਨੂੰ ਆਪਣੀ ਪੁਸਤਕ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ. ਧਾਮੀ ਨੇ ਕਿਹਾ ਕਿ ਅਜ਼ਾਦੀ 'ਚ ਸਿੱਖਾਂ ਦਾ ਵਡਮੁੱਲਾ ਯੋਗਦਾਨ ਹੈ | ਉਸ ਸੰਘਰਸ਼ 'ਚ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਉਨ੍ਹਾਂ ਵਿਚੋਂ ਸੱਭ ਤੋਂ ਵਧੇਰੇ ਸ਼ਹਾਦਤਾਂ ਸਿੱਖ ਕੌਮ ਦੀਆਂ ਸਨ | ਉਨ੍ਹਾਂ ਕਿਹਾ ਕਿ ਪ੍ਰੋ. ਬਡੂੰਗਰ ਵਲੋਂ ਉਸੇ ਸੰਘਰਸ਼ ਨੂੰ ਕਲਮਬੱਧ ਕੀਤਾ ਗਿਆ ਹੈ ਜਿਹੜਾ ਕਿ ਬਹੁਤ ਸੋਹਣਾ ਕਾਰਜ ਹੈ ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਸ ਬਾਬਤ ਜਾਣੂ ਕਰਵਾਉਣਾ ਬੇਹੱਦ ਲਾਜ਼ਮੀ ਹੈ | ਇਸ ਮੌਕੇ ਸੁਰਜੀਤ ਸਿੰਘ ਗੜ੍ਹੀ ਅੰਤਿ੍ੰਗ ਕਮੇਟੀ ਮੈਂਬਰ, ਬਾਬਾ ਬੂਟਾ ਸਿੰਘ ਜੀ ਮੈਂਬਰ ਸ਼੍ਰੋਮਣੀ ਗੁ. ਪ੍ਰ. ਕਮੇਟੀ, ਭਾਗ ਸਿੰਘ ਮੈਨੇਜਰ ਗੁ. ਦੂਖ ਨਿਵਾਰਨ ਸਾਹਿਬ ਪਟਿਆਲਾ, ਡਾ. ਧਰਮਿੰਦਰ ਸਿੰਘ ਉੱਭਾ ਪਿ੍ੰਸੀਪਲ ਖਾਲਸਾ ਕਾਲਜ ਪਟਿਆਲਾ ਆਦਿ ਹਾਜ਼ਰ ਸਨ |