ਮਾਨਸਾ, 20 ਨਵੰਬਰ (ਮੋਹਿਤ ਬਾਂਸਲ)-ਮਾਨਸਾ ਸ਼ਹਿਰ 'ਚ ਟਰੈਫ਼ਿਕ ਸਮੱਸਿਆ ਦਿਨੋ ਦਿਨ ਵਿਕਰਾਲ ਹੁੰਦੀ ਜਾ ਰਹੀ ਹੈ | ਦੱਸ ਦੇਈਏ ਰੇਲਵੇ ਲਾਈਨ ਨੇ ਸ਼ਹਿਰ ਨੂੰ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ | ਇਕ ਪਾਸੇ ਬੱਸ ਸਟੈਂਡ, ਜ਼ਿਲ੍ਹਾ ਅਦਾਲਤੀ ਤੇ ਪ੍ਰਬੰਧਕੀ ਕੰਪਲੈਕਸ, ਨਗਰ ਕੌਂਸਲ ਦਫ਼ਤਰ, ਸੇਵਾ ਕੇਂਦਰ ਆਦਿ ਹਨ ਦੂਸਰੇ ਪਾਸੇ ਸਿਵਲ ਹਸਪਤਾਲ, ਸਕੂਲ ਤੇ ਕਾਲਜ ਅਤੇ ਲਗਪਗ ਸਾਰੇ ਬੈਂਕ ਸਥਿਤ ਹਨ | ਜਿਸ ਦੇ ਚੱਲਦਿਆਂ ਲੋਕਾਂ ਨੂੰ ਇਕ ਤੋਂ ਦੂਜੇ ਪਾਸੇ ਜਾਣ ਲਈ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਭਾਵੇਂ ਅੰਡਰ ਬਿ੍ਜ ਤਾਂ ਬਣਿਆ ਹੋਇਆ ਹੈ ਪਰ ਇਸ ਦੀ ਵਰਤੋਂ ਲੋਕ ਘੱਟ ਕਰਦੇ ਹਨ | ਬਾਰਿਸ਼ਾਂ ਸਮੇਂ ਇਸ ਬਿ੍ਜ 'ਚ ਵੱਡੀ ਮਾਤਰਾ 'ਚ ਪਾਣੀ ਭਰ ਜਾਂਦਾ ਹੈ, ਉਸ ਵੇਲੇ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ | ਰੇਲਵੇ ਦਾ ਫ਼ਿਰੋਜਪੁਰ-ਦਿੱਲੀ ਮੁੱਖ ਮਾਰਗ ਹੋਣ ਕਰ ਕੇ ਟਰੇਨਾਂ ਕਾਫ਼ੀ ਗੁਜ਼ਰਦੀਆਂ ਹਨ ਅਤੇ ਫਾਟਕ ਬੰਦ ਹੋਣ ਕਰ ਕੇ ਨਿੱਤ-ਰੋਜ਼ ਕੁਝ ਸਮੇਂ ਬਾਅਦ ਵੱਡਾ ਜਾਮ ਲੱਗ ਜਾਂਦਾ ਹੈ | ਸਿਨੇਮਾ ਤੇ ਗਊਸ਼ਾਲਾ ਰੋਡ 'ਤੇ ਵੀ ਲੋਕ ਸਮੱਸਿਆ ਨਾਲ ਦੋ-ਚਾਰ ਹੁੰਦੇ ਵੇਖੇ ਜਾ ਸਕਦੇ ਹਨ ਕਿਉਂਕਿ ਦੁਕਾਨਦਾਰਾਂ ਵਲੋਂ ਸੜਕ 'ਤੇ ਅੱਗੇ ਕੀਤੇ ਕਬਜ਼ੇ ਟਰੈਫ਼ਿਕ ਨੂੰ ਪ੍ਰਭਾਵਿਤ ਕਰਦੇ ਹਨ | ਰੇਲਵੇ ਲਾਈਨ ਦੇ ਨਾਲ ਸਬਜ਼ੀ ਮੰਡੀ ਹੋਣ ਦੇ ਬਾਵਜੂਦ ਰੇਹੜੀ ਵਾਲੇ ਬਾਜ਼ਾਰਾਂ 'ਚ ਖੜ੍ਹੇ ਹੋ ਕੇ ਆਵਾਜਾਈ ਲਈ ਮੁਸੀਬਤ ਬਣਦੇ ਹਨ ਪਰ ਟਰੈਫ਼ਿਕ ਪੁਲਿਸ ਦਾ ਇਸ ਵੱਲ ਕੋਈ ਧਿਆਨ ਨਹੀਂ | ਸਿਵਲ ਹਸਪਤਾਲ ਤੋਂ ਲੈ ਕੇ ਡਾ. ਪੁਸ਼ਪਾ ਵਾਲੀ ਗਲੀ ਤੱਕ ਬੇਤਰਤੀਬ ਪਾਰਕਿੰਗ ਅਤੇ ਆਵਾਜਾਈ ਕਾਰਨ ਅਕਸਰ ਲੰਬਾ ਜਾਮ ਲੱਗਿਆ ਰਹਿੰਦਾ ਹੈ | ਜੇਕਰ ਮਾਨਸਾ ਦੇ ਮੁੱਖ ਐਂਟਰੀ ਪੁਆਇੰਟ ਲਿੰਕ ਰੋਡ ਦੀ ਗੱਲ ਕੀਤੀ ਜਾਵੇ ਤਾਂ ਬੱਸ ਸਟੈਂਡ ਨੂੰ ਆਉਂਦੀਆਂ-ਜਾਂਦੀਆਂ ਤੇਜ਼ ਰਫ਼ਤਾਰ ਬੱਸਾਂ ਸੜਕ 'ਤੇ ਇੰਝ ਮੇਲ੍ਹਦੀਆਂ ਹਨ ਕਿ ਕਦੋਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਲੋਕਾਂ ਦੀ ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ. ਮਾਨਸਾ ਤੋਂ ਮੰਗ ਹੈ ਕਿ ਨਜਾਇਜ਼ ਕਬਜ਼ੇ ਹਟਾਉਣ ਦੇ ਨਾਲ ਹੀ ਆਵਾਜਾਈ ਨੂੰ ਸੁਖਾਲਾ ਕਰਨ ਲਈ ਮੁੱਖ ਥਾਵਾਂ 'ਤੇ ਟਰੈਫ਼ਿਕ ਕਰਮਚਾਰੀ ਪੱਕੇ ਤੌਰ 'ਤੇ ਨਿਯੁਕਤ ਕੀਤੇ ਜਾਣ |
ਮਾਨਸਾ ਸ਼ਹਿਰ 'ਚ ਟਰੈਫ਼ਿਕ ਨੇ ਧਾਰਿਆ ਵਿਕਰਾਲ ਰੂਪ, ਬਾਜ਼ਾਰ 'ਚ ਕੁਝ ਸਮੇਂ ਬਾਅਦ ਲੱਗ ਜਾਂਦਾ ਜਾਮ <br/>
ਅਜੀਤ ਡੈਸਕ
21-11-2025