ਸਾਨ ਫਰਾਂਸਿਸਕੋ, 21 ਜੁਲਾਈ (ਐਸ ਅਸ਼ੋਕ ਭÏਰਾ)-ਹਾਲ ਹੀ 'ਚ ਸੀ.ਬੀ.ਸੀ. (ਕੋਲੰਬੀਆ ਬਰਾਡਕਾਸਟਿੰਗ ਸਿਸਟਮ) ਵਲੋਂ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਸਮਰਥਨ ਘਟਿਆ ਹੈ ਤੇ ਦੇਸ਼ ਨਿਕਾਲੇ ਅਤੇ ਨਜ਼ਰਬੰਦੀ ਸਹੂਲਤਾਂ ਦੀ ਵਰਤੋਂ 'ਤੇ ਰਿਪਬਲਿਕਨਾਂ ਤੇ ਡੈਮੋਕਰੇਟਸ 'ਚ ਸਪੱਸ਼ਟ ਮਤਭੇਦ ਸਾਹਮਣੇ ਆਏ ਹਨ | ਸੀ.ਬੀ.ਸੀ. ਵਲੋਂ ਕੱਲ੍ਹ ਜਾਰੀ ਕੀਤੇ ਗਏ ਇਸ ਸਰਵੇਖਣ 'ਚ ਪਾਇਆ ਗਿਆ ਕਿ ਇਮੀਗ੍ਰੇਸ਼ਨ ਸਭ ਤੋਂ ਵੱਡਾ ਮੁੱਦਾ ਹੈ ਜਿਸਨੇ ਉੱਤਰਦਾਤਾਵਾਂ ਦੀ ਰਾਸ਼ਟਰਪਤੀ ਪ੍ਰਤੀ ਰਾਏ ਨੂੰ ਪ੍ਰਭਾਵਿਤ ਕੀਤਾ ਹੈ | 60 ਫ਼ੀਸਦੀ ਨੇ ਕਿਹਾ ਕਿ ਇਮੀਗ੍ਰੇਸ਼ਨ ਤੇ ਦੇਸ਼ ਨਿਕਾਲੇ ਦੀਆਂ ਨੀਤੀਆਂ ਬਹੁਤ ਮਾਇਨੇ ਤਾਂ ਰੱਖਦੀਆਂ ਹਨ ਪਰ ਇਸ ਤੋਂ ਵੱਧ ਮਹਿੰਗਾਈ ਤੇ ਆਰਥਿਕਤਾ ਦਾ ਪੱਖ ਵੀ ਵੇਖਣਾ ਪਵੇਗਾ | ਸਰਵੇਖਣ ਅਨੁਸਾਰ ਸਿੱਟਾ ਇਹ ਨਿਕਲਦਾ ਹੈ ਕਿ ਟਰੰਪ ਦੀ ਪ੍ਰਵਾਨਗੀ ਦਰਜਾਬੰਦੀ 42 ਫ਼ੀਸਦੀ 'ਤੇ ਹੈ, ਜਿਸ 'ਚ ਅਸਵੀਕਾਰ 58 ਫ਼ੀਸਦੀ ਹੈ | ਜਦਕਿ ਟਰੰਪ ਦੀ ਪ੍ਰਵਾਨਗੀ ਦਰਜਾਬੰਦੀ ਜੂਨ 'ਚ 45 ਫ਼ੀਸਦੀ ਤੇ ਅਪ੍ਰੈਲ ਦੇ ਮੱਧ 'ਚ 47 ਫ਼ੀਸਦੀ ਸੀ | ਇਸ ਦੇ ਉਲਟ, ਦ ਨਿਊਯਾਰਕ ਟਾਈਮਜ਼ ਤੇ ਰੀਅਲ ਕਲੀਅਰ ਪਾਲੀਟਿਕਸ ਅਨੁਸਾਰ ਦੂਜੇ-ਕਾਰਜਕਾਲ ਦੇ ਰਾਸ਼ਟਰਪਤੀ ਦੀ ਕੁੱਲ ਦਰਜਾਬੰਦੀ ਕ੍ਰਮਵਾਰ 44 ਫ਼ੀਸਦੀ ਅਤੇ 45.5 ਫ਼ੀਸਦੀ ਪ੍ਰਵਾਨਗੀ, ਅਤੇ 53 ਫ਼ੀਸਦੀ ਅਤੇ 52 ਫ਼ੀਸਦੀ ਅਸਵੀਕਾਰ ਦਰਸਾਉਂਦੀ ਹੈ | ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਸਮਰਥਨ ਪਾਰਟੀ ਲਾਈਨਾਂ 'ਚ ਵੰਡਿਆ ਹੋਇਆ ਹੈ | ਸਰਵੇਖਣ 'ਚ 91 ਫ਼ੀਸਦੀ ਰਿਪਬਲਿਕਨਾਂ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਦੇ ਦੇਸ਼ ਨਿਕਾਲੇ ਪ੍ਰੋਗਰਾਮ ਨੂੰ ਮਨਜ਼ੂਰੀ ਦਿੰਦੇ ਹਨ,ਡੈਮੋਕਰੇਟਸ 'ਚੋਂ 14 ਫ਼ੀਸਦੀ ਜਦਕਿ ਬਹੁਗਿਣਤੀ 86 ਫ਼ੀਸਦੀ ਅਸਵੀਕਾਰ ਕਰਦੇ ਹਨ | ਆਜ਼ਾਦ ਉਮੀਦਵਾਰਾਂ 'ਚੋਂ 59 ਫ਼ੀਸਦੀ ਦੇਸ਼ ਨਿਕਾਲੇ ਦੇ ਵਿਰੁੱਧ ਸਨ ਤੇ 41 ਫ਼ੀਸਦੀ ਉਨ੍ਹਾਂ ਦੇ ਹੱਕ 'ਚ ਸਨ | ਪ੍ਰਸ਼ਾਸਨ ਵੱਲੋਂ ਨਜ਼ਰਬੰਦੀ ਸਹੂਲਤਾਂ ਦੀ ਵਰਤੋਂ ਦੇ ਜੁਲਾਈ ਦੇ ਸਰਵੇਖਣ ਅਨੁਸਾਰ 58 ਫ਼ੀਸਦੀ ਵਿਰੋਧ 'ਚ ਤੇ 42 ਫ਼ੀਸਦੀ ਉਨ੍ਹਾਂ ਦੀ ਵਰਤੋਂ ਦੇ ਹੱਕ 'ਚ ਸਨ | ਸਮਰਥਨ ਵੀ ਇਕ ਪਾਸੜ ਸੀ, 85 ਫ਼ੀਸਦੀ ਰਿਪਬਲਿਕਨਾਂ ਨੇ ਨਜ਼ਰਬੰਦੀ ਸਹੂਲਤਾਂ ਨੂੰ ਮਨਜ਼ੂਰੀ ਦਿੱਤੀ, ਜਦਕਿ 15 ਫ਼ੀਸਦੀ ਡੈਮੋਕਰੇਟਸ ਨੇ |