ਭਾਵੇਂ ਪੰਜਾਬ ਵਿਚ ਪੁਲਿਸ ਮੁਕਾਬਲੇ ਕੋਈ ਨਵੀਂ ਗੱਲ ਨਹੀਂ ਹੈ, ਪਰ ਇਨ੍ਹਾਂ ਦੀ ਚੀਸ ਹਮੇਸ਼ਾ ਅਸਹਿ ਤੇ ਅਕਹਿ ਰਹੀ ਹੈ। ਸਰਕਾਰ ਭਾਵੇਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਜਾਂ ਸੱਤਾਧਾਰੀ 'ਆਪ' ਦੀ ਹੋਵੇ, ਪੁਲਿਸ ਮੁਕਾਬਲੇ ਕਦੇ ਵੀ ਨਹੀਂ ਰੁਕੇ, ਭਾਵੇਂ ਗਿਣਤੀ ਜ਼ਰੂਰ ਘਟਦੀ ਵਧਦੀ ਰਹੀ ਹੈ। ਦੇਸ਼ ਵਿਚ ਪੰਜਾਬ ਇਕੱਲਾ ਸੂਬਾ ਨਹੀਂ, ਜਿੱਥੇ ਪੁਲਿਸ ਮੁਕਾਬਲਿਆਂ ਦੌਰਾਨ ਖ਼ੂਨ ਡੁੱਲ੍ਹਦਾ ਹੈ, ਦੂਜੇ ਸੂਬਿਆਂ ਦੀ ਪੁਲਿਸ ਦੇ ਹੱਥ ਵੀ ਖ਼ੂਨ ਨਾਲ ਰੰਗੇ ਹੋਏ ਹਨ। ਸੂਬੇ ਅੰਦਰ ਇਸ ਸਾਲ ਦੇ ਪਹਿਲੇ 7 ਮਹੀਨਿਆਂ ਦੌਰਾਨ ਹੋਏ 20 ਪੁਲਿਸ ਮੁਕਾਬਲਿਆਂ ਵਿਚ 5 ਲੋਕ ਮਾਰੇ ਗਏ ਤੇ 17 ਹੋਰ ਜ਼ਖ਼ਮੀ ਹੋਏ ਹਨ।
ਅਬੋਹਰ ਦੇ ਵਪਾਰੀ ਸੰਜੇ ਵਰਮਾ ਦੇ ਕਤਲ ਨਾਲ ਸੰਬੰਧਿਤ ਮਾਮਲੇ ਵਿਚ 3 ਕਥਿਤ ਦੋਸ਼ੀ ਪੁਲਿਸ ਮੁਕਾਬਲਿਆਂ ਦੌਰਾਨ ਮਾਰੇ ਗਏ, ਪਹਿਲਾ ਮੁਕਾਬਲਾ 8 ਤੇ ਦੂਜਾ 11 ਜੁਲਾਈ ਨੂੰ ਹੋਇਆ ਸੀ। ਮੀਡੀਆ ਰਿਪੋਰਟ ਅਨੁਸਾਰ ਪੁਲਿਸ ਮੁਕਾਬਲਿਆਂ ਨਾਲ ਸੰਬੰਧਿਤ ਐਫ.ਆਈ.ਆਰਜ਼ ਦੀ ਇਬਾਰਤ ਇਕੋ ਜਿਹੀ ਲਿਖੀ ਜਾਂਦੀ ਹੈ ਕਿ ਜਦੋਂ ਪੁਲਿਸ ਦੋਸ਼ੀਆਂ ਨੂੰ ਨਾਲ ਲੈ ਕੇ ਹਥਿਆਰ ਬਰਾਮਦ ਕਰਨ ਲਈ ਲੈ ਕੇ ਜਾ ਰਹੀ ਸੀ ਤਾਂ ਰਾਹ ਵਿਚ ਮੁਲਜ਼ਮਾਂ ਜਾਂ ਉਨ੍ਹਾਂ ਦੇ ਸਾਥੀਆਂ ਨੇ ਪੁਲਿਸ ਟੁਕੜੀ 'ਤੇ ਹਮਲਾ ਕਰ ਦਿੱਤਾ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਦੋਸ਼ੀ ਮਾਰੇ ਗਏ। ਅਬੋਹਰ ਦੇ 'ਕੁੜਤਾ ਪਜਾਮਾ ਕਿੰਗ' ਦੇ ਨਾਂਅ ਨਾਲ ਜਾਣੇ ਜਾਂਦੇ ਕਾਰੋਬਾਰੀ ਸੰਜੈ ਵਰਮਾ ਦਾ 7 ਜੁਲਾਈ ਨੂੰ ਸਵੇਰੇ ਕਤਲ ਹੋ ਗਿਆ ਸੀ। ਪੁਲਿਸ ਨੇ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਨੂੰ ਸ਼ੂਟਰਾਂ ਦੀ ਮਦਦ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਸੀ, ਪੁਲਿਸ ਦਾ ਦਾਅਵਾ ਕਿ ਜਦੋਂ ਉਹ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਵੱਲ ਲਿਜਾ ਰਹੇ ਸਨ ਤਾਂ ਉਨ੍ਹਾਂ ਦੇ ਸਾਥੀਆਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਅਤੇ ਪੁਲਿਸ ਵਲੋਂ ਆਪਣੇ ਬਚਾਅ ਲਈ ਕੀਤੀ ਗੋਲੀਬਾਰੀ ਦੌਰਾਨ ਇਕ ਸ਼ੱਕੀ ਮਾਰਿਆ ਗਿਆ ਸੀ।
ਸੱਤਾਧਾਰੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਮੰਤਰੀ ਅਮਨ ਅਰੋੜਾ ਦਾ ਕਹਿਣਾ ਹੈ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ, ਅਪਰਾਧੀਆਂ ਨੂੰ ਪੁਲਿਸ ਅੱਗੇ ਆਤਮ-ਸਮਰਪਣ ਜਾਂ ਫਿਰ ਕਾਨੂੰਨ ਦਾ ਸਾਹਮਣਾ ਕਰਨਾ ਹੋਵੇਗਾ, ਜਦਕਿ ਸਮਾਜਸੇਵੀ ਹਰਮਿਲਾਪ ਗਰੇਵਾਲ ਪੁਲਿਸ ਮੁਕਾਬਲਿਆਂ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੇ ਹੋਏ ਕਹਿੰਦੇ ਹਨ ਕੀ ਪੁਲਿਸ ਕੋਲ ਸਿਖਲਾਈ ਦੀ ਘਾਟ ਹੈ, ਜਿਸ ਉਨ੍ਹਾਂ ਨੂੰ ਵਾਰ-ਵਾਰ ਐਫ.ਆਈ.ਆਰ. ਦੀ ਇਬਾਰਤ ਇੱਕੋ ਲਿਖਣੀ ਪੈ ਰਹੀ ਹੈ? ਅਪਰਾਧਾਂ ਦੇ ਵੱਡੇ ਸਾਜਿਸ਼ ਘਾੜੇ ਜੇਲ੍ਹਾਂ 'ਚ ਬੈਠੇ ਹਨ, ਪੁਲਿਸ ਨੂੰ ਉਨ੍ਹਾਂ ਨੂੰ ਰਿਮਾਂਡ 'ਤੇ ਲੈਣਾ ਚਾਹੀਦਾ ਹੈ। ਪੰਜਾਬ ਪੁਲਿਸ ਦੇ ਕਾਰਜਕਾਰੀ ਮੁਖੀ ਗੌਰਵ ਯਾਦਵ ਅਨੁਸਾਰ ਪੰਜਾਬ ਪੁਲਿਸ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕੰਮ ਕਰ ਰਹੀ ਹੈ, ਜਦੋਂ ਕੋਈ ਪੁਲਿਸ 'ਤੇ ਹਮਲਾ ਕਰਦਾ ਹੈ ਤਾਂ ਉਨ੍ਹਾਂ ਨੂੰ ਆਪਣੇ ਬਚਾਅ ਲਈ ਜਵਾਬੀ ਕਾਰਵਾਈ ਕਰਨੀ ਪੈਂਦੀ ਹੈ। ਹਾਲਾਂਕਿ ਪੰਜਾਬ ਪੁਲਿਸ ਦੇ ਇਕ ਸਾਬਕਾ ਉੱਚ ਅਧਿਕਾਰੀ ਗੁਰਿੰਦਰ ਸਿੰਘ ਢਿੱਲੋਂ ਕਹਿੰਦੇ ਹਨ ਕਿ ਪੁਲਿਸ ਮੁਕਾਬਲੇ ਸਰਕਾਰਾਂ ਦੇ ਮੱਥੇ 'ਤੇ ਕਲੰਕ ਹਨ।
ਅਬੋਹਰ ਦੇ ਕਾਰੋਬਾਰੀ ਦੇ ਕਤਲ ਨਾਲ ਸੰਬੰਧਿਤ ਪੁਲਿਸ ਮੁਕਾਬਲਿਆਂ ਤੋਂ ਪਹਿਲਾਂ 2 ਜੁਲਾਈ ਨੂੰ ਸ਼ਿਵ ਸੈਨਾ ਦੇ ਨੇਤਾ ਮੰਗਤ ਰਾਮ ਦੀ ਹੱਤਿਆ ਦੇ ਮਾਮਲੇ ਵਿਚ ਵੀ ਪੁਲਿਸ ਜਦੋਂ ਮੁਲਜ਼ਮ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਜਾ ਰਹੀ ਸੀ ਤਾਂ ਰਸਤੇ ਵਿਚ ਮੁਲਜ਼ਮ ਨੇ ਗੋਲੀ ਚਲਾ ਦਿੱਤੀ ਸੀ। ਇਸ ਤੋਂ ਪਹਿਲਾਂ 29 ਜੂਨ ਨੂੰ ਅੰਮ੍ਰਿਤਸਰ ਵਿਚ ਮੱਤੇਵਾਲ ਡਰੇਨ ਕੋਲ ਅਤੇ 10 ਜੂਨ ਨੂੰ ਤਰਨ ਤਾਰਨ ਨੇੜੇ ਪੁਲਿਸ ਮੁਕਾਬਲੇ ਹੋਏ ਸਨ। ਉਸ ਤੋਂ ਪਹਿਲਾਂ 1 ਜੂਨ ਨੂੰ ਫਿਰੌਤੀ ਦੇ ਇਕ ਕੇਸ ਵਿਚ ਜਦੋਂ ਪੁਲਿਸ ਮੁਲਜ਼ਮਾਂ ਨੂੰ ਬਰਾਮਦਗੀ ਲਈ ਲਿਜਾ ਰਹੀ ਸੀ ਤਾਂ ਉਨ੍ਹਾਂ 'ਚੋਂ ਇਕ ਨੇ ਗੋਲੀ ਚਲਾ ਦਿੱਤੀ ਸੀ। ਅੰਮ੍ਰਿਤਸਰ ਵਿਚ ਪੈਂਦੀ ਮਹਿਤਾ ਨਹਿਰ 'ਤੇ ਵੀ 19 ਮਾਰਚ ਨੂੰ ਪੁਲਿਸ ਮੁਕਾਬਲਾ ਹੋਇਆ ਸੀ। ਉਸ ਤੋਂ ਪਹਿਲਾਂ 16 ਮਾਰਚ, 14 ਮਾਰਚ, 13 ਮਾਰਚ, 3 ਮਾਰਚ ਅਤੇ 1 ਮਾਰਚ ਨੂੰ ਵੱਖ-ਵੱਖ ਥਾਈ ਪੁਲਿਸ ਮੁਕਾਬਲੇ ਹੋਏ ਸਨ।
28 ਫਰਵਰੀ ਨੂੰ ਗੈਂਗਸਟਰ ਗੁਰਦੀਪ ਸਿੰਘ ਉਰਫ਼ ਮੰਨਾ ਨੇ ਪੁਲਿਸ 'ਤੇ ਗੋਲੀ ਚਲਾ ਦਿੱਤੀ ਸੀ, ਜਦੋਂ ਉਸ ਨੂੰ ਹਥਿਆਰ ਬਰਾਮਦ ਕਰਨ ਲਈ ਲਿਜਾਇਆ ਜਾ ਰਿਹਾ ਸੀ, ਜਦਕਿ 27 ਫਰਵਰੀ ਨੂੰ ਬਟਾਲਾ ਵਿਚ ਗ੍ਰਨੇਡ ਹਮਲੇ ਦਾ ਦੋਸ਼ੀ ਮੋਹਿਤ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀ। 23 ਫਰਵਰੀ ਨੂੰ ਮੁਹਾਲੀ ਦੇ ਪਿੰਡ ਨਦਾਮਪੁਰ ਵਿਚ ਮਨਿੰਦਰ ਸਿੰਘ ਪੁਲਿਸ ਮੁਕਾਬਲੇ ਵਿਚ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਪਹਿਲਾਂ ਮਾਨਸਾ ਦੇ ਨੇੜੇ ਪਿੰਡ ਭੈਣੀ ਬਾਘਾ ਵਿਖੇ 10 ਫਰਵਰੀ ਨੂੰ ਮੁਲਜ਼ਮ ਜਸਦੇਵ ਸਿੰਘ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਸੀ। ਇਸ ਸਾਲ ਦਾ ਪਹਿਲਾ ਮੁਕਾਬਲਾ 2 ਫਰਵਰੀ ਨੂੰ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜੱਜਾਂ ਨੇੜੇ ਮੁਲਜ਼ਮ ਸਰਬਜੀਤ ਸਿੰਘ ਅਤੇ ਸੁਨੀਲ ਮਸੀਹ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਣ ਸਮੇਂ ਹੋਇਆ ਦੱਸਿਆ ਗਿਆ ਸੀ।
ਪੰਜਾਬ ਪੁਲਿਸ ਵਲੋਂ ਪੁਲਿਸ ਮੁਕਾਬਲਿਆਂ ਨਾਲ ਸੰਬੰਧਿਤ ਐਫ.ਆਈ.ਆਰ. ਦੀ ਇਬਾਰਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ, ਕਿਉਂਕਿ ਪੰਜਾਬ ਪੁਲਿਸ ਦਾ ਫ਼ਰਜ਼ੀ ਮੁਕਾਬਲਿਆਂ ਦਾ ਲੰਬਾ ਇਤਿਹਾਸ ਰਿਹਾ ਹੈ। ਪੰਜਾਬ ਨੇ ਉਹ ਦਿਨ ਵੀ ਦੇਖੇ ਹਨ, ਜਦੋਂ ਹਜ਼ਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਲਾਵਾਰਸ ਕਹਿ ਕੇ ਸਾੜ ਦਿੱਤੀਆਂ ਗਈਆਂ ਸਨ। ਭਾਰਤ ਸਰਕਾਰ ਦਾ ਨਵਾਂ ਬੀ.ਐਨ.ਐਸ. ਕਾਨੂੰਨ ਮੁਲਜ਼ਮਾਂ ਨੂੰ ਬਾਹਰ ਲਿਜਾਣ ਸਮੇਂ ਵੀਡੀਓ ਬਣਾਉਣ ਦੀ ਹਦਾਇਤ ਕਰਦਾ ਹੈ, ਕੀ ਪੰਜਾਬ ਸਮੇਤ ਦੇਸ਼ ਦੀ ਪੁਲਿਸ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੀ ਹੈ? ਸਵਾਲ ਤਾਂ ਇਹ ਵੀ ਉਠਦਾ ਹੈ ਕਿ 1-2 ਮੁਲਜ਼ਮ ਪੁਲਿਸ ਟੁਕੜੀ 'ਤੇ ਹਮਲਾ ਕਰਨ ਦਾ ਹੌਂਸਲਾ ਕਿਵੇਂ ਕਰ ਸਕਦੇ ਹਨ। ਦੂਜਾ ਸਵਾਲ ਕਿ ਪੁਲਿਸ ਵਲੋਂ ਮੁਲਜ਼ਮ ਨੂੰ ਬਰਾਮਦਗੀ ਲਈ ਲਿਜਾਣ ਵਾਲੇ ਰਸਤੇ ਦੀ ਸੂਹ ਪਹਿਲਾਂ ਹੀ ਕਿਵੇਂ ਲੀਕ ਹੋ ਜਾਂਦੀ ਹੈ?
