ਨਡਾਲਾ, 19 ਜੁਲਾਈ (ਰਘਬਿੰਦਰ ਸਿੰਘ)- ਬੇਅਦਬੀਆਂ 'ਤੇ ਬਣ ਰਹੇ ਕਾਨੂੰਨ ਦੀ ਸ਼ਲਾਘਾ ਕਰਦਿਆਂ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਖਿਆ ਕਿ ਸਾਰੇ ਧਰਮ ਗ੍ਰੰਥ ਸਤਿਕਾਰ ਯੋਗ ਹਨ ਕਿਸੇ ਵੀ ਧਰਮ ਦੀ ਬੇਅਦਬੀ ਨਾ ਹੋਵੇ, ਅਜਿਹਾ ਕਾਨੂੰਨ ਹੋਣ ਨਾਲ ਬੰਦੇ ਥੋੜੇ ਬਹੁਤੇ ਡਰਨਗੇ, ਹਾਂ ਪਰ ਇਹ ਨਾ ਹੋਵੇ ਕਿ ਇਸ ਕਾਨੂੰਨ ਦਾ ਦੁਰਵਰਤੋਂ ਹੋਣੀ ਸ਼ੁਰੂ ਹੋ ਜਾਵੇ ਕਿ ਕਰੇ ਕੋਈ ਤੇ ਭਰੇ ਕੋਈ | ਉਨ੍ਹਾਂ ਆਖਿਆ ਕਿ ਕਈ ਵਾਰ ਅਜਿਹੇ ਕਾਨੂੰਨਾਂ ਦੀ ਗਲਤ ਵਰਤੋਂ ਹੋਣ ਲੱਗ ਜਾਂਦੀ ਹੈ | ਕਾਨੂੰਨ ਚੰਗਾ ਹੈ ਇਹ ਗੱਲ ਧਰਮ ਗ੍ਰੰਥਾਂ 'ਤੇ ਵੀ ਲਾਗੂ ਹੋਣੀ ਹੈ ਸਾਨੂੰ ਸਾਰਿਆਂ ਨੂੰ ਇਸ ਪਾਸੇ ਧਿਆਨ ਦੇਣਾ ਪਵੇਗਾ ਕਿ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਨਾ ਹੋਵੇ ਤੇ ਜੋ ਪੰਜਾਬ ਵਿਚ ਨਸ਼ਿਆਂ ਤੇ ਧਰਮ ਪਰਿਵਰਤਨ ਦਾ ਹੜ੍ਹ ਆਇਆ ਹੋਇਆ ਹੈ ਇਸ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਯਤਨ ਕਰਨਾ ਪਵੇਗਾ | ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇੱਥੇ ਨਡਾਲਾ ਵਿਖੇ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਿਖੇ ਹਫ਼ਤਾਵਾਰੀ 'ਚ ਸਮਾਗਮ 'ਚ ਪੁੱਜੇ ਹੋਏ ਸਨ |