ਕਰਾਚੀ, 21 ਜੁਲਾਈ (ਪੀ.ਟੀ.ਆਈ.)-ਪਾਕਿਸਤਾਨ ਹਾਕੀ ਫੈਡਰੇਸ਼ਨ (ਪੀ.ਐਚ.ਐਫ.) ਨੇ ਖੇਡ ਦੀ ਗਲੋਬਲ ਗਵਰਨਿੰਗ ਬਾਡੀ ਐਫ. ਆਈ. ਐਚ. ਨੂੰ ਸੂਚਿਤ ਕੀਤਾ ਹੈ ਕਿ ਸੁਰੱਖਿਆ ਚਿੰਤਾਵਾਂ ਦੇ ਕਾਰਨ ਅਗਲੇ ਮਹੀਨੇ ਏਸ਼ੀਆ ਕੱਪ ਲਈ ਟੀਮ ਭਾਰਤ ਭੇਜਣਾ ਉਨ੍ਹਾਂ ਲਈ ਮੁਸ਼ਕਲ ਹੋਵੇਗਾ | ਪੀ. ਐਚ. ਐਫ. ਦੇ ਮੁਖੀ ਤਾਰਿਕ ਬੁਗਤੀ ਨੇ ਕਿਹਾ ਕਿ ਉਨ੍ਹਾਂ ਨੇ ਐਫ਼.ਆਈ.ਐਚ. ਤੇ ਏਸ਼ੀਅਨ ਹਾਕੀ ਫੈਡਰੇਸ਼ਨ (ਏ.ਐਚ.ਐਫ.) ਨੂੰ ਪੱਤਰ ਲਿਖ ਕੇ ਟੀਮ ਨੂੰ ਭਾਰਤ ਭੇਜਣ 'ਤੇ ਆਪਣੇ ਇਤਰਾਜ਼ ਪ੍ਰਗਟ ਕੀਤੇ ਹਨ | ਉਨ੍ਹਾਂ ਕਿਹਾ ਕਿ ਇਹ ਹੁਣ ਐਫ਼.ਆਈ.ਐਚ. ਅਤੇ ਏ.ਐਚ.ਐਫ. 'ਤੇ ਨਿਰਭਰ ਕਰੇਗਾ ਕਿ ਉਹ ਇਸ ਪ੍ਰੋਗਰਾਮ ਤੇ ਪਾਕਿਸਤਾਨ ਦੇ ਮੈਚਾਂ ਬਾਰੇ ਫੈਸਲਾ ਲੈਣ | ਹਾਲਾਂਕਿ, ਪਾਕਿਸਤਾਨ ਸਰਕਾਰ ਨੇ ਅਜੇ ਇਸ ਮੁੱਦੇ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਹਾਲ ਹੀ 'ਚ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਟੀਮ ਭਾਰਤ ਦੀ ਯਾਤਰਾ ਨਹੀਂ ਕਰੇਗੀ |