ਚੁਗਿੱਟੀ/ਜੰਡੂਸਿੰਘਾ, 6 ਨਵੰਬਰ (ਨਰਿੰਦਰ ਲਾਗੂ)-ਥਾਣਾ ਰਾਮਾਂ ਮੰਡੀ ਅਧੀਨ ਆਉਂਦੇ ਖੇਤਰ ਸੁੱਚੀ ਪਿੰਡ ਦੇ ਨਜ਼ਦੀਕ ਸਥਿਤ ਇਕ ਫੈਕਟਰੀ 'ਚ ਵੁੱਡਲੈਂਡ ਕੰਪਨੀ ਦੇ ਨਕਲੀ ਬੂਟ ਬਣਾਏ ਜਾਣ ਦੇ ਮਾਮਲੇ ਦੇ ਮੱਦੇਨਜ਼ਰ ਉਕਤ ਥਾਣੇ ਦੀ ਪੁਲਿਸ ਵਲੋਂ ਕੰਪਨੀ ਦੇ ਨੁਮਾਇੰਦਿਆਂ ਤੇ ਅਦਾਲਤ ਵਲੋਂ ਨਿਯੁਕਤ ਕੀਤੇ ਗਏ ਇਕ ਅਧਿਕਾਰੀ ਨੂੰ ਨਾਲ ਲੈ ਕੇ ਫੈਕਟਰੀ 'ਚ ਛਾਪਾ ਮਾਰਿਆ ਗਿਆ | ਛਾਪਾ ਮਾਰਨ ਵਾਲੀ ਟੀਮ ਨੇ ਫੈਕਟਰੀ 'ਚੋਂ ਬੂਟ ਬਣਾਉਣ ਵਾਲਾ ਸਾਜ਼ੋ-ਸਮਾਨ ਤੇ ਵੱਡੀ ਮਾਤਰਾ 'ਚ ਨਕਲੀ ਬੂਟ ਬਰਾਮਦ ਕੀਤੇ ਹਨ | ਜਾਣਕਾਰੀ ਮੁਤਾਬਿਕ ਦਿੱਲੀ ਹਾਈ ਕੋਰਟ ਵਲੋਂ ਨਿਯੁਕਤ ਕੀਤੇ ਗਏ ਕਾਨੂੰਨੀ ਨੁਮਾਇੰਦੇ ਵੀ ਹਾਜ਼ਰ ਰਹੇ | ਮੌਕੇ 'ਤੇ ਵਕੀਲ ਵਲੋਂ ਦੱਸਿਆ ਗਿਆ ਕਿ ਸਪੀਡਵੇਜ਼ ਟਾਇਰ ਟ੍ਰੇਡਜ਼ ਨੂੰ ਵੁਡਲੈਂਡ ਕੰਪਨੀ ਵਲੋਂ ਸਾਲ 2018 'ਚ ਕੰਪਨੀ ਨਾਲ 2 ਸਾਲ ਤੱਕ ਕੰਮ ਕਰਨ ਦਾ ਇਕਰਾਰ ਕੀਤਾ ਗਿਆ ਸੀ, ਜੋ ਕਿ ਖ਼ਤਮ ਹੋ ਗਿਆ, ਪਰ ਉਸ ਤੋਂ ਬਾਅਦ ਵੀ ਲਗਾਤਾਰ ਨਕਲੀ ਬੂਟ ਬਣਾਉਣ ਦਾ ਕੰਮ ਸੁੱਚੀ ਪਿੰਡ 'ਚ ਸਥਿਤ ਉਕਤ ਕੰਪਨੀ 'ਚ ਚੱਲ ਰਿਹਾ ਸੀ | ਉਧਰ ਥਾਣਾ ਰਾਮਾਂ ਮੰਡੀ ਦੇ ਐਸ.ਐਚ.ਓ. ਮਨਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਇਲਾਕੇ 'ਚ ਇਕ ਬੂਟ ਬਣਾਉਣ ਵਾਲੀ ਫੈਕਟਰੀ ਸਥਿਤ ਹੈ ਜਿਥੇ ਅੱਜ ਛਾਪੇਮਾਰੀ ਕੀਤੀ ਗਈ ਹੈ | ਉਨ੍ਹਾਂ ਦਸਿਆ ਕਿ ਵੁੱਡਲੈਂਡ ਕੰਪਨੀ ਨਾਲ ਸਪੀਡਵੇਜ਼ ਟਾਇਰ ਕੰਪਨੀ ਦਾ ਇਕਰਾਰ ਸੀ ਤੇ ਇਹ ਅਲੱਗ-ਅਲੱਗ ਕਿਸਮ ਦੇ ਬੂਟ ਬਣਾਉਂਦੇ ਸਨ, ਪਰ ਇਹ ਇਕਰਾਰ ਖ਼ਤਮ ਹੋ ਗਿਆ ਸੀ | ਉਨ੍ਹਾਂ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਹੁਕਮ ਲੈ ਕੇ ਟੀਮ ਸਾਡੇ ਕੋਲ ਆਈ ਸੀ | ਉਸ ਤੋਂ ਬਾਅਦ ਥਾਣਾ ਰਾਮਾਂਮੰਡੀ ਦੀ ਪੁਲਿਸ ਵਲੋਂ ਇਥੇ ਛਾਪਾ ਮਾਰਿਆ ਗਿਆ | ਉਨ੍ਹਾਂ ਆਖਿਆ ਕਿ ਵੁੱਡਲੈਂਡ ਕੰਪਨੀ ਦੇ ਕਾਨੂੰਨੀ ਸੈੱਲ ਤੇ ਅਧਿਕਾਰਤ ਸੈੱਲ ਵਲੋਂ ਇਥੇ ਸਾਰੇ ਸਮਾਨ ਦੀ ਜਾਂਚ ਪੁਲਿਸ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕੰਪਨੀ ਦੇ ਨੁਮਾਇੰਦਿਆਂ ਵਲੋਂ ਜੋ ਲਿਖਤੀ ਰੂਪ 'ਚ ਸਾਮਾਨ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇਗੀ, ਉਸ ਮੁਤਾਬਿਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ, ਉਧਰ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ 'ਚ ਜੋ ਮਸ਼ੀਨਾਂ ਲੱਗੀਆਂ ਹਨ ਉਹ ਬੂਟ ਬਣਾਉਣ ਵਾਲੀਆਂ ਹਨ, ਜਿਨ੍ਹਾਂ 'ਚੋਂ ਕੁਝ ਮਸ਼ੀਨਾਂ ਬੰਦ ਤੇ ਕੁਝ ਚਾਲੂ ਹਾਲਤ 'ਚ ਹਨ | ਖ਼ਬਰ ਲਿਖੇ ਜਾਣ ਤੱਕ ਥਾਣਾ ਮੁਖੀ ਮੁਤਾਬਿਕ ਮੌਕੇ 'ਤੇ ਵੁੱਡਲੈਂਡ ਕੰਪਨੀ ਦੇ ਨੁਮਾਇੰਦਿਆਂ ਵਲੋਂ ਉਕਤ ਫੈਕਟਰੀ 'ਚੋਂ ਮਿਲੇ ਸਾਮਾਨ ਦੀ ਗਿਣਤੀ ਤੇ ਜਾਂਚ ਜਾਰੀ ਸੀ |