28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਡਾ. ਅਮਰੀਕ ਸਿੰਘ ਚੀਮਾ ਨੂੰ ਯਾਦ ਕਰਦਿਆਂ

ਅਜੀਤ ਡੈਸਕ 22-07-2025

18 ਜੁਲਾਈ 1982 ਨੂੰ ਪੰਜਾਬ ਦੇ ਕਿਸਾਨਾਂ ਦੇ ਨੌਜਵਾਨ ਮੁੰਡਿਆਂ ਨੂੰ ਵਿਦੇਸ਼ਾਂ 'ਚ ਜ਼ਮੀਨ ਦਿਵਾਉਣ ਵਾਲੇ ਅਤੇ ਸਬਜ਼ ਇਨਕਲਾਬ ਦੇ ਮੋਢੀਆਂ ਦੇ ਤੌਰ 'ਤੇ ਹਮੇਸ਼ਾ ਲਈ ਯਾਦ ਕੀਤੇ ਜਾਣ ਵਾਲੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਡਾ. ਅਮਰੀਕ ਸਿੰਘ ਚੀਮਾ ਤਨਜ਼ਾਨੀਆ 'ਚ ਹੀ ਸਵਰਗ ਸਿਧਾਰ ਗਏ। ਉਹ ਵਿਦੇਸ਼ਾਂ 'ਚ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗ਼ਾਰ ਮੁਹੱਈਆ ਕਰਵਾਉਣ ਲਈ ਗਏ ਸਨ। ਡਾ. ਚੀਮਾ ਇਕ ਸੰਸਥਾ ਸਨ। ਪੰਜਾਬ ਦੀ ਨੌਜਵਾਨ ਕਿਸਾਨ ਲਹਿਰ ਦੇ ਬਾਨੀ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਮਨਪ੍ਰਚਾਵੇ, ਖੇਡਾਂ ਅਤੇ ਨਵਾਂ ਖੇਤੀ ਗਿਆਨ ਮੁਹੱਈਆ ਕਰਨ ਲਈ ਪਿੰਡਾਂ 'ਚ ਨੌਜਵਾਨ ਕਿਸਾਨ ਕਲੱਬ ਬਣਾ ਕੇ ਰੱਖੜਾ ਵਿਖੇ 'ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ' ਦੀ ਸਥਾਪਨਾ ਕੀਤੀ ਸੀ। ਪਿੰਡਾਂ ਵਿਚ ਹੋਮ ਸਾਇੰਸ ਕਾਲਜ ਸਥਾਪਤ ਕਰ ਕੇ ਪੀ. ਏ. ਯੂ. ਨੂੰ ਪਿੰਡਾਂ ਤੱਕ ਲੈ ਕੇ ਗਏ। ਬੈਂਕਾਂ ਦੇ ਕੌਮੀਕਰਨ ਤੋਂ ਪਹਿਲਾਂ ਹੀ ਤਜ਼ਾਰਤੀ ਬੈਂਕਾਂ ਨੂੰ ਕਰਜ਼ੇ ਦੇਣ ਲਈ ਪ੍ਰੇਰਿਆ ਅਤੇ ਉਸ ਵੇਲੇ ਦੇ ਖੇਤਰ ਦੇ ਮੁੱਖ ਸਟੇਟ ਬੈਂਕ ਆਫ਼ ਪਟਿਆਲਾ ਨੂੰ ਇਸ ਖੇਤਰ 'ਚ ਪ੍ਰਵੇਸ਼ ਕਰਵਾਇਆ। ਬੈਂਕਾਂ 'ਚ 'ਪਿੰਡ ਅਪਣਾਓ' ਯੋਜਨਾ ਚਾਲੂ ਕਰਵਾ ਕੇ ਨਨਾਣਸੂ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਨਾਲ ਤਜ਼ਾਰਤੀ ਬੈਂਕਾਂ ਵਾਸਤੇ ਪਿੰਡਾਂ 'ਚ ਖੇਤੀ ਕਰਜ਼ੇ ਦੇਣ ਲਈ ਰਾਹ ਖੁੱਲ੍ਹ ਗਏ। ਨੌਜਵਾਨ ਕਿਸਾਨਾਂ ਨੂੰ ਵਿਦੇਸ਼ਾਂ 'ਚ ਭੇਜ ਕੇ ਸਿਖਲਾਈ ਦਿਵਾਈ। ਪੰਜਾਬ 'ਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਖੇਤੀ ਉਤਪਾਦਨ ਦੁੱਗਣਾ ਕਰਨ ਦਾ ਸੁਪਨਾ ਸਾਕਾਰ ਕਰ ਕੇ ਉਨ੍ਹਾਂ ਤੋਂ ਸੋਨ ਤਗਮੇ ਦਾ ਸਨਮਾਨ ਪ੍ਰਾਪਤ ਕੀਤਾ।
ਸਬਜ਼ ਇਨਕਲਾਬ ਦੇ ਭੀਸ਼ਮ ਪਿਤਾਮਾ ਡਾ. ਸੀ ਸੁਬਰਾਮਨੀਅਮ ਦੇ ਖੇਤੀ ਉਤਪਾਦਨ ਵਧਾਉਣ ਦੇ ਮਿਸ਼ਨ ਨੂੰ ਪੂਰਾ ਕਰਨ 'ਚ ਸਹਿਯੋਗ ਪਾਇਆ। ਜਦੋਂ ਉਹ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਤੋਂ ਬਾਅਦ ਪਦਉੱਨਤ ਹੋ ਕੇ ਭਾਰਤ ਸਰਕਾਰ ਦੇ ਐਗਰੀਕਲਚਰਲ ਕਮਿਸ਼ਨਰ ਬਣੇ ਤਾਂ ਪੰਜਾਬ 'ਚ ਖੇਤੀ ਆਧਾਰਤ ਉਦਯੋਗ ਲਗਾਉਣ ਲਈ ਐਗਰੋ ਇੰਡਸਟਰੀਆਂ ਨੂੰ ਪ੍ਰੇਰਿਆ। ਕਈ ਪਿੰਡਾਂ ਦੇ ਮਿਸਤਰੀਆਂ ਨੂੰ ਵੀ ਸਿਰਕੱਢਵੇਂ ਇੰਜੀਨੀਅਰ ਬਣਾ ਕੇ ਪੰਜਾਬ ਨੂੰ ਭਾਰਤ ਦੀ ਕੰਬਾਈਨ ਇੰਡਸਟਰੀ ਦਾ ਮੁਖੀ ਬਣਾ ਦਿੱਤਾ, ਜਿਸ ਵਿਚ ਕਰਤਾਰ ਐਗਰੋ ਇੰਡਸਟਰੀਜ਼ ਭਾਦਸੋਂ ਸ਼ਾਮਿਲ ਹਨ। ਭਾਦਸੋਂ ਪਾਇਲਟ ਪ੍ਰਾਜੈਕਟ ਦੇ ਇੰਚਾਰਜ ਡਾ. ਚੀਮਾ ਨੇ ਭਾਦਸੋਂ ਨੂੰ ਐਗਰੋ ਇੰਡਸਟਰੀਜ਼ ਦੇ ਖੇਤਰ 'ਚ ਉੱਚ ਦਰਜੇ ਦੀ ਪ੍ਰਾਪਤੀ ਕਰਵਾਈ।
ਆਈ. ਸੀ. ਏ. ਆਰ. ਦੇ ਡਾਇਰੈਕਟਰ ਜਨਰਲ ਤੇ ਸਕੱਤਰ ਐਗਰੀਕਲਚਰ ਡਾ. ਐਮ. ਐਸ. ਸਵਾਮੀਨਾਥਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੈਕਸੀਕੋ ਤੋਂ ਕਣਕ ਦੀਆਂ ਮਧਰੀਆਂ ਪਰ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ 'ਲਰਮਾ ਰੋਜ਼ੋ' ਤੇ 'ਸਨੋਰਾ 64' ਦੇ ਬੀਜ ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਕਰਵਾ ਕੇ ਪੰਜਾਬ 'ਚ ਸਬਜ਼ ਇਨਕਲਾਬ ਦਾ ਆਗ਼ਾਜ਼ ਕੀਤਾ। ਸਿਰਫ਼ ਇਹੋ ਨਹੀਂ, ਡਾ. ਚੀਮਾ ਨੇ ਕਿਸਾਨਾਂ ਤੋਂ ਇਲਾਵਾ ਛੋਟੀ ਸ਼੍ਰੇਣੀ ਦੇ ਵਾਹੀਕਾਰਾਂ, ਬਾਜ਼ੀਗ਼ਰਾਂ ਅਤੇ ਘੁਮਿਆਰਾਂ ਨੂੰ ਰੁਜ਼ਗ਼ਾਰ ਦੇ ਕੇ ਵੱਖੋ-ਵੱਖ ਕਿੱਤਿਆਂ 'ਚ ਆਬਾਦ ਕੀਤਾ ਅਤੇ ਸ਼ਾਮਲਾਟ ਜ਼ਮੀਨਾਂ ਦਿਵਾ ਕੇ ਵਾਹੀਕਾਰ ਬਣਾਇਆ। ਡਾ. ਚੀਮਾ ਨੂੰ ਹਰ ਕਿਸਾਨ ਤੇ ਵਾਹੀਕਾਰ 'ਮੇਰਾ ਚੀਮਾ' ਕਹਿ ਕੇ ਪੁਕਾਰਦਾ ਸੀ। ਉਹ ਕਿਸਾਨਾਂ ਨੂੰ ਮਿਲ ਕੇ ਬੜਾ ਖੁਸ਼ ਹੁੰਦੇ ਸਨ। ਦਿਨ ਭਰ ਕਿਸਾਨਾਂ ਨੂੰ ਮਿਲਦੇ ਅਤੇ ਫਾਈਲਾਂ ਦਾ ਕੰਮ ਉਹ ਸ਼ਾਮ ਨੂੰ ਦਫ਼ਤਰ ਤੋਂ ਬਾਅਦ ਮੁਕਾਉਂਦੇ। ਡਾ. ਚੀਮਾ ਰੱਜ ਕੇ ਧਾਰਮਿਕ ਵੀ ਸਨ। ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ, ਜਿਸ ਵਿਚ 'ਨਾਮਯੋਗ' ਅਤੇ 'ਗੀਤਾ ਐਂਡ ਯੂਥ ਟੁਡੇ' ਪਾਠਕਾਂ ਦੀ ਪਸੰਦ ਬਣੀਆਂ।
ਉਨ੍ਹਾਂ ਦੀ ਸਫ਼ਲਤਾ ਵਿਚ ਉਨ੍ਹਾਂ ਦੀ ਪਤਨੀ ਰਾਮਿੰਦਰ ਕੌਰ ਦਾ ਬੜਾ ਯੋਗਦਾਨ ਸੀ, ਜਿਸ ਦੀ ਮੇਜ਼ਬਾਨੀ ਤੇ ਮਹਿਮਾਨ ਨਵਾਜ਼ੀ ਸਿਖ਼ਰ ਦੀ ਸੀ। ਡਾ. ਅਮਰੀਕ ਸਿੰਘ ਚੀਮਾ ਦਾ ਜਨਮ ਸੰਨ 1918 'ਚ 1 ਸਤੰਬਰ ਨੂੰ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਵਧਾਈ ਚੀਮਾ ਵਿਚ ਹੋਇਆ ਸੀ ਅਤੇ ਇੰਨੇ ਮਹੱਤਵਪੂਰਨ ਕਾਰਜ ਸਿਰੇ ਚੜ੍ਹਾ ਕੇ 64 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪੰਜਾਬ ਦੇ ਵਿਕਾਸ ਅਤੇ ਖ਼ਾਸ ਕਰਕੇ ਰਾਜ ਦੀ ਖੇਤੀਬਾੜੀ ਵਿਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

bhagwandass226@gmail.com

ਪਿਛਲੀ ਖ਼ਬਰ ਬਹੁਤ ਦੁੱਖ ਦਿੰਦੇ ਹਨ ਪੁਲਿਸ ਮੁਕਾਬਲੇ ਅਗਲੀ ਖ਼ਬਰ ਬਿਹਾਰ ਵਿਚ ਚੱਲ ਰਹੀ ਵੋਟਰ ਸੂਚੀਆਂ ਦੀ ਫ਼ਿਲਮ ਬਹੁਤ ਦੂਰ ਤੱਕ ਚੱਲੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।