ਮਾਨਸਾ, 20 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਪਿੰਡ ਖਿਆਲਾ ਕਲਾਂ, ਖਿਆਲਾ ਖ਼ੁਰਦ ਅਤੇ ਮਲਕਪੁਰ ਖਿਆਲਾ ਦੀ ਅਨਾਜ ਮੰਡੀ 'ਚ ਝੋਨੇ ਦੀ ਖ਼ਰੀਦ ਬੰਦ ਕਰਨ ਦੇ ਰੋਸ ਵਜੋਂ ਧਰਨਾ ਲਗਾਇਆ ਗਿਆ | ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਮੌਕੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਬੀਜਣ ਦਾ ਸਲਾਹ ਦਿੱਤੀ ਗਈ ਸੀ ਪਰ ਜਦੋਂ ਵੱਡੀ ਪੱਧਰ ਉੱਤੇ ਲੋਕਾਂ ਵਲੋਂ ਸਰਕਾਰ ਦੀ ਗੱਲ ਉੱਤੇ ਪਹਿਰਾ ਦਿੰਦਿਆਂ ਦੱਸੀਆਂ ਕਿਸਮਾਂ ਦੀ ਬਿਜਾਈ ਕੀਤੀ ਗਈ ਤਾਂ ਹੁਣ ਮੰਡੀਆਂ ਵਿਚ ਖ਼ਰੀਦ ਬੰਦ ਹੋਣ ਕਾਰਨ ਕਿਸਾਨ ਮੰਡੀਆਂ ਵਿਚ ਰੁਲਨ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਬੇ-ਮੌਸਮੀ ਬਰਸਾਤ ਅਤੇ ਗਰਮੀ ਪੈਣ ਕਾਰਨ ਜਿੱਥੇ ਝੋਨੇ ਦੇ ਝਾੜ ਘਟਣ ਕਾਰਨ ਨੁਕਸਾਨ ਹੋਇਆ ਹੈ ਉੱਥੇ ਹੀ ਖ਼ਰੀਦ ਬੰਦ ਹੋਣ ਕਾਰਨ ਹਫ਼ਤਿਆਂ ਬੱਧੀ ਮੰਡੀਆਂ ਵਿਚ ਪਈ ਫ਼ਸਲ ਸੁੱਕਣ ਕਾਰਨ ਦੋਹਰੀ ਮਾਰ ਪੈ ਰਹੀ ਹੈ | ਮੌਕੇ 'ਤੇ ਆਏ ਅਧਿਕਾਰੀਆਂ ਵਲੋਂ ਮੰਡੀ ਵਿਚ ਖ਼ਰੀਦ ਨੂੰ ਤੁਰੰਤ ਚਾਲੂ ਕਰਨ ਅਤੇ ਨਾਲ ਹੀ ਖੇਤਾਂ ਵਿਚ ਖੜੀ ਫ਼ਸਲ ਨੂੰ ਆਉਂਦੇ ਦਿਨਾਂ ਵਿਚ ਖ਼ਰੀਦ ਕਰਨ ਦਾ ਭਰੋਸਾ ਦੇਣ ਉਪਰੰਤ ਧਰਨਾ ਚੁੱਕਿਆ ਗਿਆ | ਇਸ ਮੌਕੇ ਬਲਜੀਤ ਸਿੰਘ ਭੈਣੀਬਾਘਾ, ਸਿਕੰਦਰ ਸਿੰਘ, ਗੁਰਸੇਵਕ ਸਿੰਘ, ਰਾਜਾ ਸਿੰਘ, ਕਰਨੈਲ ਸਿੰਘ, ਸਤਬੀਰ ਸਿੰਘ, ਜਗਸੀਰ ਸਿੰਘ, ਬੀਰਬੱਲ ਸਿੰਘ, ਪਰਗਟ ਸਿੰਘ, ਵਰਿਆਮ ਸਿੰਘ ਆਦਿ ਹਾਜ਼ਰ ਸਨ |
ਝੋਨੇ ਦੀ ਖ਼ਰੀਦ ਬੰਦ ਕਰਨ ਦੇ ਰੋਸ ਵਜੋਂ ਭਾਕਿਯੂ (ਡਕੌਂਦਾ) ਵਲੋਂ ਰੋਸ ਧਰਨਾ <br/>
ਅਜੀਤ ਡੈਸਕ
21-11-2025