28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਬਿਹਾਰ ਵਿਚ ਚੱਲ ਰਹੀ ਵੋਟਰ ਸੂਚੀਆਂ ਦੀ ਫ਼ਿਲਮ ਬਹੁਤ ਦੂਰ ਤੱਕ ਚੱਲੇਗੀ

ਅਜੀਤ ਡੈਸਕ 22-07-2025

ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਮੁੜ ਸੋਧ (ਐਸ.ਆਈ.ਆਰ.) ਚੱਲ ਰਹੀ ਹੈ। ਇਹ ਲੇਖ ਪ੍ਰਕਾਸ਼ਿਤ ਹੋਣ ਤੱਕ ਵੋਟਰ ਫਾਰਮ ਜਮ੍ਹਾਂ ਕਰਵਾਉਣ ਦੀ ਤਾਰੀਖ ਬਹੁਤ ਨੇੜੇ ਆ ਚੁੱਕੀ ਹੋਵੇਗੀ। ਇਸ ਤਾਰੀਖ ਤੱਕ ਬਿਹਾਰ ਵਿਚ ਜੋ ਕੁਝ ਵੀ ਵਾਪਰੇਗਾ ਉਹ ਤਾਂ ਇਸ ਪ੍ਰਕਿਰਿਆ ਦਾ ਟ੍ਰੇਲਰ ਹੈ, ਅਸਲ ਫਿਲਮ ਤਾਂ ਇਸ ਤੋਂ ਬਾਅਦ ਸ਼ੁਰੂ ਹੋਵੇਗੀ। ਇਹ ਫਿਲਮ ਬਹੁਤ ਲੰਬੇ ਸਮੇਂ ਤੱਕ ਚੱਲੇਗੀ, ਇਕ ਵਾਰ ਜਦੋਂ ਇਹ ਵੋਟਰ ਸੂਚੀ ਬਿਹਾਰ ਵਿਚ ਬਣ ਜਾਵੇਗੀ, ਤਾਂ ਦੂਜੇ ਸੂਬਿਆਂ ਦੀ ਵੀ ਵਾਰੀ ਆਵੇਗੀ।
ਮੇਰੇ ਤੇ ਤੁਹਾਡੇ ਸਮੇਤ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਖੇਤ ਅਤੇ ਕਾਰਖਾਨੇ ਬਿਹਾਰ ਤੋਂ ਆਉਣ ਵਾਲੇ ਮਜ਼ਦੂਰਾਂ ਨਾਲ ਭਰੇ ਪਏ ਹਨ। ਉਨ੍ਹਾਂ 'ਚੋਂ ਕੁਝ ਕੁ ਨੂੰ ਛੱਡ ਕੇ ਸਾਰਿਆਂ ਦੀਆਂ ਵੋਟਾਂ ਬਿਹਾਰ ਵਿਚ ਹੀ ਹਨ ਅਤੇ ਉਹ ਉੱਥੇ ਜਾ ਕੇ ਆਪਣੀਆਂ ਵੋਟਾਂ ਪਾਉਂਦੇ ਹਨ। ਜੇਕਰ ਤੁਸੀਂ ਬਿਹਾਰ ਦੇ ਵੋਟਰ ਹੋ ਅਤੇ ਚਾਹੁੰਦੇ ਹੋ ਕਿ ਤੁਹਾਡਾ ਨਾਮ ਵੋਟਰ ਸੂਚੀ ਵਿਚ ਬਣਿਆ ਰਹੇ ਤਾਂ ਫਾਰਮ ਭਰ ਕੇ ਜ਼ਰੂਰ ਜਮ੍ਹਾਂ ਕਰਵਾ ਦਿਓ, ਤਾਂ ਹੀ ਤੁਸੀਂ ਬਿਹਾਰ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਵੋਟ ਪਾ ਸਕੋਗੇ। ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 25 ਜੁਲਾਈ ਹੈ, ਜਿਸ ਤੋਂ ਬਾਅਦ ਇਕ ਨਵੀਂ ਖੇਡ ਸ਼ੁਰੂ ਹੋਵੇਗੀ। ਹੁਣ ਤੱਕ ਤੁਹਾਡਾ ਵਾਹ ਚੋਣ ਕਮਿਸ਼ਨ ਦੁਆਰਾ ਨਿਯੁਕਤ ਬੂਥ ਪੱਧਰ ਦੇ ਅਧਿਕਾਰੀ (ਬੀ.ਐੱਲ.ਓ.) (ਜੋ ਇਕ ਸਰਕਾਰੀ ਕਰਮਚਾਰੀ, ਸਿੱਖਿਆ ਮਿੱਤਰ, ਆਂਗਣਵਾੜੀ ਕਰਮਚਾਰੀ ਹੋ ਸਕਦਾ ਹੈ) ਅਤੇ ਰਾਜਨੀਤਿਕ ਪਾਰਟੀਆਂ ਦੁਆਰਾ ਨਿਯੁਕਤ ਬੂਥ ਲੈਵਲ ਏਜੰਟ (ਬੀ.ਐਲ.ਏ.) ਨਾਲ ਤਾਲਮੇਲ ਸੀ, ਜੋ ਤੁਹਾਨੂੰ ਫਾਰਮ ਦਿੰਦੇ ਅਤੇ ਲੈਂਦੇ ਸਨ। ਪਰ 25 ਤਰੀਕ ਤੋਂ ਬਾਅਦ ਵੋਟਰ ਵਜੋਂ ਤੁਹਾਡੀ ਕਿਸਮਤ ਚੋਣ ਰਜਿਸਟ੍ਰੇਸ਼ਨ ਅਧਿਕਾਰੀ (ਈ.ਆਰ.ਓ.) ਜਾਂ ਸਹਾਇਕ ਈ.ਆਰ.ਓ. ਦੇ ਹੱਥਾਂ ਵਿਚ ਹੋਵੇਗੀ। ਇਹ ਈ.ਆਰ.ਓ. 1 ਅਗਸਤ ਤੋਂ 25 ਸਤੰਬਰ ਦੇ ਵਿਚਕਾਰ ਫ਼ੈਸਲਾ ਕਰਨਗੇ ਕਿ ਤੁਸੀਂ ਵੋਟਰ ਰਹੋਗੇ ਜਾਂ ਨਹੀਂ। ਈ.ਆਰ.ਓ. ਦੇਖੇਗਾ ਕਿ ਤੁਸੀਂ ਆਪਣਾ ਫਾਰਮ ਸਹੀ ਢੰਗ ਨਾਲ ਭਰਿਆ ਹੈ ਜਾਂ ਨਹੀਂ ਅਤੇ ਤੁਸੀਂ ਸਹੀ ਦਸਤਾਵੇਜ਼ ਨੱਥੀ ਕੀਤੇ ਹਨ ਜਾਂ ਨਹੀਂ। ਕੀ ਕਿਸੇ ਨੇ ਤੁਹਾਡੇ ਦਸਤਾਵੇਜ਼ਾਂ 'ਤੇ ਕੋਈ ਇਤਰਾਜ਼ ਤਾਂ ਨਹੀਂ ਉਠਾਇਆ?
ਧਿਆਨ ਦਿਓ, ਜੇਕਰ ਤੁਸੀਂ ਆਪਣੇ ਜ਼ਰੂਰੀ ਦਸਤਾਵੇਜ਼ ਨੱਥੀ ਨਹੀਂ ਕੀਤੇ ਤਾਂ ਇਕ ਵੋਟਰ ਵਜੋਂ ਤੁਹਾਡਾ ਨਾਮ ਹਟਾ ਦਿੱਤਾ ਜਾਣਾ ਯਕੀਨੀ ਹੈ। ਭਾਵੇਂ ਤੁਸੀਂ ਪਿਛਲੇ ਵੀਹ ਸਾਲਾਂ ਵਿਚ ਅਣਗਿਣਤ ਵਾਰ ਆਪਣੀ ਵੋਟ ਪਾਈ ਹੋਵੇ, ਜੇਕਰ ਈ.ਆਰ.ਓ. ਨੂੰ ਕੋਈ ਸ਼ੱਕ ਹੋ ਗਿਆ ਜਾਂ ਕੋਈ ਇਤਰਾਜ਼ ਲੱਗਾ ਹੈ ਤਾਂ ਉਹ ਤੁਹਾਡੇ ਵਿਰੁੱਧ ਜਾਂਚ ਦਾ ਹੁਕਮ ਦੇਵੇਗਾ। ਜੇਕਰ ਈ.ਆਰ.ਓ. ਜਾਂਚ ਤੋਂ ਬਾਅਦ ਵੀ ਤੁਹਾਡੇ ਦਸਤਾਵੇਜ਼ਾਂ ਤੋਂ ਸੰਤੁਸ਼ਟ ਨਹੀਂ ਹੁੰਦਾ, ਤਾਂ ਉਹ ਇਕ ਜ਼ੁਬਾਨੀ ਹੁਕਮ ਨਾਲ ਦੱਸੇਗਾ ਕਿ ਵੋਟਰ ਵਜੋਂ ਤੁਹਾਡਾ ਨਾਮ ਵੋਟਰ ਸੂਚੀ 'ਚੋਂ ਕਿਉਂ ਹਟਾਇਆ ਜਾ ਰਿਹਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਹੁਕਮ ਗ਼ਲਤ ਹੈ ਤਾਂ ਤੁਸੀਂ 15 ਦਿਨਾਂ ਦੇ ਅੰਦਰ ਕੁਲੈਕਟਰ ਕੋਲ ਅਪੀਲ ਕਰ ਸਕਦੇ ਹੋ। ਕੁਲੈਕਟਰ 30 ਦਿਨਾਂ ਦੇ ਅੰਦਰ ਫ਼ੈਸਲਾ ਕਰੇਗਾ ਕਿ ਤੁਹਾਡੀ ਗੱਲ ਸਹੀ ਹੈ ਜਾਂ ਈ.ਆਰ.ਓ. ਦਾ ਜ਼ੁਬਾਨੀ ਹੁਕਮ ਠੀਕ ਹੈ। ਇੱਥੇ ਅਸਲ ਸਵਾਲ ਇਹ ਹੈ ਕਿ ਜਾਂਚ ਕਿਵੇਂ ਹੋਵੇਗੀ? ਈ.ਆਰ.ਓ. ਕਿਸ ਆਧਾਰ 'ਤੇ ਸੰਤੁਸ਼ਟ ਹੋਵੇਗਾ? ਉਸ ਕੋਲ ਅਜਿਹਾ ਕਿਹੜਾ ਡੇਟਾਬੇਸ ਹੈ, ਜਿਸ ਦੇ ਆਧਾਰ 'ਤੇ ਉਹ ਫ਼ੈਸਲਾ ਕਰੇਗਾ ਕਿ ਤੁਹਾਡੇ ਦਸਤਾਵੇਜ਼ ਸਹੀ ਹਨ ਜਾਂ ਨਹੀਂ? ਉਹ ਕਿਹੜੀ ਮਸ਼ੀਨਰੀ ਹੈ ਜੋ ਉਸ ਨੂੰ ਕਥਿਤ ਸੱਚਾਈ ਦੱਸੇਗੀ? ਕੀ ਉਸ ਕੋਲ ਅਜਿਹਾ ਜਾਂਚ ਸਟਾਫ ਹੋਵੇਗਾ ਜਾਂ ਉਹ ਕਿਸੇ ਦੀ ਰਾਇ 'ਤੇ ਭਰੋਸਾ ਕਰੇਗਾ?
ਇਹ ਇਕੱਲੀ ਸਮੱਸਿਆ ਨਹੀਂ ਹੈ। ਬਿਹਾਰ ਵਿਚ 243 ਵਿਧਾਨ ਸਭਾ ਹਲਕੇ ਅਤੇ 7 ਕਰੋੜ 99 ਲੱਖ ਵੋਟਰ ਹਨ। ਬਿਹਾਰ ਵਿਚ ਨਿਯੁਕਤ ਕੀਤੇ ਈ.ਆਰ.ਓਜ਼. ਦੀ ਕੁੱਲ ਗਿਣਤੀ 239 ਦੱਸੀ ਗਈ ਹੈ ਅਤੇ ਉਨ੍ਹਾਂ ਕੋਲ 963 ਸਹਾਇਕ ਈ.ਆਰ.ਓਜ਼ ਵੀ ਹਨ। ਪਰ ਆਖਰੀ ਫ਼ੈਸਲਾ 239 ਈ.ਆਰ.ਓਜ਼ ਦੁਆਰਾ ਲਿਆ ਜਾਣਾ ਹੈ। ਇਸ ਦਾ ਮਤਲਬ ਹੈ ਕਿ ਹਰੇਕ ਈ.ਆਰ.ਓ. ਨੂੰ 3,30,125 ਵੋਟਰਾਂ ਦੇ ਫਾਰਮ ਮਿਲਣਗੇ। ਉਸ ਕੋਲ 1 ਅਗਸਤ ਤੋਂ 25 ਸਤੰਬਰ ਤੱਕ ਕੁੱਲ 56 ਦਿਨ ਹੋਣਗੇ, ਜਿਸ ਦੌਰਾਨ ਉਹ ਦਸਤਾਵੇਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਬਾਰੇ ਫ਼ੈਸਲਾ ਲਵੇਗਾ। ਜੇਕਰ ਉਹ ਇਕ ਦਿਨ ਦੀ ਛੁੱਟੀ ਲਏ ਬਗੈਰ ਰੋਜ਼ਾਨਾ 8 ਘੰਟੇ ਕੰਮ ਕਰੇ ਤਾਂ ਉਸ ਨੂੰ ਹਰ ਦਿਨ 5,895 ਵੋਟਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਾ ਪਵੇਗਾ। ਮਤਲਬ ਉਹ ਹਰ ਘੰਟੇ 735 ਵੋਟਰਾਂ ਦੇ ਫਾਰਮਾਂ ਨਾਲ ਨਜਿੱਠੇਗਾ ਤੇ ਹਰ ਮਿੰਟ ਵਿਚ 12 ਵੋਟਰਾਂ ਦੇ ਦਸਤਾਵੇਜ਼ ਵੇਖੇਗਾ। ਕੀ ਇਕ ਈ.ਆਰ.ਓ. ਅਜਿਹਾ ਕਰ ਸਕੇਗਾ? ਕੀ ਇਹ ਵਿਵਹਾਰਕ ਹੈ? ਕੀ ਇੰਨੀ ਜਲਦੀ ਵਿਚ ਵੋਟਰ ਦੀ ਕਿਸਮਤ ਦੇ ਕੀਤੇ ਫ਼ੈਸਲੇ ਵੱਡੇ ਪੱਧਰ 'ਤੇ ਅਸੰਤੁਸ਼ਟੀ ਨੂੰ ਜਨਮ ਨਹੀਂ ਦੇਣਗੇ? ਏਨਾ ਹੀ ਨਹੀਂ, ਇਨ੍ਹਾਂ 56 ਦਿਨਾਂ ਦੌਰਾਨ ਈ.ਆਰ.ਓ. ਨੂੰ ਸਮੇਂ-ਸਮੇਂ 'ਤੇ ਰਾਜਨੀਤਿਕ ਪਾਰਟੀਆਂ ਨੂੰ ਵੀ ਵੋਟਰ ਸੂਚੀਆਂ ਦਿਖਾਉਣੀਆਂ ਪੈਣਗੀਆਂ। ਇਨ੍ਹਾਂ ਵੋਟਰ ਸੂਚੀਆਂ ਦੀ ਕਰਾਸ ਚੈੱਕਿੰਗ ਕਰਨ ਦਾ ਅਧਿਕਾਰ ਪਾਰਟੀਆਂ ਦੇ ਸੂਚੀ ਨਿਰੀਖਕਾਂ ਕੋਲ ਹੋਵੇਗਾ। ਇਸ ਤਰ੍ਹਾਂ ਇਹ ਕੰਮ ਜਾਂ ਤਾਂ ਅਮਲੀ ਤੌਰ 'ਤੇ ਬਿਲਕੁਲ ਨਹੀਂ ਹੋਵੇਗਾ ਅਤੇ ਜੇ ਕੀਤਾ ਜਾਂਦਾ ਹੈ ਤਾਂ ਇਸ ਲਈ ਜ਼ਿਆਦਾ ਸਮਾਂ ਲੱਗੇਗਾ।
ਮੈਂ ਇਹ ਹਿਸਾਬ ਆਪਣੇ ਸੈੱਲਫੋਨ ਦੇ ਕੈਲਕੁਲੇਟਰ ਨਾਲ ਲਗਾਇਆ ਹੈ, ਇਸ ਵਿਚ ਗ਼ਲਤੀ ਹੋ ਸਕਦੀ ਹੈ। ਈ.ਆਰ.ਓ. ਦੀ ਗਿਣਤੀ ਨੈੱਟ 'ਤੇ ਉਪਲਬੱਧ ਹੈ, ਅਸੀਂ ਵੋਟਰਾਂ ਦੀ ਗਿਣਤੀ ਵੀ ਜਾਣਦੇ ਹਾਂ। ਜੇਕਰ ਇਹ ਸਹੀ ਹੈ ਤਾਂ ਸਵਾਲ ਇਹ ਹੈ ਕਿ ਬਿਹਾਰ ਦੇ ਇੰਨੇ ਕੁ ਈ.ਆਰ.ਓ. ਇੰਨਾ ਮਹੱਤਵਪੂਰਨ ਕੰਮ ਕਿਵੇਂ ਕਰਨਗੇ? ਆਖ਼ਰਕਾਰ ਇਸ ਕੰਮ 'ਤੇ ਬਿਹਾਰ ਵਿਚ ਸਾਡਾ ਪੂਰਾ ਚੋਣ ਲੋਕਤੰਤਰ ਨਿਰਭਰ ਕਰਦਾ ਹੈ। ਜਿਨ੍ਹਾਂ ਵੋਟਰਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਨਾਮ ਵੋਟਰ ਸੂਚੀ ਤੋਂ ਹਟਾ ਦਿੱਤੇ ਜਾਣਗੇ, ਉਨ੍ਹਾਂ ਦੀ ਕੁੱਲ ਗਿਣਤੀ 12.5 ਲੱਖ ਹੈ ਅਤੇ ਉਨ੍ਹਾਂ ਦੀ ਜਾਂਚ ਦੀ ਕੋਈ ਲੋੜ ਨਹੀਂ। ਲੱਗਭੱਗ 17.5 ਲੱਖ ਲੋਕ ਆਪਣੇ ਦੱਸੇ ਪਤਿਆਂ 'ਤੇ ਉਪਲਬਧ ਨਹੀਂ ਹਨ, ਜਦਕਿ ਸਾਢੇ ਪੰਜ ਲੱਖ ਵੋਟਰਾਂ ਦੇ ਨਾਂਅ ਦੋ ਵਾਰ ਲਿਖੇ ਮਿਲੇ ਹਨ। ਇਸ ਤਰ੍ਹਾਂ ਕੁੱਲ ਮਿਲਾ ਕੇ 35-36 ਲੱਖ ਵੋਟਰਾਂ ਦੇ ਨਾਂਅ ਹਟਾਏ ਜਾਣਗੇ। ਪਰ ਬਾਕੀ ਜ਼ਿੰਦਾ ਅਤੇ ਆਪਣੇ ਪਤਿਆਂ 'ਤੇ ਉਪਲਬਧ ਵੋਟਰਾਂ ਦਾ ਕੀ ਬਣੇਗਾ? ਕੀ ਉਨ੍ਹਾਂ ਨਾਲ ਇਨਸਾਫ਼ ਹੋਵੇਗਾ?
ਭਾਜਪਾ ਤੇ ਇਸ ਦੇ ਸਮਰਥਕ ਦਾਅਵਾ ਕਰ ਰਹੇ ਹਨ ਕਿ ਸਿਰਫ਼ ਵਿਰੋਧੀ ਧਿਰ ਹੀ ਇਸ ਐਸ.ਆਈ.ਆਰ. ਦਾ ਵਿਰੋਧ ਕਰ ਰਹੀ ਹੈ। ਪਰ ਉਹ ਇਹ ਨਹੀਂ ਦੱਸ ਰਹੇ ਕਿ ਇਸ ਸਾਲ ਜਨਵਰੀ ਵਿਚ ਰਾਜ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਸੰਖੇਪ ਸੂਚੀ ਸੋਧ ਦੇ ਆਧਾਰ 'ਤੇ ਤਿਆਰ ਕੀਤੀ ਗਈ ਵੋਟਰ ਸੂਚੀ ਵਿਚ ਕੀ ਸਮੱਸਿਆ ਹੈ? ਇਹ ਵਿਧਾਨ ਸਭਾ ਚੋਣਾਂ ਦਾ ਆਧਾਰ ਕਿਉਂ ਨਹੀਂ ਬਣ ਸਕਦੀ? ਇਹ ਨਵੀਂ ਸੂਚੀ ਇੰਨੀ ਜਲਦੀ ਕਿਉਂ ਤਿਆਰ ਕੀਤੀ ਜਾ ਰਹੀ ਹੈ? ਇਸ ਦਾ ਇਕੋ ਮਤਲਬ ਸਮਝ ਆ ਰਿਹਾ ਹੈ ਕਿ ਪਹਿਲਾਂ ਤੋਂ ਕਿਤੇ ਕਿਸੇ ਅਨਜਾਣੇ ਕੋਨੇ ਵਿਚ ਕੋਈ ਯੋਜਨਾ ਬਣ ਰਹੀ ਸੀ, ਜੋ ਪੱਕੀ ਤਿਆਰੀ ਨਾਲ ਤਿਆਰ ਕੀਤੀ ਗਈ ਹੈ। ਕੀ ਵੋਟ ਕੱਟਣ ਜਾਂ ਨਾ ਕੱਟਣ ਬਾਰੇ ਈ.ਆਰ.ਓ. ਨੂੰ ਦਿੱਤੀ ਜਾਣ ਵਾਲੀ ਸਲਾਹ ਕਿਸੇ ਸੁਪਨੇ ਦਿਖਾਉਣ ਵਾਲੇ ਪ੍ਰਮੁੱਖ ਆਗੂ ਦੁਆਰਾ ਤਿਆਰ ਕੀਤੀ ਗਈ ਹੈ? ਹਰ ਕੋਈ ਜਾਣਦਾ ਹੈ ਕਿ ਇਹ ਪ੍ਰਮੁੱਖ ਆਗੂ ਕਿਸ ਪਾਰਟੀ ਨਾਲ ਸਬੰਧਤ ਹੈ। ਜੇਕਰ ਈ.ਆਰ.ਓ. ਉਕਤ ਆਗੂ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਹਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਵੋਟਰ ਸੂਚੀ ਦੀ ਇਸ ਸੋਧ ਨਾਲ ਕਿਸ ਪਾਰਟੀ ਨੂੰ ਫਾਇਦਾ ਹੋਣਾ ਹੈ।
ਯਸ਼ਵੰਤ ਦੇਸ਼ਮੁਖ ਦੀ ਸੰਸਥਾ ਸੀ-ਵੋਟਰ ਵਲੋਂ ਕੀਤੇ ਇਕ ਸਰਵੇਖਣ ਅਨੁਸਾਰ ਬਿਹਾਰ ਦੇ 55 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਦੀ ਇਸ ਕਾਰਵਾਈ ਦਾ ਉਦੇਸ਼ ਭਾਜਪਾ ਨੂੰ ਲਾਭ ਪਹੁੰਚਾਉਣਾ ਹੈ। ਮੈਂ ਇਨ੍ਹਾਂ ਅੰਕੜਿਆਂ ਦਾ ਸਮਰਥਨ ਜਾਂ ਵਿਰੋਧ ਨਹੀਂ ਕਰਦਾ, ਪਰ ਸੋਚ ਰਿਹਾ ਹਾਂ ਕਿ ਜੇਕਰ ਈ.ਆਰ.ਓ. ਉਕਤ ਆਗੂ ਨਾਲ ਹੱਥ ਮਿਲਾ ਕੇ ਵੋਟਰਾਂ ਦੀ ਕਿਸਮਤ ਦਾ ਫ਼ੈਸਲਾ ਕਰਦੇ ਹਨ ਤਾਂ ਸਾਡਾ ਲੋਕਤੰਤਰ ਸਮੁੱਚੇ ਤੌਰ 'ਤੇ ਕਿਸ ਸਥਿਤੀ ਵਿਚ ਪਹੁੰਚ ਜਾਵੇਗਾ। ਤੁਸੀਂ ਵੀ ਸੋਚੋ! ਕਿਉਂਕਿ ਸੋਚਣ ਦੀ ਲੋੜ ਹੈ, ਜੇਕਰ ਲੋਕਤੰਤਰ ਦੀ ਰੱਖਿਆ ਕਰਨੀ ਹੈ ਤਾਂ ਸਭ ਨੂੰ ਸੋਚਣਾ ਹੀ ਪਵੇਗਾ। ਅੱਜ ਇਹ ਕੰਮ ਬਿਹਾਰ ਵਿਚ ਹੋ ਰਿਹਾ ਹੈ, ਜੋ ਕੱਲ੍ਹ ਨੂੰ ਪੂਰੇ ਦੇਸ਼ ਵਿਚ ਹੋਵੇਗਾ। ਹੌਲੀ-ਹੌਲੀ, ਇਕ ਖਾਸ ਕਿਸਮ ਦੇ ਦ੍ਰਿਸ਼ਟੀਕੋਣ ਨਾਲ ਤਿਆਰ ਕੀਤੀ ਗਈ ਵੋਟਰ ਸੂਚੀ 'ਤੇ ਚੋਣਾਂ ਹੋਣਗੀਆਂ। ਇਸ ਵਿਚ ਸਿਰਫ਼ ਈ.ਆਰ.ਓ. ਦਾ ਹੀ ਨਹੀਂ, ਸਗੋਂ ਉਕਤ ਆਗੂ ਦਾ ਵੀ ਵਿਸ਼ੇਸ਼ ਯੋਗਦਾਨ ਹੋ ਸਕਦਾ ਹੈ। ਫਿਰ ਕੀ ਹੋਵੇਗਾ? ਮੁਸਲਮਾਨਾਂ, ਯਾਦਵਾਂ, ਜਾਟਵਾਂ ਅਤੇ ਉਨ੍ਹਾਂ ਸਾਰਿਆਂ ਦੀਆਂ ਵੋਟਾਂ ਕੱਟੇ ਜਾਣ ਦਾ ਖ਼ਤਰਾ ਹੈ, ਜਿਨ੍ਹਾਂ ਦੇ ਨਾਮ ਅਤੇ ਜਾਤੀਸੂਚਕ ਉਪਨਾਮਾਂ ਨੂੰ ਦੇਖ ਕੇ ਪਛਾਣਿਆ ਜਾ ਸਕਦਾ ਹੈ ਕਿ ਉਹ ਭਾਜਪਾ ਦੇ ਵੋਟਰ ਨਹੀਂ ਹਨ। ਕੀ ਵਿਰੋਧੀ ਧਿਰ ਦੇ ਕੋਲ ਈ.ਆਰ.ਓ. ਪੱਧਰ 'ਤੇ ਕੀਤੀ ਜਾਣ ਵਾਲੀ ਇਸ ਐਸ.ਆਈ.ਆਰ. ਦਾ ਕੋਈ ਤੋੜ ਹੈ?
-ਲੇਖਕ ਅੰਬੇਡਕਰ ਯੂਨੀਵਰਸਿਟੀ ਦਿੱਲੀ 'ਚ ਪ੍ਰੋਫੈਸਰ ਤੇ ਭਾਰਤੀ ਭਾਸ਼ਾਵਾਂ ਵਿਚ ਅਭਿਲੇਖਾਗਰੀ ਖੋਜ ਪ੍ਰੋਗਰਾਮ ਦਾ ਨਿਰਦੇਸ਼ਕ ਰਹਿ ਚੁੱਕਾ ਹੈ।

ਪਿਛਲੀ ਖ਼ਬਰ ਡਾ. ਅਮਰੀਕ ਸਿੰਘ ਚੀਮਾ ਨੂੰ ਯਾਦ ਕਰਦਿਆਂ ਅਗਲੀ ਖ਼ਬਰ ਪਹਿਲੇ ਹੀ ਦਿਨ ਹੰਗਾਮਾ ਕਿਉਂ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।