ਕਾਂਗਰਸ ਦੇ ਰਾਸ਼ਟਰੀ ਸੰਗਠਨ ਵਿਚ ਨਵੀਆਂ ਨਿਯੁਕਤੀਆਂ ਨਾਲ ਹਰਿਆਣੇ ਦੇ ਆਗੂਆਂ ਦੀ ਸੰਗਠਨਾਤਮਕ ਯੋਜਨਾ ਦੀ ਨਵੀਂ ਤਸਵੀਰ ਸਾਹਮਣੇ ਆਈ ਹੈ | ਅਖਿਲ ਭਾਰਤੀ ਕਾਂਗਰਸ ਕਮੇਟੀ 'ਚ ਹਰਿਆਣਾ ਦੇ ਕਈ ਨੇਤਾਵਾਂ ਨੂੰ ਰਾਸ਼ਟਰੀ ਸਕੱਤਰ ਬਣਾ ਕੇ ਵੱਖ-ਵੱਖ ਰਾਜਾਂ ਅਤੇ ਰਾਸ਼ਟਰੀ ਪੱਧਰ 'ਤੇ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਹਨ | ਇਸ ਵਾਰ ਇਨ੍ਹਾਂ ਨਿਯੁਕਤੀਆਂ ਦੀ ਖ਼ਾਸੀਅਤ ਸਿਰਫ਼ ਨੇਤਾਵਾਂ ਨੂੰ ਅਹੁਦੇ ਮਿਲਣਾ ਨਹੀਂ, ਸਗੋਂ ਚੋਣ ਦੀ ਬਦਲਦੀ ਹੋਈ ਪ੍ਰਕਿਰਿਆ ਵੀ ਹੈ | ਰਾਸ਼ਟਰੀ ਸਕੱਤਰਾਂ ਦੇ ਚੋਣ ਕਰਨ ਸਮੇਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਆਗੂ ਪਿ੍ਅੰਕਾ ਗਾਂਧੀ ਨੇ ਖ਼ੁਦ ਇੰਟਰਵਿਊ ਲਏ ਸਨ | ਰਾਜ ਵਾਰ ਦਾਅਵੇਦਾਰਾਂ ਦੀ ਸੂਚੀ ਮੰਗਵਾਉਣ ਅਤੇ ਜਾਤੀਗਤ ਸਮੀਕਰਣਾਂ ਅਤੇ ਸਾਰੇ ਨੇਤਾਵਾਂ ਦੇ ਸੰਗਠਨਾਤਮਕ ਅਨੁਭਵ ਦਾ ਆਂਕਲਣ ਕਰਨ ਤੋਂ ਬਾਅਦ ਹੀ ਨਾਵਾਂ 'ਤੇ ਆਖ਼ਰੀ ਮੋਹਰ ਲਗਾਈ ਗਈ ਹੈ | ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਡਾ. ਵਿਨੀਤ ਪੂਨੀਆ ਨੂੰ ਲਗਾਤਾਰ ਤੀਜੀ ਵਾਰੀ ਕਾਂਗਰਸ ਦਾ ਰਾਸ਼ਟਰੀ ਸਕੱਤਰ ਨਿਯੁਕਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਦੇ ਸੰਚਾਰ, ਪ੍ਰਚਾਰ ਤੇ ਮੀਡੀਆ ਵਿਭਾਗ ਦੇ ਨਾਲ-ਨਾਲ ਸੋਸ਼ਲ ਮੀਡੀਆ ਤੇ ਡਿਜੀਟਲ ਮੀਡੀਆ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ | ਉਨ੍ਹਾਂ ਤੋਂ ਇਲਾਵਾ ਸੋਨੀਪਤ ਜ਼ਿਲ੍ਹੇ ਦੇ ਪ੍ਰਦੀਪ ਨਰਵਾਲ ਨੂੰ ਵੀ ਰਾਸ਼ਟਰੀ ਸਕੱਤਰ ਬਣਾਇਆ ਗਿਆ ਹੈ, ਉਹ ਉੱਤਰ ਪ੍ਰਦੇਸ਼ ਦੇ ਸਹਿ ਇੰਚਾਰਜ ਰਹਿ ਚੁੱਕੇ ਹਨ ਤੇ ਉਹ ਹੁਣ ਬਿਹਾਰ ਕਾਂਗਰਸ ਦੇ ਸਹਿ ਇੰਚਾਰਜ ਹਨ | ਜਦੋਂ 2021 ਵਿਚ ਉਨ੍ਹਾਂ ਨੂੰ ਪਹਿਲੀ ਵਾਰ ਕਾਂਗਰਸ ਦਾ ਰਾਸ਼ਟਰੀ ਸਕੱਤਰ ਬਣਾਇਆ ਗਿਆ ਸੀ ਤਾਂ ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੇ ਉਹ ਸਭ ਤੋਂ ਨੌਜਵਾਨ ਆਗੂਆਂ ਵਿਚ ਸ਼ਾਮਿਲ ਸਨ |

ਸੋਨੀਆ ਵਲੋਂ ਸ਼ੈਲਜਾ ਦੀ ਪ੍ਰਸੰਸਾ
ਕਾਂਗਰਸ ਦੀ ਸਾਬਕਾ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀ ਆਤਮਕਥਾ 'ਬਿਲਾਂਗਿੰਗ-ਏ-ਜਰਨੀ ਆਫ਼ ਲਵ' ਵਿਚ ਕਾਂਗਰਸ ਦੀ ਰਾਸ਼ਟਰੀ ਸਕੱਤਰ ਤੇ ਹਰਿਆਣਾ ਦੇ ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨਾਲ ਆਪਣੇ ਨਜ਼ਦੀਕੀ ਸੰਬੰਧਾਂ ਤੇ ਰਾਜਨੀਤਕ ਯਾਤਰਾਵਾਂ ਦੇ ਅਨੁਭਵਾਂ ਨੂੰ ਖ਼ਾਸ ਤੌਰ 'ਤੇ ਜਗ੍ਹਾ ਦਿੱਤੀ ਹੈ | ਇਹ ਕਿਤਾਬ ਅੱਜਕੱਲ੍ਹ ਰਾਜਨੀਤਕ ਗਲਿਆਰਿਆਂ ਵਿਚ ਕਾਫੀ ਚਰਚਾ 'ਚ ਹੈ | ਆਪਣੀ ਕਿਤਾਬ ਵਿਚ ਸੋਨੀਆ ਗਾਂਧੀ ਵਲੋਂ ਕੁਮਾਰੀ ਸ਼ੈਲਜਾ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਨ ਨਾਲ ਸ਼ੈਲਜਾ ਦਾ ਗਾਂਧੀ ਪਰਿਵਾਰ ਨਾਲ ਗਹਿਰਾ ਰਿਸ਼ਤਾ ਜੱਗ ਜ਼ਾਹਿਰ ਹੋ ਗਿਆ ਹੈ ਤੇ ਉਸ ਦਾ ਸਿਆਸੀ ਰੁਤਬਾ ਵੀ ਵਧ ਗਿਆ ਹੈ | ਕਿਤਾਬ ਦੇ ਪੰਨਾ 413 'ਤੇ ਸੋਨੀਆ ਗਾਂਧੀ ਨੇ ਸ਼ੈਲਜਾ ਦੀ ਕਾਰਜਸ਼ੈਲੀ, ਉਸ ਦੇ ਸਹਿਯੋਗੀ ਸੁਭਾਅ ਤੇ ਹਰਿਆਣਾ ਦੇ ਵੱਡੇ ਕਾਂਗਰਸੀ ਪਰਿਵਾਰ ਨਾਲ ਸੰਬੰਧਿਤ ਹੋਣ ਦਾ ਜ਼ਿਕਰ ਕਰਦਿਆਂ ਉਸ ਪ੍ਰਤੀ ਆਪਣੀ ਸਕਾਰਾਤਮਕ ਰਾਇ ਜ਼ਾਹਿਰ ਕੀਤੀ ਹੈ | ਸੋਨੀਆ ਗਾਂਧੀ ਨੇ ਲਿਖਿਆ ਹੈ ਕਿ ਕੁਮਾਰੀ ਸ਼ੈਲਜਾ ਹਮੇਸ਼ਾ ਉਸ ਦਾ ਹੌਸਲਾ ਵਧਾਉਂਦਿਆਂ ਮਦਦਗਾਰ ਰਹੀ ਹੈ | ਸੋਨੀਆ ਗਾਂਧੀ ਦੀ 544 ਪੰਨਿਆਂ ਅਤੇ 7 ਅਧਿਆਇ ਵਿਚ ਵੰਡੀ ਇਸ ਪੁਸਤਕ ਦੇ 6ਵੇਂ ਪਾਠ ਦਾ ਸਿਰਲੇਖ 'ਲੀਡਿੰਗ ਦੀ ਕਾਂਗਰਸ ਪਾਰਟੀ' ਹੈ | ਇਸ ਵਿਚ ਸੋਨੀਆ ਗਾਂਧੀ ਨੇ ਉਸ ਦੌਰ ਦਾ ਜ਼ਿਕਰ ਕੀਤਾ ਹੈ, ਜਦੋਂ ਉਹ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ ਲਈ ਦੇਸ਼ ਦੇ ਵੱਖ-ਵੱਖ ਰਾਜਾਂ- ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤੋਂ ਇਲਾਵਾ ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੀ ਲਗਾਤਾਰ ਯਾਤਰਾ ਕਰ ਰਹੀ ਸੀ ਤੇ ਇਸ ਦੌਰਾਨ ਕੁਮਾਰੀ ਸ਼ੈਲਜਾ ਵਧੇਰੇ ਸਮੇਂ ਉਸ ਦੇ ਨਾਲ ਰਹਿੰਦੀ ਸੀ | ਉਸ ਸਮੇਂ ਸ਼ੈਲਜਾ ਅੰਬਾਲਾ ਤੋਂ ਸੰਸਦ ਮੈਂਬਰ ਸੀ ਅਤੇ ਪੀ.ਵੀ. ਨਰਸਿਮ੍ਹਾ ਰਾਓ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਸੀ | ਸੋਨੀਆ ਗਾਂਧੀ ਲਿਖਦੀ ਹੈ ਕਿ ਉਨ੍ਹਾਂ ਦਾ ਸਮਾਂ ਦੇਰ ਰਾਤ ਤੱਕ ਕੰਮ ਕਰਨ ਤੇ ਅਗਲੀ ਸਵੇਰ ਜਲਦੀ ਫਿਰ ਤੋਂ ਕੰਮ ਸ਼ੁਰੂ ਕਰਨ ਵਿਚ ਗੁਜ਼ਰਦਾ ਸੀ | ਸੋਨੀਆ ਅਨੁਸਾਰ ਸੰਸਦ ਜਾਂ ਦਿੱਲੀ ਹੋਣ ਵਾਲੇ ਪ੍ਰੋਗਰਾਮਾਂ ਦੇ ਹਿਸਾਬ ਨਾਲ ਉਹ ਹਰ ਤੀਜੇ ਜਾਂ ਚੌਥੇ ਦਿਨ ਵਾਪਸ ਆਉਂਦੀ ਸੀ, ਰੁਝੇਵੇਂ ਭਰੇ ਤੇ ਥਕਾਨ ਵਾਲੇ ਪ੍ਰੋਗਰਾਮਾਂ ਵਿਚ ਸ਼ੈਲਜਾ ਦਾ ਸਾਥ ਉਸ ਲਈ ਸੁਖਦ ਤੇ ਰਾਹਤ ਦੇਣ ਵਾਲਾ ਸੀ | ਇਕ ਵਾਰ ਜਦੋਂ ਸੋਨੀਆ ਗਾਂਧੀ ਬਹੁਤ ਬਿਮਾਰ ਹੋ ਗਈ ਸੀ, ਤਾਂ ਸ਼ੈਲਜਾ ਹੀ ਪੂਰਾ ਸਮਾਂ ਉਸ ਦੇ ਨਾਲ ਹਸਪਤਾਲ ਵਿਚ ਮੌਜੂਦ ਰਹੀ ਸੀ |
ਯੋਗੀ ਤੇ ਬਾਗੜੀ ਵੀ ਰਾਸ਼ਟਰੀ ਸਕੱਤਰ ਬਣੇ
ਯੋਗੇਂਦਰ ਯੋਗੀ ਤੇ ਮਨੋਜ ਬਾਗੜੀ ਪਹਿਲੀ ਵਾਰ ਕਾਂਗਰਸ ਦੇ ਰਾਸ਼ਟਰੀ ਸਕੱਤਰ ਬਣੇ ਹਨ, ਜਦਕਿ ਸੁਭਾਸ਼ਿਣੀ ਯਾਦਵ ਨੂੰ ਦੂਜੀ ਵਾਰ ਇਹ ਜ਼ਿੰਮੇਵਾਰੀ ਮਿਲੀ ਹੈ | ਮਰਹੂਮ ਸਮਾਜਵਾਦੀ ਨੇਤਾ ਸ਼ਰਦ ਯਾਦਵ ਤੇ ਡਾਕਟਰ ਰੇਖਾ ਯਾਦਵ ਦੀ ਬੇਟੀ ਸੁਭਾਸ਼ਿਣੀ ਦਾ ਵਿਆਹ ਜਨਤਾ ਦਲ-ਯੂ ਹਰਿਆਣਾ ਦੇ ਸਾਬਕਾ ਪ੍ਰਧਾਨ ਕਮਲਵੀਰ ਸਿੰਘ ਦੇ ਪੁੱਤਰ ਰਾਜਕਮਲ ਨਾਲ ਹੋਇਆ ਹੈ | ਉਹ ਗੁਜਰਾਤ ਕਾਂਗਰਸ ਦੀ ਇੰਚਾਰਜ ਰਹਿ ਚੁੱਕੀ ਹੈ ਤੇ ਬਿਹਾਰ ਦੀ ਬਿਹਾਰੀਗੰਜ ਸੀਟ ਤੋਂ ਚੋਣ ਵੀ ਲੜ ਚੁੱਕੀ ਹੈ | ਕਾਂਗਰਸ ਓ.ਬੀ.ਸੀ. ਦੇ ਰਾਸ਼ਟਰੀ ਕਨਵੀਨਰ ਤੇ ਝਾਰਖੰਡ ਦੇ ਇੰਚਾਰਜ ਰਹਿ ਚੁੱਕੇ ਯੋਗੇਂਦਰ ਯੋਗੀ ਨੂੰ ਮਹਾਰਾਸ਼ਟਰ ਲਈ ਰਾਸ਼ਟਰੀ ਸਕੱਤਰ ਬਣਾਇਆ ਗਿਆ ਹੈ | ਯੋਗੇਂਦਰ ਯੋਗੀ ਹਰਿਆਣਾ ਕੇਸਕਲਾ ਤੇ ਹੁਨਰ ਵਿਕਾਸ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਹਨ |
ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਓ.ਬੀ.ਸੀ ਸੰਗਠਨ 'ਚ ਕੰਮ ਕਰਨ ਤੇ ਝਾਰਖੰਡ ਕਾਂਗਰਸ ਦੇ ਇੰਚਾਰਜ ਵਜੋਂ ਕੰਮ ਕਰਨ ਦਾ ਤਜਰਬਾ ਹੈ, ਜੋ ਹੁਣ ਮਹਾਰਾਸ਼ਟਰ 'ਚ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ 'ਚ ਲਾਭਕਾਰੀ ਸਿੱਧ ਹੋਵੇਗਾ | ਹਰਿਆਣਾ ਕਾਂਗਰਸ ਅਨੁਸੂਚਿਤ ਜਾਤੀ ਸੈੱਲ ਦੇ ਪ੍ਰਧਾਨ ਮਨੋਜ ਬਾਗੜੀ ਨੂੰ ਵੀ ਕੌਮੀ ਸਕੱਤਰ ਬਣਾਇਆ ਗਿਆ ਹੈ | ਹਾਲਾਂਕਿ ਨਵੀਆਂ ਨਿਯੁਕਤੀਆਂ ਦੌਰਾਨ ਹਰਿਆਣਾ ਦੇ ਕੁੱਝ ਪੁਰਾਣੇ ਚਿਹਰਿਆਂ ਨੂੰ ਦੁਬਾਰਾ ਮੌਕਾ ਨਹੀਂ ਮਿਲਿਆ |
ਰਾਠੌਰ ਤੇ ਅਹਿਰੇ ਨੂੰ ਹਰਿਆਣਾ ਦੀ ਜ਼ਿੰਮੇਵਾਰੀ
ਇਸ ਵਾਰ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਦੇ ਦੀਪਕ ਰਾਠੌਰ ਤੇ ਮੁੰਬਈ ਮਹਾਰਾਸ਼ਟਰ ਦੇ ਸੁਨੀਲ ਅਹਿਰੇ ਨੂੰ ਰਾਸ਼ਟਰੀ ਸਕੱਤਰ ਨਿਯੁਕਤ ਕਰਕੇ ਉਨ੍ਹਾਂ ਨੂੰ ਹਰਿਆਣਾ ਦੀ ਜ਼ਿੰਮੇਵਾਰੀ ਸੌਂਪੀ ਹੈ | ਦੀਪਕ ਰਾਠੌਰ ਹਿਮਾਚਲ ਦੀ ਥਿਓਾਗ ਵਿਧਾਨ ਸਭਾ ਸੀਟ ਤੋਂ ਚੋਣ ਲੜ ਚੁੱਕੇ ਹਨ ਤੇ ਤੇਲੰਗਾਨਾ ਵਿਚ ਸੰਗਠਨ ਨਿਗਰਾਨ ਵਜੋਂ ਸੇਵਾ ਨਿਭਾਅ ਚੁੱਕੇ ਹਨ, ਜਦਕਿ ਸੁਨੀਲ ਅਹਿਰੇ ਰਾਸ਼ਟਰੀ ਪੱਧਰ 'ਤੇ ਕਾਂਗਰਸ ਦੇ ਬੁਲਾਰੇ ਰਹਿ ਚੁੱਕੇ ਹਨ | ਕਾਂਗਰਸ ਜਥੇਬੰਦਕ ਨਿਯੁਕਤੀਆਂ ਤਹਿਤ ਸੰਬੰਧਿਤ ਆਗੂਆਂ ਨੂੰ ਉਨ੍ਹਾਂ ਦੇ ਜੱਦੀ ਸੂਬੇ ਦੀ ਬਜਾਏ ਕਿਸੇ ਹੋਰ ਸੂਬੇ ਤੋਂ ਕੌਮੀ ਸਕੱਤਰ ਬਣਾਉਣ ਦੀ ਵਿਵਸਥਾ ਹੈ | ਹਰਿਆਣਾ ਤੋਂ ਕਾਂਗਰਸ ਦੇ ਕੌਮੀ ਸਕੱਤਰ ਬਣਨ ਲਈ ਦੋ ਦਰਜਨ ਤੋਂ ਵੱਧ ਆਗੂਆਂ ਨੇ ਇੰਟਰਵਿਊ ਦਿੱਤੀ ਸੀ |
ਇਨ੍ਹਾਂ ਵਿਚ ਡੱਬਵਾਲੀ ਦੇ ਸਾਬਕਾ ਵਿਧਾਇਕ ਅਮਿਤ ਸਿਹਾਗ, ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਸੁਧਾ ਭਾਰਦਵਾਜ, ਕਰਨਾਲ ਤੋਂ ਲੋਕ ਸਭਾ ਚੋਣ ਲੜ ਚੁੱਕੇ ਦਿਵਯਾਂਸ਼ੂ ਬੁੱਧੀਰਾਜਾ, ਕਰਨਾਲ ਕਾਂਗਰਸ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਵੈਦਿਆ, ਰਾਣੀਆ ਤੋਂ ਚੋਣ ਲੜ ਚੁੱਕੇ ਸਰਵਮਿਤਰ ਕੰਬੋਜ, ਸੋਹਾਣਾ ਤੋਂ ਚੋਣ ਲੜ ਚੁੱਕੇ ਰੋਹਤਾਸ਼ ਬੇਦੀ ਤੇ ਕਾਂਗਰਸ ਦੇ ਕੌਮੀ ਸਕੱਤਰ ਹਿੰਮਤ ਸਿੰਘ, ਕਾਂਗਰਸ ਸੇਵਾ ਦਲ ਦੀ ਸੂਬਾ ਪ੍ਰਧਾਨ ਪੂਨਮ ਚੌਹਾਨ, ਕਾਂਗਰਸ ਓ.ਬੀ.ਸੀ. ਵਿਭਾਗ ਦੇ ਰਾਸ਼ਟਰੀ ਸਕੱਤਰ ਰਹੇ ਅਨਿਲ ਸੈਣੀ, ਪਟੌਦੀ ਤੋਂ ਚੋਣ ਲੜ ਚੁੱਕੇ ਸੁਧੀਰ ਚੌਧਰੀ ਤੇ ਯੂਥ ਕਾਂਗਰਸ ਆਗੂ ਖੁਸ਼ਬੂ ਸ਼ਰਮਾ ਨੇ ਵੀ ਇਸ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ | ਨਵੀਆਂ ਨਿਯੁਕਤੀਆਂ ਵਿਚ ਸਭ ਤੋਂ ਅਹਿਮ ਪਹਿਲੂ ਚੋਣ ਪ੍ਰਕਿਰਿਆ 'ਚ ਕੇਂਦਰੀ ਲੀਡਰਸ਼ਿਪ ਦੀ ਸਿੱਧੀ ਸ਼ਮੂਲੀਅਤ ਨੂੰ ਮੰਨਿਆ ਜਾ ਰਿਹਾ ਹੈ | ਰਾਹੁਲ ਗਾਂਧੀ ਤੇ ਪਿ੍ਅੰਕਾ ਗਾਂਧੀ ਦੀ ਸਿੱਧੀ ਸ਼ਮੂਲੀਅਤ ਕਾਰਨ ਹਰਿਆਣਾ ਦੇ ਕਿਸੇ ਵੀ ਆਗੂ ਨੇ ਆਪਣੀ ਪਸੰਦ ਦੇ ਆਗੂ ਨੂੰ ਰਾਸ਼ਟਰੀ ਸਕੱਤਰ ਬਣਾਉਣ ਲਈ ਹਾਈਕਮਾਂਡ ਨੂੰ ਨਾਂਅ ਨਹੀਂ ਭੇਜਿਆ | ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਤੇ ਰਾਜ ਸਭਾ ਮੈਂਬਰ ਰਣਦੀਪ ਸੁਰਜੇਵਾਲਾ ਪਹਿਲਾਂ ਹੀ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਹਨ |
-ਵਿਸ਼ੇਸ਼ ਪ੍ਰਤੀਨਿਧੀ
ਮੋਬਾਈਲ - 98554-65946
ਈ-ਮੇਲ : ramsinghbrar@gmail.com