ਪੰਜਾਬ ਵਿਚ ਹੋ ਰਹੇ ਪੁਲਿਸ ਮੁਕਾਬਲਿਆਂ ਦਾ ਹੁਣ ਜਨਤਕ ਵਿਰੋਧ ਵੀ ਹੋਣ ਲੱਗ ਪਿਆ ਹੈ। ਇਸ ਸੰਬੰਧੀ ਰਿਪੋਰਟ ਉਸ ਵੇਲੇ ਸਾਹਮਣੇ ਆਈ, ਜਦੋਂ ਕੁਝ ਦਿਨ ਪਹਿਲਾਂ ਤਪਾ ਵਿਖੇ ਕਿਸਾਨਾਂ ਸਮੇਤ ਕਈ ਜਥੇਬੰਦੀਆਂ ਨੇ ਜਬਰ ਵਿਰੋਧੀ ਇਕੱਠ ਸੱਦਿਆ ਸੀ। ਇਸੇ ਇਕੱਠ ਦੌਰਾਨ ਬੁਲਾਰਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅੰਦਰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਤੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ. ਪੀ.ਐਸ.ਗਿੱਲ ਦੀ ਰੂਹ ਦਾਖਲ ਹੋ ਜਾਣ ਦੇ ਦੋਸ਼ ਲਾਏ ਸਨ। ਪਰ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਜੋ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਅਕਸਰ ਬਿਆਨਬਾਜ਼ੀ ਕਰਦੀਆਂ ਹਨ, ਉਨ੍ਹਾਂ 'ਚੋਂ ਕਿਸੇ ਨੇ ਵੀ ਕਦੇ ਪੁਲਿਸ ਮੁਕਾਬਲਿਆਂ ਦਾ ਮੁੱਦਾ ਨਹੀਂ ਚੁੱਕਿਆ। ਇਹ ਸਿਆਸੀ ਪਾਰਟੀਆਂ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸੜਕਾਂ 'ਤੇ ਆਉਣ ਦੀ ਬਜਾਏ ਸਿਰਫ਼ ਅਖ਼ਬਾਰਾਂ ਤੇ ਟੀ.ਵੀ ਚੈਨਲਾਂ ਦੀਆਂ ਸੁਰਖੀਆਂ ਤੱਕ ਹੀ ਸੀਮਤ ਰਹਿੰਦੀਆਂ ਹਨ। ਇਹ ਪੁਲਿਸ ਮੁਕਾਬਲੇ ਅਸਲੀ ਹੋਣ ਜਾਂ ਫ਼ਰਜ਼ੀ, ਜਾਨ ਆਮ ਲੋਕਾਂ ਦੀ ਜਾਵੇ ਜਾਂ ਪੁਲਿਸ ਮੁਲਾਜ਼ਮਾਂ ਦੀ, ਪਰ ਮਰਦੇ ਪੰਜਾਬੀ ਹੀ ਹਨ।
ਮੈਂ ਇੱਥੇ ਪੰਜਾਬ ਦੇ ਇਕ ਸੇਵਾਮੁਕਤ ਅਫ਼ਸਰ ਵਲੋਂ ਸਾਂਝੀ ਕੀਤੀ ਸੱਚੀ ਕਹਾਣੀ ਦਾ ਜ਼ਿਕਰ ਕਰਨਾ ਚਾਹਾਂਗਾ। ਉਹ ਅਫ਼ਸਰ ਜਦੋਂ ਜਲੰਧਰ ਰੇਂਜ ਦਾ ਕਮਿਸ਼ਨਰ ਸੀ ਤਾਂ ਉਸ ਨੇ ਇਕ ਪੁਲਿਸ ਮੁਕਾਬਲਾ ਦੇਖਿਆ, ਜਿਸ ਦੌਰਾਨ ਦੋ ਪੁਲਿਸ ਮੁਲਾਜ਼ਮਾਂ ਦੇ ਹੱਥੋਂ ਗੋਲੀ ਮਾਰਨ ਤੋਂ ਪਹਿਲਾਂ ਪਿਸਤੌਲ ਧਰਤੀ 'ਤੇ ਡਿਗ ਗਏ ਸੀ। ਫਿਰ ਥਾਣੇ ਦਾ ਐਸ.ਐਚ.ਓ. ਦਾਰੂ ਦਾ ਪੈੱਗ ਲਾਉਣ ਤੋਂ ਬਾਅਦ ਨਿਸ਼ਾਨਾ ਵਿੰਨ੍ਹਦਾ ਹੈ। ਇਸ ਮੁਕਾਬਲੇ ਤੋਂ ਬਾਅਦ ਉਸ ਅਫ਼ਸਰ ਦੇ ਮਨ 'ਤੇ ਅਜਿਹਾ ਅਸਰ ਪਿਆ ਕਿ ਉਹ ਅਖ਼ਬਾਰ ਨੂੰ ਹੱਥ ਵਿਚ ਫੜਨ ਤੋਂ ਪਹਿਲਾਂ ਕਤਲ ਨਾਲ ਸੰਬੰਧਿਤ ਖ਼ਬਰਾਂ 'ਤੇ ਕੈਂਚੀ ਚਲਾਉਣ ਲਈ ਕਹਿ ਦਿੰਦਾ ਸੀ। ਇਸ ਘਟਨਾ ਤੋਂ ਪੁਲਿਸ ਮੁਲਾਜ਼ਮਾਂ ਦਾ ਮਾਨਵਵਾਦੀ ਪੱਖ ਸਾਹਮਣੇ ਆਉਂਦਾ ਹੈ, ਜੋ ਅਕਸਰ ਲੁਕਿਆ ਰਹਿ ਜਾਂਦਾ ਹੈ।
-ਮੋਬਾਈਲ : 9814734035