ਰਾਜਪੁਰਾ, 19 ਜੁਲਾਈ (ਜੀ.ਪੀ. ਸਿੰਘ)-ਕਾਂਗਰਸ ਪਾਰਟੀ ਵਲੋਂ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੰਗਠਨ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਇਕ ਲਾਮਬੰਦੀ ਬੈਠਕ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਰਹਿਨੁਮਾਈ 'ਚ ਬਲਾਕ ਦਿਹਾਤੀ ਦੇ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਦੀ ਅਗਵਾਈ 'ਚ ਸਥਾਨਕ ਬਿਰਧ ਆਸ਼ਰਮ ਵਿਖੇ ਹੋਈ | ਜਿਸ ਵਿਚ ਹਲਕੇ ਲਈ ਨਿਯੁਕਤ ਕੀਤੇ ਆਬਜ਼ਰਵਰ ਜਗਮੀਤ ਸਿੰਘ ਸਹੌਤਾ, ਕੁਆਰਡੀਨੇਟਰ ਚਮਨ ਲਾਲ ਕਲਵਾਣੂ ਅਤੇ ਪੰਜਾਬ ਕਾਂਗਰਸ ਐੱਸ.ਸੀ.ਸੇੱਲ ਦੇ ਵਾਈਸ ਚੇਅਰਮੈਨ ਦਰਸ਼ਨ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਪਹੁੰਚੇ | ਬੈਠਕ ਦੌਰਾਨ ਜਗਮੀਤ ਸਿੰਘ ਸਹੌਤਾ, ਚਮਲ ਲਾਲ ਕਲਵਾਣੂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਹਰ ਵਿਭਾਗ 'ਚ ਫ਼ੇਲ੍ਹ ਸਿੱਧ ਹੋਈ ਹੈ ਤੇ ਉਸ ਦਾ ਮੁੱਖ ਮੰਤਰੀ ਨਾਂਅ ਦਾ ਹੀ ਮੁੱਖ ਮੰਤਰੀ ਰਹਿ ਗਿਆ ਹੈ ਅਸਲ 'ਚ ਪੰਜਾਬ ਦੀ ਸਰਕਾਰ ਦਿੱਲੀ ਦੇ ਲੋਕਾਂ ਵਲੋਂ ਹਰਾ ਕੇ ਭੇਜੇ ਕੇਜਰੀਵਾਲ ਦਾ ਗਰੁੱਪ ਚਲਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਫਿਰਕਾਪ੍ਰਸਤੀ ਦੀ ਸਿਆਸਤ ਕਰਦੀ ਹੈ ਤੇ ਲੋਕਾਂ ਨੂੰ ਧਰਮ ਦੇ ਨਾਂਅ 'ਤੇ ਲੜਵਾ ਰਹੀ ਹੈ | ਜਦੋਂ ਕਿ ਕਾਂਗਰਸ ਪਾਰਟੀ ਸਭ ਧਰਮਾਂ ਅਤੇ ਜਾਤੀ ਵਰਗਾਂ ਦਾ ਸਨਮਾਨ ਕਰਦੀ ਹੈ ਤੇ ਸਭ ਨੂੰ ਨਾਲ ਲੈ ਕੇ ਚਲਦੀ ਹੈ | ਇਸ ਦੌਰਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਨਸ਼ਿਆਂ ਵਿਰੁੱਧ ਯੁੱਧ ਇਕ ਡਰਾਮਾ ਹੈ ਤੇ ਨਸ਼ਾ ਅਜੇ ਵੀ ਪੰਜਾਬ ਵਿਚ ਧੜੱਲੇ ਨਾਲ ਵਿਕ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੋਜ਼ਾਨਾ ਕਤਲੋਗਾਰਤ ਹੋ ਰਹੀ ਹੈ ਤੇ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਰਾਜਪੁਰਾ ਸ਼ਹਿਰ ਨੂੰ 3-3 ਕੌਮੀ ਪੁਰਸਕਾਰ ਮਿਲੇ ਸਨ ਤੇ ਰਾਜਪੁਰਾ ਦੇਸ਼ ਭਰ 'ਚ ਸਫਾਈ ਦੇ ਮਾਮਲੇ 'ਚ ਇਕ ਨੰਬਰ 'ਤੇ ਆਇਆ ਸੀ ਤੇ ਦੇਸ਼ ਦੇ ਰਾਸ਼ਟਰਪਤੀ ਨੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਦਿੱਲੀ ਵਿਖੇ ਪੁਰਸਕਾਰ ਦਿੱਤਾ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਰਾਜਪੁਰਾ 566ਵੇਂ ਨੰਬਰ 'ਤੇ ਆਇਆ ਹੈ ਇਸ ਲਈ ਮੌਜੂਦਾ ਵਿਧਾਇਕਾ ਜਿੰਮੇਵਾਰ ਹੈ | ਇਸ ਮੌਕੇ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ, ਕਿਸਾਨ ਸੇੱਲ ਦੇ ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਦਬਾਲੀ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੈਬ ਸਿੰਘ ਮਨੌਲੀ ਸੂਰਤ, ਵਕੀਲ ਗਗਨਦੀਪ ਸਿੰਘ, ਪ੍ਰੇਮ ਚੰਦ ਮਾਣਕਪੁਰ ਸਮੇਤ ਹੋਰਾਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ | ਇਸ ਦੋਰਾਨ ਸਰਬਜੀਤ ਸਿੰਘ ਮਾਣਕਪੁਰ, ਮਲਕੀਤ ਸਿੰਘ ਉੱਪਲਹੇੜੀ, ਪ੍ਰਧਾਨ ਗੁਰਪ੍ਰੀਤ ਸਿੰਘ ਜੰਡੋਲੀ, ਰੌਮੀ ਚਿੱਤਕਾਰਾ, ਨਵਦੀਪ ਸਿੰਘ ਨਵੀ ਨਲਾਸ ਸਮੇਤ ਹੋਰਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ |