ਬਰਤਾਨੀਆਂ ਦੀ ਸੰਸਦ ਵਿਚ ਯੂਨਾਈਟਿਡ ਸਿੱਖਸ (ਗਲੋਬਲ) ਅਤੇ ਚੀਫ ਖਾਲਸਾ ਦੀਵਾਨ ਅਫਗਾਨਿਸਤਾਨ ਵਲੋਂ ਸ਼ਹੀਦੀ ਸਮਾਗਮ
ਅਜੀਤ ਡੈਸਕ
03-12-2025
ਲੰਡਨ, 2 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੀ ਸੰਸਦ ਵਿਚ ਯੂਨਾਈਟਿਡ ਸਿੱਖਸ (ਗਲੋਬਲ) ਅਤੇ ਚੀਫ ਖਾਲਸਾ ਦੀਵਾਨ ਅਫਗਾਨਿਸਤਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸਬੰਧ ਵਿਚ ਬਰਤਾਨੀਆਂ ਦੀ ਸੰਸਦ ਵਿਚ ਵਿਸ਼ੇਸ਼ ਸਮਾਗਮ ਕਰਵਾਏ ਗਏ | ਗੁਰਬਾਣੀ ਕੀਰਤਨ ਉਪਰੰਤ ਖਾਲਸਾ ਦੀਵਾਨ ਅਫਗਾਨਿਸਤਾਨ ਦੇ ਪ੍ਰਧਾਨ ਹਰਿੰਦਰ ਸਿੰਘ ਮਾਦਾਨ, ਭਜਨ ਸਿੰਘ ਕਪੂਰ, ਡਾ: ਜੋਗਿੰਦਰ ਸਿੰਘ ਤੇਜ ਖੁਰਾਣਾ, ਨੈਨਸੀ ਗਰੋਵਰ ਅਤੇ ਹੋਰ ਬੁਲਾਰਿਆਂ ਨੇ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਵਿਚਾਰ ਪੇਸ਼ ਕੀਤੇ ਗਏ | ਇਸ ਮੌਕੇ ਪਦਮਸ੍ਰੀ ਸਨਮਾਨ ਪ੍ਰਾਪਤ ਐਮ.ਪੀ. ਬੌਬ ਬਲੈਕਮੈਨ ਅਤੇ ਸਵੈ ਇੱਛਤ ਯੂ.ਕੇ. ਛੱਡਣ ਵਾਲੇ ਭਾਰਤੀਆਂ ਅਤੇ ਭਾਰਤੀਆਂ ਦੀਆਂ ਲਾਸ਼ਾਂ ਨੂੰ ਭਾਰਤ ਭੇਜਣ ਲਈ ਪਿਛਲੇ 20 ਸਾਲਾਂ ਤੋਂ ਨਿਰਸਵਾਰਥ ਸੇਵਾਵਾਂ ਕਰਨ ਵਾਲੀ ਯੁਨਾਈਟਡ ਸਿੱਖਸ (ਗਲੋਬਲ) ਦੀ ਡਾਇਰੈਕਟਰ ਨਰਪਿੰਦਰ ਕੌਰ ਮਾਨ ਦਾ ਉਮਰ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ | ਨਰਪਿੰਦਰ ਹੁਣ ਤੱਕ ਸੈਂਕੜੇ ਲੋੜਵੰਦ ਭਾਰਤੀਆਂ ਨੂੰ ਵਾਪਸ ਭਾਰਤ ਜਾਣ ਵਿਚ ਅਤੇ 40 ਤੋਂ ਵੱਧ ਮਿ੍ਤਕ ਭਾਰਤੀਆਂ ਦੀਆਂ ਲਾਸ਼ਾਂ ਭੇਜਣ ਲਈ ਅਹਿਮ ਰੋਲ ਅਦਾ ਕਰ ਚੁੱਕੀ ਹੈ | ਇਸ ਮੌਕੇ ਐਮ.ਪੀ. ਤਨਮਨਜੀਤ ਸਿੰਘ ਢੇਸੀ, ਐਮ.ਪੀ. ਗੁਰਿੰਦਰ ਸਿੰਘ ਜੋਸਨ, ਐਮ.ਪੀ. ਵਰਿੰਦਰ ਸਿੰਘ ਜੱਸ ਆਦਿ ਤੋਂ ਇਲਾਵਾ ਅਫਗਾਨਿਸਤਾਨ ਤੋਂ ਆਏ ਪ੍ਰਮੁੱਖ ਸਿੱਖ ਆਗੂ ਹਾਜ਼ਰ ਸਨ |