ਕਪੂਰਥਲਾ, 18 ਜੁਲਾਈ (ਅਮਰਜੀਤ ਸਿੰਘ ਸਡਾਨਾ)- ਸ਼ਹਿਰ ਵਿਚ ਮਾੜੀ ਸਫ਼ਾਈ ਵਿਵਸਥਾ ਤੇ ਕੂੜੇ ਦੇ ਢੇਰਾਂ ਨਾਲ ਜੂਝ ਰਹੇ ਲੋਕਾਂ ਨੂੰ ਇਸ ਸਮੱਸਿਆ ਵਿਚੋਂ ਕੱਢਣ ਲਈ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵਲੋਂ ਪਹਿਲ ਕਦਮੀ ਕਰਦਿਆਂ ਸ਼ਹਿਰ ਵਿਚੋਂ ਕੂੜੇ ਦੇ ਢੇਰ ਚੁਕਵਾਉਣ ਦੀ ਸ਼ੁਰੂਆਤ ਕਰਵਾਈ ਗਈ ਤੇ ਉਨ੍ਹਾਂ ਖ਼ੁਦ ਨਿਗਮ ਕਮਿਸ਼ਨਰ ਦੇ ਨਾਲ ਇਸ ਕੰਮ ਦਾ ਨਿਰੀਖਣ ਵੀ ਕੀਤਾ | ਇੱਥੇ ਜ਼ਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਸ਼ਹਿਰ ਵਿਚੋਂ ਕੂੜਾ ਨਾ ਚੁੱਕੇ ਜਾਣ ਕਾਰਨ ਸ਼ਹਿਰ ਦੇ ਤਕਰੀਬਨ ਹਰ ਮੁੱਖ ਚੌਂਕ ਵਿਚ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਸਨ, ਜਿਸ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਸੀ | ਅੱਜ ਕੂੜਾ ਚੁਕਵਾਉਣ ਦੇ ਕੰਮ ਦਾ ਨਿਰੀਖਣ ਕਰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿਚੋਂ ਰੋਜ਼ਾਨਾ ਕੂੜਾ ਚੁੱਕਿਆ ਜਾਵੇ | ਉਨ੍ਹਾਂ ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਤੇ ਹੋਰ ਅਧਿਕਾਰੀਆਂ ਦੇ ਨਾਲ ਕਚਹਿਰੀ ਚੌਕ, ਗੋਲ ਕੋਠੀ ਆਦਿ ਥਾਵਾਂ ਦਾ ਨਿਰੀਖਣ ਕੀਤਾ ਤੇ ਕੂੜਾ ਚੁੱਕਣ ਤੋਂ ਬਾਅਦ ਇਨ੍ਹਾਂ ਥਾਵਾਂ 'ਤੇ ਚੂਨਾ ਪਾਉਣ ਤੇ ਫੌਗਿੰਗ ਕਰਵਾਉਣ ਦੀਆਂ ਵੀ ਹਦਾਇਤਾਂ ਕੀਤੀਆਂ | ਉਨ੍ਹਾਂ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਾਲ ਨਾਲ ਸ਼ਹਿਰ ਦੇ ਕੂੜੇ ਦੇ ਨਿਪਟਾਰੇ ਲਈ ਸਥਾਈ ਡੰਪ ਲਈ ਜ਼ਮੀਨ ਪ੍ਰਾਪਤੀ ਦੀ ਯੋਜਨਾ ਵਿਚ ਤੇਜ਼ੀ ਲਿਆਉਣ | ਉਨ੍ਹਾਂ ਸ਼ਹਿਰ ਵਿਚ ਸਵੇਰ ਤੇ ਸ਼ਾਮ ਫੌਗਿੰਗ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ, ਘਰਾਂ ਤੇ ਵਪਾਰਕ ਅਦਾਰਿਆਂ ਵਿਚ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਜਾਵੇ | ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਕੂੜੇ ਦੇ ਪੱਕੇ ਡੰਪ ਲਈ ਵੀ ਜਗ੍ਹਾ ਦਾ ਪ੍ਰਬੰਧ ਬਹੁਤ ਜਲਦੀ ਕਰ ਦਿੱਤਾ ਜਾਵੇਗਾ |