ਜਲੰਧਰ, 16 ਜੁਲਾਈ (ਹਰਵਿੰਦਰ ਸਿੰਘ ਫੁੱਲ)- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਜਿੱਥੇ ਸਮੁੱਚੀ ਮਾਨਵਤਾ ਆ ਕੇ ਨਤਮਸਤਕ ਹੋ ਕੇ ਆਤਮਿਕ ਸੁੱਖ ਪ੍ਰਾਪਤ ਕਰਦੀ ਹੈ, ਨੂੰ ਨੁਕਸਾਨ ਪਹੁੰਚਾਉਣ ਲਈ ਕੁੱਝ ਸਿਰ-ਫਿਰੇ ਲੋਕ ਬਾਰ-ਬਾਰ ਧਮਕੀ ਪੱਤਰ ਭੇਜ ਰਹੇ ਹਨ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ | ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਵਿਕੀ ਸਿੰਘ ਖ਼ਾਲਸਾ ਨੇ ਇੱਕ ਸਾਂਝੇ ਬਿਆਨ 'ਚ ਕਿਹਾ ਹੈ ਕਿ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲਿਆਂ ਨੂੰ ਇਤਿਹਾਸ ਤੋਂ ਸਬਕ ਲੈਣ ਦੀ ਲੋੜ ਹੈ | ਉਕਤ ਆਗੂਆਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਸ਼ਰਾਰਤੀ ਅਨਸਰਾਂ ਦਾ ਪਤਾ ਲਗਾ ਕੇ, ਉਨ੍ਹਾਂ ਨੂੰ ਅਜਿਹੀਆਂ ਮਿਸਾਲੀ ਸਜ਼ਾਵਾਂ ਦੇਣ ਕਿ ਉਹ ਆਪਣੇ ਸੁਪਨੇ 'ਚ ਵੀ ਅਜਿਹੀ ਗੰਦੀ ਭਾਵਨਾ ਮਨ 'ਚ ਨਾ ਲਿਆ ਸਕਣ | ਉਨ੍ਹਾਂ ਨਾਲ ਹੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਿੱਖ ਕੌਮ ਇਹੋ ਜਿਹੇ ਅਨਸਰਾਂ ਨਾਲ ਚੰਗੀ ਤਰ੍ਹਾਂ ਨਜਿੱਠਣਾ ਜਾਣਦੀ ਹੈ | ਆਗੂਆਂ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਉਹ ਪ੍ਰਬੰਧ ਵਿਚ ਹੋਰ ਵੀ ਚੌਕਸੀ ਲਿਆਉਣ ਤੇ ਆਪਣੇ ਤੌਰ 'ਤੇ ਅਜਿਹੇ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨ | ਸੱਚਖੰਡ ਸ੍ਰੀ ਦਰਬਾਰ ਸਾਹਿਬ ਲਈ ਹਰ ਸਿੱਖ ਨੂੰ ਸੁਚੇਤ ਹੋ ਕੇ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਸਿੱਖ ਵਿਰੋਧੀਆਂ ਅਨਸਰ ਗ਼ਲਤ ਹਰਕਤ ਨਾ ਕਰ ਸਕੇ | ਇਸ ਮੌਕੇ ਹਰਪਾਲ ਸਿੰਘ ਪਾਲੀ ਚੱਡਾ, ਅਮਨਦੀਪ ਸਿੰਘ ਬੱਗਾ, ਬੰਟੀ ਰਾਠੌਰ, ਸੁਖਦੇਵ ਸਿੰਘ, ਸੁੱਖਾ ਪਰਮਾਰ, ਪਰਮਜੀਤ ਸਿੰਘ ਪੰਮਾ, ਸੰਨੀ ਰਾਠੋੜ ਆਦਿ ਹਾਜ਼ਰ ਸਨ |