ਲੰਡਨ, 17 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਨੂੰ ਲੈ ਕੇ ਇਕ ਪਾਸੇ ਪੂਰੀ ਸਰਗਰਮੀ ਚੱਲ ਰਹੀ ਹੈ, ਪਰ ਦੂਜੇ ਪਾਸੇ ਸਭਾ ਦੇ ਇਕ ਪ੍ਰਾਜੈਕਟ 'ਚ ਫੰਡਾਂ ਦੀ ਦੁਰਵਰਤੋਂ ਦੇ ਸਬੂਤ ਮਿਲਣ ਦਾ ਦਾਅਵਾ ਕੀਤਾ ਗਿਆ ਹੈ | ਪ੍ਰਬੰਧਕ ਕਮੇਟੀ ਵੱਲੋਂ 16 ਜੁਲਾਈ ਨੂੰ ਜਾਰੀ ਇਕ ਸੂਚਨਾ 'ਚ ਕਿਹਾ ਗਿਆ ਹੈ ਕਿ ਸਭਾ ਦੇ ਇਕ ਪ੍ਰਾਜੈਕਟ ਦੇ ਫੰਡਾਂ ਦੀ ਗਲਤ ਵਰਤੋਂ ਹੋਣ ਦੇ ਸਬੂਤ ਮਿਲੇ ਹਨ, ਇਹ ਸਬੂਤ ਅੰਦਰੂਨੀ ਆਡਿਟ ਤੋਂ ਬਾਅਦ ਸਾਹਮਣੇ ਆਏ ਹਨ | ਜਾਰੀ ਸੂਚਨਾ 'ਚ ਦੱਸਿਆ ਗਿਆ ਹੈ ਕਿ ਇਸ ਮਾਮਲੇ ਸਬੰਧੀ ਪੁਲਿਸ ਤੇ ਚੈਰਿਟੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ | ਜਲਦੀ ਹੀ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾਵੇਗਾ ਤਾਂ ਕੇ ਸਖ਼ਤ ਕਾਰਵਾਈ ਕੀਤੀ ਜਾ ਸਕੇ | ਪ੍ਰਬੰਧਕ ਕਮੇਟੀ ਨੇ ਕਿਹਾ ਕਿ ਉਹ ਇਮਾਨਦਾਰੀ ਨਾਲ ਪ੍ਰਬੰਧ ਕਰਨ ਲਈ ਵਚਨਬੱਧ ਹੈ | ਸਭਾ ਦੇ ਅੰਦਰਲੇ ਆਰਥਿਕ ਢਾਂਚੇ ਅਤੇ ਨਿਗਰਾਨ ਢਾਂਚੇ ਦੀ ਵੀ ਸਮੀਖਿਆ ਕੀਤੀ ਜਾਵੇਗੀ | ਕਾਨੂੰਨੀ ਕਾਰਨਾਂ ਕਰਕੇ ਜਾਰੀ ਸੂਚਨਾ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਜਨਤਕ ਨਹੀਂ ਕੀਤਾ ਗਿਆ | ਹੁਣ ਸਮਾਂ ਹੀ ਦੱਸੇਗਾ ਕਿ ਇਹ ਮਾਮਲਾ ਕੀ ਹੈ?