ਕਪੂਰਥਲਾ, 19 ਜੁਲਾਈ (ਅਮਰਜੀਤ ਕੋਮਲ)- ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਚ ਵਿਦਿਆਰਥੀਆਂ ਦੀ ਰਚਨਾਤਮਿਕਤਾ ਤੇ ਗਿਆਨ ਨੂੰ ਉਜਾਗਰ ਕਰਨ ਲਈ ਸਾਇੰਸ, ਗਣਿਤ ਅਤੇ ਕਲਾ ਦੀ ਇਕ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਦੇ ਪਿ੍ੰਸੀਪਲ ਡਾ. ਦਲਜੀਤ ਸਿੰਘ ਖਹਿਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਕੂਲ ਪਿ੍ੰਸੀਪਲ ਸਾਕਸ਼ੀ ਚੋਪੜਾ ਦੀ ਅਗਵਾਈ ਵਿਚ ਵਿਦਿਆਰਥੀਆਂ ਵਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਨੇ ਕੀਤਾ | ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਨੇ ਆਪਣੇ ਹੱਥੀ ਤਿਆਰ ਕੀਤੇ ਗਏ ਮਾਡਲ, ਕਲਾਕ੍ਰਿਤੀਆ ਤੇ ਚਿੱਤਰਾਂ ਰਾਹੀਂ ਆਪਣੇ ਗਿਆਨ, ਸੋਚ ਅਤੇ ਕਲਾ ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਗੁਰੂ ਅਮਰਦਾਸ ਪਬਲਿਕ ਸਕੂਲ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਵਿੱਦਿਆ ਦੇ ਖੇਤਰ 'ਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀ ਪੜ੍ਹਾਈ ਹੀ ਨਹੀਂ ਸਗੋਂ ਹੋਰ ਖੇਤਰਾਂ ਵਿਚ ਵੀ ਮੱਲ੍ਹਾਂ ਮਾਰ ਰਹੇ ਹਨ | ਡਾ. ਖਹਿਰਾ ਨੇ ਸਕੂਲ ਦੀ ਪ੍ਰਬੰਧਕ ਕਮੇਟੀ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦੇ ਰਹੀ ਹੈ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਭਵਿੱਖ ਵਿਚ ਸਕੂਲ ਹੋਰ ਬੁਲੰਦੀਆਂ ਨੂੰ ਛੂਹੇਗਾ | ਇਸ ਪ੍ਰਦਰਸ਼ਨੀ ਵਿਚ ਸਕੂਲ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ |