ਪੰਜਾਹ ਸਾਲ ਦੀ ਉਮਰ ਪਾਰ ਕਰਦਿਆਂ ਹੀ ਨਿਕੰਮੇ ਹੋ ਕੇ ਬਹਿ ਜਾਣਾ, ਕੁਦਰਤ ਦਾ ਘੋਰ ਅਪਮਾਨ ਹੈ | ਇਸ ਉਮਰੇ ਹੀ ਤਾਂ ਇਨਸਾਨ ਦੀ ਜ਼ਿੰਦਗੀ ਦਾ ਸਹੀ ਅਨੰਦ ਸ਼ੁਰੂ ਹੁੰਦਾ ਹੈ | ਇਸ ਉਮਰ ਤੱਕ ਇਨਸਾਨ ਦੀ ਬੁੱੱਧੀ ਪੂਰੀ ਤਰ੍ਹਾਂ ਕਸੌਟੀਆਂ 'ਤੇ ਪਰਖੀ ਜਾ ਚੁੱਕੀ ਹੁੰਦੀ ਹੈ | ਧੁੱਪ, ਪਾਣੀ, ਚੌਗਿਰਦਾ ਤੇ ਦੁਨਿਆਵੀ ਦੁੱਖਾਂ-ਸੁੱਖਾਂ ਨੂੰ ਸਾਡਾ ਦਿਮਾਗ ਅਤੇ ਦੇਹ, ਚੰਗੀ ਤਰ੍ਹਾਂ ਹੰਢਾਅ ਚੁੱਕੇ ਹੁੰਦੇ ਹਨ | ਪੂਰੀ ਜ਼ਿੰਦਗੀ 'ਚ ਪ੍ਰਾਪਤ ਕੀਤੇ ਇਨ੍ਹਾਂ ਅਨੁਭਵਾਂ ਸਹਾਰੇ ਹੀ ਇਨਸਾਨ ਆਪਣੀ ਜੀਵਨ ਰੂਪੀ ਗੱਡੀ ਨੂੰ ਸਹੀ ਮੰਜ਼ਿਲ ਵੱਲ ਲਿਜਾ ਸਕਦਾ ਹੈ ਪਰ ਹੈਰਾਨੀ ਹੁੰਦੀ ਹੈ ਕਿ ਲੋਕ ਇਸ ਉਮਰ 'ਚ ਕੰਮ ਛੱਡ ਕੇ ਥਕਾਨ ਜਾਂ ਬੁਢਾਪੇ ਦੀ ਗੱਲ ਕਿਵੇਂ ਸੋਚ ਸਕਦੇ ਹਨ? ਇਹੀ ਉਮਰ ਤਾਂ ਵਿਕਾਸ ਦਾ ਪ੍ਰਤੀਕ ਹੈ | ਸ਼ਕਤੀ, ਸਤਿਕਾਰ, ਸੁੰਦਰਤਾ ਤੇ ਸਿਆਣਪ ਆਦਿ ਇਸ ਉਮਰ ਦੇ ਮੁੱਖ ਲੱਛਣ ਹਨ | ਜਵਾਨੀ, ਕੁਦਰਤ ਵਲੋਂ ਬਖਸ਼ਿਆ ਇਕ ਹਸੀਨ ਤੋਹਫ਼ਾ ਹੈ, ਜੋ ਸਾਰਿਆਂ ਨੂੰ ਬਰਾਬਰ ਮਿਲਦਾ ਹੈ | ਕਈ ਲੋਕ ਇਸ ਨੂੰ ਗੁਆ ਬਹਿੰਦੇ ਹਨ ਤੇ ਬੁੱਧੀਮਾਨ ਇਸ ਨੂੰ ਸਾਂਭਣ ਦਾ ਯਤਨ ਕਰਦੇ ਹਨ | ਜੇ ਅਸੀਂ ਅਜਿਹਾ ਸੋਚਾਂਗੇ ਕਿ ਕੁਦਰਤ ਨੇ ਸਾਡਾ ਨਿਰਮਾਣ, ਅੰਤ ਤੱਕ ਸਿਹਤਮੰਦ ਬਣੇ ਰਹਿਣ ਲਈ ਕੀਤਾ ਹੈ ਤਾਂ ਅਸੀਂ ਕਦੇ ਵੀ ਬੁੱਢੇ ਨਹੀਂ ਹੋਵਾਗੇ |
ਸਾਡੇ ਸਰੀਰ ਦੀ ਰਚਨਾ ਇਸ ਤਰ੍ਹਾਂ ਹੋਈ ਹੈ ਕਿ ਸਰੀਰ ਦੇ ਅਣੂ ਕਦੇ ਵੀ ਕੰਮ ਕਰਨਾ ਬੰਦ ਨਹੀਂ ਕਰਦੇ | ਸਰੀਰ ਦੇ ਟੁੱਟੇ-ਭੱਜੇ ਅਣੂਆਂ ਦੀ ਜਗ੍ਹਾ ਫੌਰਨ ਨਵੇਂ ਅਣੂਆਂ ਦਾ ਨਿਰਮਾਣ ਸ਼ੁਰੂ ਹੋ ਜਾਂਦਾ ਹੈ | ਸਰੀਰਕ ਕਿਰਿਆਵਾਂ ਵਿਚ ਕਿਸੇ ਤਰ੍ਹਾਂ ਦੀ ਕਮੀ ਹੋਣਾ, ਮੌਤ ਨਹੀਂ ਸਮਝਿਆ ਜਾ ਸਕਦਾ | ਮੌਤ ਤਾਂ ਸਰੀਰਕ ਕਿਰਿਆਵਾਂ ਦਾ ਪੂਰੇ ਤੌਰ 'ਤੇ ਰੁਕ ਜਾਣਾ ਜਾਂ ਬੰਦ ਹੋ ਜਾਣਾ ਹੁੰਦਾ ਹੈ | ਵਿਗਿਆਨੀਆਂ ਨੇ ਬਹੁਤ ਪਹਿਲਾਂ ਸਿੱਧ ਕਰ ਦਿੱਤਾ ਸੀ ਕਿ ਸਾਡੇ ਅੰਗਾਂ 'ਚ ਨਿੱਤ ਨਵੇਂ ਅਣੂ ਬਣਦੇ ਰਹਿੰਦੇ ਹਨ | ਸਰੀਰ ਦੇ ਇਸ ਨਵੀਨੀਕਰਨ ਦਾ ਸੰਬੰਧ ਆਦਮੀ ਦੇ ਦਿਮਾਗ ਨਾਲ ਹੁੰਦਾ ਹੈ |

ਚਿੰਤਾ ਦਾ ਵਿਨਾਸ਼ਕਾਰੀ ਅਸਰ ਸਾਡੇ ਸਰੀਰ 'ਤੇ ਜ਼ਰੂਰ ਪੈਂਦਾ ਹੈ | ਚਿੰਤਾ ਤੇ ਥਕੇਵੇਂ ਭਰੇ ਵਿਚਾਰ ਸਰੀਰ ਦੇ ਨਵੇਂ ਅਣੂਆਂ ਦੇ ਨਿਰਮਾਣ 'ਚ ਰੁਕਾਵਟ ਪਾਉਂਦੇ ਹਨ | ਜਦ ਤੱਕ ਇਨਸਾਨ ਦੇ ਮਨ 'ਚ ਨਵੇਂ ਵਿਚਾਰ ਹਿਲੋਰੇ ਲੈਂਦੇ ਰਹਿੰਦੇ ਹਨ ਤਾਂ ਸਰੀਰ ਦੇ ਨਵੀਨੀਕਰਨ ਦੀ ਪ੍ਰਕਿਰਿਆ ਵਧੀਆ ਢੰਗ ਨਾਲ ਚੱਲਦੀ ਰਹਿੰਦੀ ਹੈ ਅਤੇ ਨਵੇਂ ਅਣੂ ਜਵਾਨ ਬਣੇ ਰਹਿੰਦੇ ਹਨ | ਇਸ ਗੱਲ ਨੂੰ ਇੰਜ ਵੀ ਸਮਝਿਆ ਜਾ ਸਕਦਾ ਹੈ ਕਿ ਸਰੀਰ ਨੂੰ ਬੁਢਾਪੇ 'ਚ ਤਬਦੀਲ ਕਰਨ ਵਾਲੀ ਰਸਾਇਣਕ ਪ੍ਰਕਿਰਿਆ ਉਦੋਂ ਤੱਕ ਆਰੰਭ ਨਹੀਂ ਹੁੁੰਦੀ, ਜਦ ਤੱਕ ਇਨਸਾਨ ਦਾ ਮਨ ਆਪਣੇ-ਆਪ ਨੂੰ ਬੁੱਢਾ ਨਹੀਂ ਸਮਝ ਲੈਂਦਾ | ਜਿਸ ਨਿਰਾਸ਼ਾਵਾਦੀ ਆਦਮੀ ਨੇ ਆਪਣੇ ਜੀਵਨ ਨੂੰ ਪੁਰਾਣੇ ਖੰਡਰ ਵਾਂਗ ਸਮਝ ਲਿਆ ਹੈ, ਉਹ ਨਾ ਤਾਂ ਅੱਗੇ ਵਧ ਸਕਦਾ ਤੇ ਨਾ ਹੀ ਜਵਾਨੀ ਦਾ ਸੁੱਖ ਭੋਗ ਸਕਦਾ ਹੈ | ਉਸ ਨੇ ਆਪਣੀਆਂ ਖੁਸ਼ੀਆਂ ਦੀ ਆਪਣੇ ਹੱਥੀਂ ਹੱਤਿਆ ਕੀਤੀ ਹੁੰਦੀ ਹੈ | ਧਰਤੀ 'ਤੇ ਜਿੰਨੇ ਵੀ ਸੁੱਖ-ਸਾਧਨ ਤੇ ਧਨ-ਦੌਲਤ ਹਨ, ਨਿਰਾਸ਼ ਤੇ ਹਰ ਵੇਲੇ ਚਿੰਤਾ 'ਚ ਡੁੱਬੇ ਰਹਿਣ ਵਾਲੇ ਇਨਸਾਨਾਂ ਲਈ ਵਿਅਰਥ ਹਨ | ਅਜਿਹੇ ਇਨਸਾਨ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੂੰਹ 'ਚ ਜਾ ਪੈਂਦੇ ਹਨ | ਜਵਾਨ ਬਣੇ ਰਹਿਣ ਲਈ ਇਨਸਾਨ ਦੇ ਮਨ ਵਿਚ ਆਸ਼ਾ ਦੀ ਜੋਤ ਜਗਦੀ ਰਹਿਣੀ ਚਾਹੀਦੀ ਹੈ | ਭਾਵ ਇਨਸਾਨ ਦਾ ਆਸ਼ਾਵਾਦੀ ਹੋਣਾ ਬਹੁਤ ਜ਼ਰੂਰੀ ਹੈ | ਇਸ ਵਾਕ ਨੂੰ ਹਮੇਸ਼ਾ ਯਾਦ ਰੱਖੋ ਕਿ ਆਸ਼ਾ ਹੀ ਜੀਵਨ ਹੈ ਤੇ ਨਿਰਾਸ਼ਾ ਮੌਤ |
ਜਿਸ ਇਨਸਾਨ ਦੇ ਸਾਹਮਣੇ ਉੱਚਾ ਆਦਰਸ਼ ਹੈ, ਉਹ ਉਸ ਦੀ ਪ੍ਰਾਪਤੀ ਲਈ ਨਿਰੰਤਰ ਸੰਘਰਸ਼ ਕਰਦਾ ਰਹਿੰਦਾ ਹੈ | ਇਸ ਲਈ ਉਹ ਕਦੇ ਬੁੱਢਾ ਨਹੀਂ ਹੋ ਸਕਦਾ | ਜਦੋਂ ਅਸੀਂ ਆਪਣੀਆਂ ਯੋਜਨਾਵਾਂ ਨੂੰ ਸਫ਼ਲ ਬਣਾਉਣ ਲਈ ਯਤਨ ਸ਼ੁਰੂ ਕਰਦੇ ਹਾਂ ਤਾਂ ਸਾਡੇ ਅੰਦਰ ਬਿਜਲੀ ਵਰਗੀ ਪ੍ਰੇਰਨਾ ਉਤਪਨ ਹੋਣ ਲੱਗਦੀ ਹੈ | ਸਾਡਾ ਵਿਅਕਤੀਤਵ ਉਸ ਤੋਂ ਹਿੰਮਤ ਤੇ ਹੌਸਲੇ ਦੀ ਊਰਜਾ ਪ੍ਰਾਪਤ ਕਰਦਾ ਹੈ | ਇਹੀ ਉਹ ਚੀਜ਼ ਹੈ, ਜੋ ਸਰੀਰ ਦੇ ਅਣੂਆਂ ਨੂੰ ਕਦੇ ਵੀ ਪੁਰਾਣਾ ਨਹੀਂ ਹੋਣ ਦਿੰਦੀ | ਆਪਣੇ ਕੰਮ-ਧੰਦਿਆਂ 'ਚ ਰੁੱਝੇ ਰਹਿਣ ਨਾਲ ਜ਼ਿੰਦਗੀ ਜਿਊਣ ਦਾ ਇਕ ਵੱਖਰਾ ਹੀ ਅਨੰਦ ਹੈ | ਅਨੰਦ ਤੇ ਜੋਬਨ ਆਪਸ 'ਚ ਬਰਾਬਰ ਦੇ ਸ਼ਬਦ ਹਨ | ਜੋ ਇਨਸਾਨ ਅਨੰਦਪੂਰਵਕ ਜਿਊਾ ਨਹੀਂ ਸਕਦਾ, ਉਹ ਜਵਾਨ ਵੀ ਨਹੀਂ ਬਣਿਆ ਰਹਿ ਸਕਦਾ | ਇਨਸਾਨ ਦਾ ਆਪਣਾ ਦਿ੍ਸ਼ਟੀਕੋਣ ਹੀ ਉਸ ਨੂੰ ਬੁੱਢਾ ਜਾਂ ਜਵਾਨ ਬਣਾਉਂਦਾ ਹੈ | ਅਨੁਭਵੀ ਆਦਮੀ ਜਿਵੇਂ-ਜਿਵੇਂ ਵੱਡਾ ਹੁੰਦਾ ਜਾਂਦਾ ਹੈ, ਉਸ ਦੀ ਉਪਯੋਗਤਾ ਵੀ ਵਧਦੀ ਜਾਂਦੀ ਹੈ | ਅਜਿਹੇ ਇਨਸਾਨ ਆਪਣੀਆਂ ਸ਼ਕਤੀਆਂ ਨੂੰ ਕਾਰਜਸ਼ੀਲ ਬਣਾਈ ਰੱਖਦੇ ਹਨ | ਜਦ ਇਕ ਵਾਰ ਦਿ੍ੜ੍ਹ ਸੰਕਲਪ ਕਰ ਲਿਆ ਜਾਵੇ ਕਿ ਵਧਦੀ ਉਮਰ ਦਾ ਸਾਡੇ 'ਤੇ ਕੋਈ ਅਸਰ ਨਹੀਂ ਪੈਣ ਲੱਗਾ ਤਾਂ ਸਰੀਰ ਕਦੇ ਵੀ ਆਲਸ ਤੇ ਥਕੇਵਾਂ ਨਹੀਂ ਮੰਨੇਗਾ | ਕੁਦਰਤ ਨੇ ਇਸ ਕਾਇਨਾਤ 'ਚ ਇਨਸਾਨ ਦਾ ਨਿਰਮਾਣ ਚਿੰਤਾਵਾਂ 'ਚ ਡੁੱਬਣ, ਘੁਟ-ਘੁਟ ਕੇ ਮਰਨ ਜਾਂ ਨਸ਼ਟ ਹੋਣ ਲਈ ਨਹੀਂ ਕੀਤਾ, ਸਗੋਂ ਲੰਮੀ ਉਮਰ ਭੋਗਣ ਲਈ ਕੀਤਾ ਹੈ | ਕੁਦਰਤ ਦੀ ਇੱਛਾ ਹੈ ਕਿ ਇਨਸਾਨ ਇਸ ਸੰਸਾਰ ਦੇ ਸਾਰੇ ਸੁੱਖਾਂ ਦਾ ਅਨੰਦ ਮਾਣਦਿਆਂ ਹੀ ਇੱਥੋਂ ਰੁਖ਼ਸਤ ਹੋਵੇੇ |
ਇਨਸਾਨ ਦੇ ਮੋਢਿਆਂ 'ਤੇ ਇਹ ਭਾਰੀ ਜ਼ਿੰਮੇਵਾਰੀ ਹੈ ਕਿ ਉਹ ਧਰਤੀ ਦੇ ਇਸ ਸੁੰਦਰ ਚੌਗਿਰਦੇ ਨੂੰ ਹੋਰ ਵੀ ਸੁੰਦਰ ਤੇ ਖੁਸ਼ੀਆਂ-ਖੇੜਿਆਂ ਨਾਲ ਭਰਪੂਰ ਬਣਾਏ | ਇਨਸਾਨ ਦਾ ਹਿੰਮਤ ਹਾਰ ਕੇ ਬੈਠਣਾ ਕੁਦਰਤੀ ਸਿਧਾਂਤਾਂ ਦੇ ਖ਼ਿਲਾਫ਼ ਹੈ, ਕਿਉਂਕਿ ਕੁਦਰਤ ਦੀ ਹਰ ਵਸਤੂ ਨਿਰੰਤਰ ਵਿਕਾਸ ਵੱਲ ਚੱਲਦੀ ਰਹਿੰਦੀ ਹੈ ਤੇ ਤਰੱਕੀ ਕਰਦੀ ਹੈ | ਜਦ ਇਨਸਾਨ ਇਸ ਭੇਦ ਨੂੰ ਸਮਝ ਲਵੇਗਾ ਤਾਂ ਉਹ ਕਦੇ ਵੀ ਬੁਢਾਪੇ ਦਾ ਕੈਦੀ ਨਹੀਂ ਬਣੇਗਾ | ਉਂਝ ਇਕ ਵੇਲਾ ਅਜਿਹਾ ਆਵੇਗਾ, ਜਦੋਂ ਲੋਕ ਬੁਢਾਪੇ ਨੂੰ ਸਰਾਪ ਨਹੀਂ ਸਮਝਣਗੇੇ | ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜਾਗਰੂਕ ਨਸਲ ਬੁਢਾਪੇ ਦੇ ਭੈਅ ਤੋਂ ਮੁਕਤ ਤੇ ਸੱਤਿਅਮ, ਸ਼ਿਵਮ, ਸੁੰਦਰਮ ਦੀ ਮੂਰਤ ਹੋਵੇਗੀ.
-ਪੁਰਾਣਾ ਕੈਂਟ ਰੋਡ, ਨੇੜੇ ਚੁੰਗੀ ਨੰ-7, ਫਰੀਦਕੋਟ |
ਮੋਬਾਈਲ : 98152-96475