ਭੁਵਨੇਸ਼ਵਰ, 17 ਜੁਲਾਈ (ਪੀ.ਟੀ.ਆਈ.)-ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ.ਐਫ.ਆਈ.) ਨੇ 10 ਅਗਸਤ ਨੂੰ ਇੱਥੇ ਹੋਣ ਵਾਲੇ ਵਿਸ਼ਵ ਅਥਲੈਟਿਕਸ ਕਾਂਟੀਨੈਂਟਲ ਟੂਰ ਈਵੈਂਟ ਲਈ ਯੋਗਤਾ ਮਾਪਦੰਡਾਂ ਦਾ ਐਲਾਨ ਕਰ ਦਿੱਤਾ ਹੈ | ਕਾਂਟੀਨੈਂਟਲ ਟੂਰ ਵਿਸ਼ਵ ਅਥਲੈਟਿਕਸ ਦੀ ਅਗਵਾਈ ਹੇਠ ਕਰਵਾਏ ਜਾਂਦੇ ਟਰੈਕ ਤੇ ਫੀਲਡ ਮੁਕਾਬਲਿਆਂ ਦੀ ਇਕ ਸਾਲਾਨਾ ਲੜੀ ਹੈ ਤੇ ਇਹ ਵੱਕਾਰੀ ਡਾਇਮੰਡ ਲੀਗ ਤੋਂ ਬਾਅਦ ਅੰਤਰਰਾਸ਼ਟਰੀ ਇਕ-ਰੋਜ਼ਾ ਮੀਟਿੰਗਾਂ ਦਾ ਦੂਜਾ ਪੱਧਰ ਬਣਾਉਂਦੀ ਹੈ | ਕਾਂਸੀ-ਪੱਧਰੀ ਟੂਰ ਮੀਟ ਸੋਨੇ ਅਤੇ ਚਾਂਦੀ ਦੇ ਪੱਧਰ ਤੋਂ ਹੇਠਾਂ ਹੈ | ਕਾਂਸੀ-ਪੱਧਰੀ ਗਲੋਬਲ ਮੀਟ 'ਚ 10 ਤੋਂ ਵੱਧ ਦੇਸ਼ਾਂ ਦੇ 150 ਤੋਂ ਵੱਧ ਐਥਲੀਟ 20 ਵਿਸ਼ਿਆਂ 'ਚ ਹਿੱਸਾ ਲੈਣ ਲਈ ਤਿਆਰ ਹਨ | ਕਈ ਚੋਟੀ ਦੇ ਭਾਰਤੀ ਵਿਦੇਸ਼ੀ ਐਥਲੀਟਾਂ ਦੇ ਨਾਲ ਮੁਕਾਬਲਾ ਕਰਨਗੇ, ਹਾਲਾਂਕਿ ਦੇਸ਼ ਦੇ ਸਟਾਰ ਜੈਵਲਿਨ ਐਕਸਪੋਨੈਂਟ ਤੇ ਡਬਲ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ ਇਸ ਵੱਕਾਰੀ ਮੁਕਾਬਲੇ ਦਾ ਹਿੱਸਾ ਨਹੀਂ ਹੋਣਗੇ | ਤੁਰਕਮੇਨਿਸਤਾਨ, ਭੂਟਾਨ, ਫਿਲੀਪੀਨਜ਼, ਦੱਖਣੀ ਕੋਰੀਆ, ਮਲੇਸ਼ੀਆ, ਇਰਾਕ, ਵੀਅਤਨਾਮ, ਕੈਮਰੂਨ ਗਣਰਾਜ, ਸ਼੍ਰੀਲੰਕਾ, ਈਰਾਨ ਅਤੇ ਮਾਲਦੀਵ ਦੇ ਐਥਲੀਟ ਕਲਿੰਗਾ ਸਟੇਡੀਅਮ 'ਚ ਹੋਣ ਵਾਲੇ ਮੁਕਾਬਲੇ 'ਚ ਹਿੱਸਾ ਲੈਣਗੇ | ਪੁਰਸ਼ ਵਰਗ 'ਚ, 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 5000 ਮੀਟਰ, ਲੰਬੀ ਛਾਲ, ਤੀਹਰੀ ਛਾਲ, ਜੈਵਲਿਨ ਥਰੋ ਤੇ 4 ਗੁਣਾ 400 ਮੀਟਰ ਰਿਲੇਅ 'ਚ ਮੁਕਾਬਲੇ ਹੋਣਗੇ, ਜਦੋਂ ਕਿ ਮਹਿਲਾ ਵਰਗ 'ਚ, ਪ੍ਰਤੀਯੋਗੀ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ, 100 ਮੀਟਰ ਰੁਕਾਵਟ ਦੌੜ, ਲੰਬੀ ਛਾਲ, ਜੈਵਲਿਨ ਥਰੋ, 4 ਗੁਣਾ 400 ਮੀਟਰ ਰਿਲੇਅ 'ਚ ਸਨਮਾਨ ਲਈ ਮੁਕਾਬਲਾ ਕਰਨਗੇ |
ਏ.ਐਫ.ਆਈ. ਨੇ ਵਿਸ਼ਵ ਅਥਲੈਟਿਕਸ ਕਾਂਟੀਨੈਂਟਲ ਟੂਰ ਈਵੈਂਟ ਲਈ ਯੋਗਤਾ ਮਾਪਦੰਡਾਂ ਦਾ ਐਲਾਨ ਕੀਤਾ <br/>
ਅਜੀਤ ਡੈਸਕ
18-07-2025