ਕਪੂਰਥਲਾ, 18 ਜੁਲਾਈ (ਵਿ.ਪ੍ਰ.)- ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਦੀ ਅਗਵਾਈ ਵਿਚ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪਿੰਡ ਵਡਾਲਾ ਕਲੋਨੀ ਵਿਚ ਭਗਵਾਨ ਵਾਲਮੀਕਿ ਦੇ ਮੰਦਿਰ ਦੇ ਸਾਹਮਣੇ ਖੁੱਲਿ੍ਹਆ ਸ਼ਰਾਬ ਦਾ ਠੇਕਾ ਤੁਰੰਤ ਬੰਦ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇ 'ਤੇ ਸਵੇਰੇ ਸ਼ਾਮ ਲੋਕ ਆਉਂਦੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਨਸ਼ੇ ਦੀ ਹਾਲਤ ਵਿਚ ਕਈ ਵਿਅਕਤੀ ਮੰਦਿਰ ਆਉਣ ਵਾਲੀਆਂ ਔਰਤਾਂ, ਬੱਚਿਆਂ ਤੇ ਮਰਦਾਂ ਨੂੰ ਵੀ ਕਥਿਤ ਤੌਰ 'ਤੇ ਮਾੜੇ ਬੋਲ ਬੋਲਦੇ ਹਨ ਤੇ ਅਜਿਹੇ ਵਿਅਕਤੀਆਂ ਕਾਰਨ ਮੰਦਿਰ ਆਉਣ ਵਾਲੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ | ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਯੋਗ ਕਾਰਵਾਈ ਦਾ ਭਰੋਸਾ ਦਿਵਾਇਆ | ਇਸ ਮੌਕੇ ਮੋਰਚੇ ਦੇ ਆਗੂ ਡਾ. ਰੋਮੀ, ਬਲਵਿੰਦਰ ਘਾਰੂ, ਵਡਾਲਾ ਦੇ ਸਾਬਕਾ ਸਰਪੰਚ ਸ਼ਸ਼ੀਪਾਲ, ਸਤਨਾਮ ਸਿੰਘ ਵਡਾਲਾ, ਅਵਤਾਰ ਸਿੰਘ, ਸੁਖਦੇਵ ਸਿੰਘ ਪੱਪੂ, ਤਰਸੇਮ ਸਿੰਘ, ਬਲਬੀਰ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ |